ਕੰਬਾਈਨ 'ਚੋਂ ਨਿਕਲੀ ਚੰਗਿਆੜੀ ਨਾਲ ਕਿਸਾਨਾਂ ਦੀ ਅੱਠ ਏਕੜ ਕਣਕ ਸੜ ਕੇ ਸੁਆਹ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 17 April 2018

ਕੰਬਾਈਨ 'ਚੋਂ ਨਿਕਲੀ ਚੰਗਿਆੜੀ ਨਾਲ ਕਿਸਾਨਾਂ ਦੀ ਅੱਠ ਏਕੜ ਕਣਕ ਸੜ ਕੇ ਸੁਆਹ

ਫਾਇਰ ਬ੍ਰਿਗੇਡ ਗੱਡੀਆਂ ਦੇਰੀ ਨਾਲ ਪਹੁੰਚਣ 'ਤੇ ਕਿਸਾਨਾਂ 'ਚ ਰੋਸ
ਤਲਵੰਡੀ ਸਾਬੋ, 17 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਹੱਦ ਦੇ ਨਾਲ ਲਗਦੇ ਹਰਿਆਣਾ ਦੇ ਪਿੰਡ ਸੂਰਤੀਆ ਦੇ ਦੋ ਕਿਸਾਨਾਂ ਦੀ ਕੰਬਾਈਨ 'ਚੋਂ ਨਿੱਕਲੀ ਚੰਗਿਆੜੀ ਨਾਲ ਅੱਠ ਏਕੜ ਕਣਕ ਸੜ ਕੇ ਸੁਆਹ ਗਈ। ਪਿੰਡ ਸੂਰਤੀਆ (ਹਰਿਆਣਾ) ਦੇ ਕਿਸਾਨ ਜਸਪਾਲ ਸਿੰਘ ਪੁੱਤਰ ਟਹਿਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸਨੇ ਗੋਲੇਵਾਲਾ ਪਿੰਡ ਵਾਲੇ ਪਾਸੇ 6 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ ਅਤੇ ਅੱਜ ਉਹ ਖੇਤ ਵਿੱਚ ਕੰਬਾਈਨ ਨਾਲ ਕਣਕ ਦੀ ਕਟਾਈ ਕਰ ਰਹੇ ਸਨ ਕਿ ਅਚਾਨਕ ਕੰਬਾਈਨ ਦੇ ਅੰਦਰੋਂ ਅੱਗ ਨਿੱਕਲਣ ਕਰਕੇ ਉਹਨਾਂ ਦੀ ਪੁੱਤਾਂ ਵਾਂਗ ਪਾਲ਼ੀ 6 ਏਕੜ ਕਣਕ ਸੜ ਕੇ ਸੁਆਹ ਹੋ ਗਈ। ਦੂਜੇ ਪਾਸੇ ਇਸੇ ਹੀ ਪਿੰਡ ਦੇ ਕਿਸਾਨ ਜਗਸੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਉਸਦਾ ਖੇਤ ਕਿਸਾਨ ਜਸਪਾਲ ਸਿੰਘ ਦੇ ਨਾਲ ਲਗਦਾ ਹੋਣ ਕਾਰਨ ਉਸਦੀ ਵੀ ਦੋ ਏਕੜ ਪੱਕੀ ਹੋਈ ਕਣਕ ਸੜ ਕੇ ਰਾਖ ਬਣ ਗਈ।
ਪੀੜਿਤ ਕਿਸਾਨਾਂ ਨੇ ਦੱਸਿਆ ਕਿ ਇਲਾਕੇ ਦੇ ਪਿੰਡਾਂ ਵਿੱਚ ਅਨਾਊਂਸਮੈਟ ਹੋਣ ਉਪਰੰਤ ਹੀ ਪਿੰਡ ਗੋਲੇਵਾਲਾ, ਨਥੇਹਾ, ਫੱਤਾ ਬਾਲੂ, ਕਲਾਲਵਾਲਾ ਅਤੇ ਸੂਰਤੀਆ ਆਦਿ ਪਿੰਡਾਂ ਦੇ ਲੋਕ ਟਰੈਕਟਰ, ਪਾਣੀ ਦੀਆਂ ਟੈਂਕੀਆਂ ਅਤੇ ਹੋਰ ਸਾਧਨ ਲੈ ਕੇ ਮੌਕੇ 'ਤੇ ਪਹੁੰਚ ਗਏ ਜਿਹਨਾਂ ਨੇ ਭਾਰੀ ਮੁੱਸ਼ਕਤ ਨਾਲ ਅੱਗ ਦੀਆਂ ਲਾਟਾਂ 'ਤੇ ਕਾਬੂ ਪਾਇਆ।
ਫਾਇਰ ਬ੍ਰਿਗੇਡ ਮਹਿਕਮੇ ਪ੍ਰਤੀ ਰੋਸ ਪ੍ਰਗਟ ਕਰਦਿਆਂ ਪੀੜਿਤਾਂ ਨੇ ਕਿਹਾ ਕਿ ਭਾਵੇਂ ਪਿੰਡਾਂ ਦੇ ਲੋਕਾਂ ਅਤੇ ਸੀਂਗੋ ਪੁਲਿਸ ਚੌਂਕੀ ਦੇ ਇੰਚਾਰਜ ਮੇਜਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਸੀ ਪ੍ਰੰਤੂ ਕਾਲਾਂਵਾਲੀ ਅਤੇ ਸਰਦੂਲਗੜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਤੋਂ ਕਾਫੀ ਸਮੇਂ ਬਾਅਦ ਪਹੁੰਚੀਆਂ। ਕਿਸਾਨਾਂ ਨੇ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ਸਿਰ ਪਹੁੰਚ ਜਾਂਦੀਆਂ ਤਾਂ ਉਹਨਾਂ ਦਾ ਭਾਰੀ ਨੁਕਸਾਨ ਹੋਣ ਤੋਂ ਬਚਾਅ ਹੋ ਜਾਣਾ ਸੀ।
ਇਸ ਸਬੰਧੀ ਜਦੋਂ ਮੀਡੀਆ ਨੇ ਫਾਇਰ ਬ੍ਰਿਗੇਡ ਕਾਲਾਂਵਾਲੀ ਦੇ ਕਰਮਚਾਰੀਆਂ ਤੋਂ ਦੇਰੀ ਨਾਲ ਪਹੁੰਚਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਰੇਲਵੇ ਫਾਟਕ ਲੱਗਿਆ ਹੋਣ ਕਾਰਨ ਕੁੱਝ ਦੇਰੀ ਹੋ ਗਈ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਕਣਕ ਦੀ ਕਟਾਈ ਦੇ ਸੀਜ਼ਨ ਦੌਰਾਨ ਫਾਇਰ ਬ੍ਰਿਗੇਡ ਮਹਿਕਮੇ ਨੂੰ ਕਸਬਾ ਰੋੜੀ ਅਤੇ ਸੀਂਗੋ ਮੰਡੀ ਵਿਖੇ ਅੱਗ ਬੁਝਾਊ ਗੱਡੀਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਕਿਸੇ ਅਣਸੁਖਾਵੀਂ ਘਟਨਾ ਤੇ ਜਲਦੀ ਕਾਬੂ ਪਾਇਆ ਜਾ ਸਕੇ।

No comments:

Post Top Ad

Your Ad Spot