ਸਮਾਰਟ ਸਿਟੀ ਸਕੀਮ ਤਹਿਤ ਵੱਡੇ ਪ੍ਰੋਜੌਕਟਾਂ ਨੂੰ ਹਰੀ ਝੰਡੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 9 April 2018

ਸਮਾਰਟ ਸਿਟੀ ਸਕੀਮ ਤਹਿਤ ਵੱਡੇ ਪ੍ਰੋਜੌਕਟਾਂ ਨੂੰ ਹਰੀ ਝੰਡੀ

ਸ਼ਹਿਰ ਦੀ ਨੁਹਾਰ ਬਦਲਣ ਲਈ ਇਨਾਂ ਪ੍ਰੋਜੈਕਟਾਂ 'ਤੇ ਜਲਦ ਹੋਵੇਗਾ ਕੰਮ ਸ਼ੁਰੂ
ਜਲੰਧਰ 9 ਅਪ੍ਰੈਲ (ਜਸਵਿੰਦਰ ਆਜ਼ਾਦ)- ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਦੀ ਨੁਹਾਰ ਬਦਲਣ ਲਈ ਸਿਟੀ ਲੈਵਲ ਐਡਵਾਇਜ਼ਰੀ ਫੋਰਮ ਵਲੋਂ ਹਰੀ ਝੰਡੀ ਮਿਲਣ ਉਪਰੰਤ ਕਈ ਵੱਡੇ ਪ੍ਰੋਜੈਕਟਾਂ 'ਤੇ ਜਲਦ ਕੰਮ ਸ਼ੁਰੂ ਹੋ ਜਾਵੇਗਾ। ਇਸ ਸਬੰਧੀ ਸਿਟੀ ਲੈਵਲ ਐਡਵਾਇਜ਼ਰੀ ਫੋਰਮ ਦੇ ਚੇਅਰਮੈਨ ਅਤੇ ਮੈਂਬਰ ਲੋਕ ਸਭਾ ਜਲੰਧਰ ਸ੍ਰੀ ਸੰਤੋਖ ਸਿੰਘ ਚੌਧਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਵਿਧਾਇਕ ਸ੍ਰੀ ਸੁਸੀਲ ਰਿੰਕੂ, ਸ੍ਰੀ ਰਾਜਿੰਦਰ ਬੇਰੀ ਅਤੇ ਬਾਵਾ ਹੈਨਰੀ, ਮੇਅਰ ਨਗਰ ਨਿਗਮ ਜਲੰਧਰ ਸ੍ਰੀ ਜਗਦੀਸ਼ ਰਾਜ ਰਾਜਾ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਕਮਿਸ਼ਨਰ ਨਗਰ ਨਿਗਮ ਡਾ.ਬਸੰਤ ਗਰਗ, ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਗੁਰਮੀਤ ਸਿੰਘ, ਸਮਾਰਟ ਸਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਵਿਸ਼ੇਸ਼ ਸਾਰੰਗਲ ਅਤੇ ਹੋਰ ਹਾਜਰ ਹੋਏ।
ਚਾਰ ਘੰਟੇ ਲੰਬੀ ਚੱਲੀ ਇਸ ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ ਸਰਕਾਰ ਦੀਆਂ 23 ਇਮਾਰਤਾਂ ਜਿਨਾਂ ਵਿੱਚ ਮਿਊਂਸੀਪਲ ਕਾਰਪੋਰੇਸ਼ਨ, ਜ਼ਿਲਾ ਪ੍ਰਸ਼ਾਸਕੀ ਕੰਪਲੈਕਸ, ਸਿਵਲ ਹਸਪਤਾਲ, ਸਪੋਰਟਸ ਕਾਲਜ, ਦਫ਼ਤਰ ਜਲੰਧਰ ਵਿਕਾਸ ਅਥਾਰਟੀ, ਪੁਲਿਸ, ਲਾਈਨ, ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੌਜੀ, ਸਰਕਾਰੀ ਐਜੂਕੇਸ਼ਨ ਕਾਲਜ ਆਫ ਐਜੂਕੇਸ਼ਨ ਲਾਡੋਵਾਲੀ ਰੋਡ ਅਤੇ ਹੋਰ ਸ਼ਾਮਿਲ ਹਨ ਵਿਖੇ ਸੋਲਰ ਪੈਨਲ ਲਗਾ ਕੇ 17000 ਕਿਲੋਵਾਟ ਬਿਜਲੀ ਪੈਦਾ ਕੀਤੀ ਜਾਵੇਗੀ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਅਜਿਹੇ ਸੋਲਰ ਪੈਨਲ ਸਥਾਨਕ ਦਾਣਾ ਮੰਡੀ, ਫ਼ਲ ਅਤੇ ਸਬਜ਼ੀ ਮੰਡੀ ਵਿਖੇ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਨੂੰ ਵੀ ਤਲਾਸ਼ਿਆ ਜਾਵੇਗਾ।   
ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਰੇਲਵੇ ਸਟੇਸ਼ਨ, ਮਾਡਲ ਟਾਊਨ, ਭਗਵਾਨ ਵਾਲਮੀਕਿ ਜੀ (ਜੋਤੀ ) ਚੌਕ ਅਤੇ ਬੱਸ ਸਟੈਂਡ ਵਿਖੇ ਬਹੁ-ਮੰਤਵੀ ਪਾਰਕਿੰਗ ਬਣਾਈ ਜਾਵੇਗੀ। ਇਹ ਵੀ ਫ਼ੈਸਲਾ ਲਿਆ ਗਿਆ ਕਿ ਅਜਿਹੇ ਬਹੁ-ਮੰਤਵੀ ਪਾਰਕਿੰਗ ਬਸਤੀ ਨੌ, ਮਾਈ ਹੀਰਾਂ ਗੇਟ ਵਿਖੇ ਵੀ ਬਣਾਈ ਜਾਵੇਗੀ ਜਿਸ ਨਾਲ ਸ਼ਹਿਰ ਦੇ ਅੰਦਰਲੇ ਅਤੇ ਤੰਗ ਖੇਤਰਾਂ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇਗਾ।
ਇਸੇ ਤਰਾਂ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸ਼ਹਿਰ ਦੀਆਂ ਪੰਜ ਪਾਰਕਾਂ ਨੂੰ ਸਮਾਰਟ ਬਣਾਉਣ ਲਈ ਕੰਮ ਬੇਅੰਤ ਸਿੰਘ ਪਾਰਕ, ਤੋਬਰੀ ਮੁਹੱਲਾ ਪਾਰਕ, ਅਰਬਨ ਅਸਟੇਟ ਫੇਜ਼-2 ਦੀ ਪਾਰਕ ਅਤੇ ਉਦਯੋਗਿਕ ਖੇਤਰ ਦੀ ਪਾਰਕ ਤੋਂ ਇਲਾਵਾ ਅਰਬਨ ਅਸਟੇਟ ਦੀ ਟੰਕੀਵਾਲਾ ਪਾਰਕ 'ਤੇ ਕੰਮ ਸੁਰੂ ਕਰ ਦਿੱਤਾ ਜਾਵੇ। ਮੀਟਿੰਗ ਵਿੱਚ ਇਸ ਗੱਲ 'ਤੇ ਵੀ ਸਹਿਮਤੀ ਬਣੀ ਕਿ ਇਨਾਂ ਪਾਰਕਾਂ ਨੂੰ ਵੱਖ-ਵੱਖ ਮੰਤਵਾਂ ਲਈ ਵਿਕਸਿਤ ਕੀਤਾ ਜਾਵੇ। ਇਨਾਂ ਪਾਰਕਾਂ ਵਿਖੇ ਹਰਬਲ ਅਤੇ ਛਾਂਦਾਰ ਦਰਖੱਤ ਲਗਾਏ ਜਾਣ।
ਸਿਟੀ ਲੈਵਲ ਐਡਵਾਇਜ਼ਰੀ ਫੋਰਮ ਵਲੋਂ ਇਕ ਹੋਰ ਮਸਲੇ 'ਤੇ ਬੋਲਦਿਆਂ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਫਲਾਈ ਓਵਰ ਪੁਲਾਂ ਹੇਠ ਆਉਂਦੇ ਖੇਤਰ ਨੂੰ ਇਸ ਸਕੀਮ ਅਧੀਨ ਸੁੰਦਰ ਬਣਾਇਆ ਜਾਵੇ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸ਼ਹਿਰ ਦੇ ਨਾਲ-ਨਾਲ ਲੰਘਦੀ 4.8 ਕਿਲੋਮੀਟਰ ਨਹਿਰ ਨੂੰ ਹੋਰ ਸੁੰਦਰ ਬਣਾਇਆ ਜਾਵੇ। ਇਸ ਪ੍ਰੋਜੈਕਟ ਤਹਿਤ ਨਹਿਰ ਦੇ ਦੋਨੋ ਪਾਸੇ ਨੂੰ ਮਜਬੂਤ ਬਣਾਉਣ ਦੇ ਨਾਲ-ਨਾਲ ਇਸ ਉਤੇ ਸਾਈਕਲਿੰਗ ਤੇ ਐਥਲੈਟਿਕ ਟਰੈਕ ਵੀ ਬਣਾਏ ਜਾਣਗੇ।
ਇਕ ਹੋਰ ਮਸਲੇ 'ਤੇ ਰੇਲਵੇ ਵਿਭਾਗ ਵਲੋਂ ਯਾਤਰੀਆਂ ਦੀ ਸਹੂਲਤ ਲਈ ਕਾਜ਼ੀ ਮੰਡੀ ਵਾਲੇ ਪਾਸੇ ਤੋਂ ਇਕ ਹੋਰ ਗੇਟ ਬਣਾਉਣ ਅਤੇ ਮੇਨ ਗੇਟ ਤੋਂ ਅਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਵੀ ਆਖਿਆ ਗਿਆ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸਟੇਸ਼ਨ ਦੀ ਨੁਹਾਰ ਨੂੰ ਹੋਰ ਵੀ ਬਦਲਿਆ ਜਾਵੇ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸਟੇਸ਼ਨ ਦੇ ਨਾਲ ਲੋਕਾਂ ਦੀ ਸਹੂਲਤ ਲਈ ਹੋਰ ਫੁੱਟ ਓਵਰ ਬ੍ਰਿਜ ਬਣਾਏ ਜਾਣ ਅਤੇ ਸੀਨੀਅਰ ਸਿਟੀਜ਼ਨਾਂ ਦੀ ਸਹੂਲਤ ਲਈ ਲਿਫ਼ਟ ਲਗਾਈ ਜਾਵੇ। ਮੀਟਿੰਗ ਵਿੱਚ ਇਸ ਗੱਲ 'ਤੇ ਵੀ ਸਹਿਮਤੀ ਬਣੀ ਕਿ ਸਟੇਸ਼ਨ 'ਤੇ ਸੀ.ਸੀ.ਟੀ.ਵੀ.ਕੈਮਰੇ ਲਗਾਉਣ ਤੋਂ ਇਲਾਵਾ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆ ਲਈ ਪਖਾਨੇ ਵੀ ਬਣਾਏ ਜਾਣ।
ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ 59,456 ਵਾਹਨ ਰੋਜ਼ਾਨਾ ਮਹਾਂਵੀਰ ਮਾਰਗ ਤੋਂ ਹੋ ਕੇ ਜਾਂਦੇ ਹਨ ਜਿਨਾਂ ਦੀ ਅਵਾਜਾਈ ਸੁਚਾਰੂ ਬਣਾਉਣ 'ਤੇ ਜ਼ੋਰ ਦਿੱਤਾ ਗਿਆ। ਂਇਹ ਵੀ ਫ਼ੈਸਲਾ ਕੀਤਾ ਗਿਆ ਕਿ ਪੀ.ਏ.ਪੀ.ਤੋਂ ਕਪੂਰਥਲਾ ਚੌਕ ਤੱਕ ਟਰੈਫਿਕ ਲਾਈਟਾਂ ਦਾ ਸਮੁੱਚਾ ਆਧੁਨੀਕਰਨ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਆਉਣ ਵਾਲੇ ਯਾਤਰੀਆਂ ਲਈ ਸੁਚਾਰੂ ਟਰੈਫਿਕ ਸਿਗਨਲ ਮੁਹੱਈਆ ਕਰਵਾਇਆ ਜਾ ਸਕੇ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਲੋਕਾਂ ਦੀ ਸਹੂਲਤ ਲਈ ਇਸ ਰਸਤੇ 'ਤੇ ਮਿੰਨੀ ਸਿਟੀ ਬੱਸ ਸੇਵਾ ਸੁਰੂ ਕੀਤੀ ਜਾਵੇ।

No comments:

Post Top Ad

Your Ad Spot