ਕਣਕ ਦੀ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਕੀਤਾ ਹਾਈਵੇਅ ਜਾਮ, ਡੀ ਸੀ ਬਠਿੰਡਾ ਨੇ ਖੁਦ ਪਹੁੰਚ ਕੇ ਕਰਵਾਈ ਖਰੀਦ ਸ਼ੁਰੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 18 April 2018

ਕਣਕ ਦੀ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਕੀਤਾ ਹਾਈਵੇਅ ਜਾਮ, ਡੀ ਸੀ ਬਠਿੰਡਾ ਨੇ ਖੁਦ ਪਹੁੰਚ ਕੇ ਕਰਵਾਈ ਖਰੀਦ ਸ਼ੁਰੂ

ਤਲਵੰਡੀ ਸਾਬੋ, 18 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਵਿਖੇ ਪਿਛਲੇ 10 ਦਿਨਾਂ ਤੋਂ ਕਣਕ ਦੀ ਖਰੀਦ ਨਾ ਹੋਣ ਕਰਕੇ ਕਿਸਾਨਾਂ ਨੇ ਤਲਵੰਡੀ ਸਾਬੋ-ਬਠਿੰਡਾ ਹਾਈਵੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।
ਜਾਮ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਅਪ੍ਰੈਲ ਤੋ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਪ੍ਰਬੰਧ ਪੂਰੇ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਪਿੰਡ ਚੱਠੇਵਾਲਾ ਵਿਖੇ ਪਿੰਡ ਦੇ ਕਿਸਾਨ ਪਿਛਲੇ 10 ਦਿਨਾਂ ਤੋਂ ਆਪਣੀ ਛੇ ਮਹੀਨੇ ਦੀ ਮਿਹਨਤ ਨਾਲ ਪਾਲ਼ੀ ਕਣਕ ਦੀ ਫਸਲ ਨੂੰ ਵੇਚਣ ਲਈ ਬੈਠੇ ਹੋਏ ਹਨ ਪਰ ਕਿਸੇ ਵੀ ਅਧਿਕਾਰੀ ਨੇ ਮੰਡੀ ਵਿੱਚ ਆ ਕੇ ਕਿਸਾਨਾਂ ਦੀ ਸਾਰ ਨਹੀਂ ਲਈ।
ਉਹਨਾਂ ਦੱਸਿਆ ਕਿ ਕਈ ਵਾਰ ਕਿਸਾਨ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵੀ ਮਿਲੇ ਸਨ ਪਰ ਉਹਨਾਂ ਨੇ ਵੀ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਦਿੱਤਾ। ਕਿਸਾਨ ਆਗੂ ਗੰਗਾ ਸਿੰਘ ਚੱਠੇਵਾਲਾ, ਬਲਬੀਰ ਸਿੰਘ ਜੋਧਪੁਰ ਪਾਖਰ, ਜੈਮਲ ਸਿੰਘ ਸੀਂਗੋ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀ ਕਣਕ ਦੀ ਬੋਲੀ ਸ਼ੁਰੂ ਨਹੀਂ ਕੀਤੀ ਜਾਂਦੀ ਓਨਾਂ ਸਮਾਂ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਜਦੋ ਕਿ ਸ਼ਾਮ ਸਮੇ ਆਖਰਕਾਰ ਪ੍ਰਸ਼ਾਸ਼ਨ ਨੇ ਕਿਸਾਨਾਂ ਦੇ ਰੋਸ ਅੱਗੇ ਝੁਕਦੇ ਹੋਏ ਚੱਠੇਵਾਲਾ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਵਾ ਦਿੱਤੀ। ਖਰੀਦ ਸ਼ੁਰੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਬਠਿੰਡਾ ਖੁਦ ਪੁੱਜੇ ਜਿੰਨ੍ਹਾਂ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਨਾ ਆਉਣ ਦੇਣ ਦਾ ਭਰੋਸਾ ਦਿੱਤਾ।
ਇਥੇ ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਖਰੀਦ ਏਜੰਸੀ ਐਫ. ਸੀ. ਆਈ. ਦੇ ਇੰਸਪੈਕਟਰ ਮੰਡੀ ਵਿੱਚ ਕਣਕ ਦੀ ਬੋਲੀ ਲਗਾਉਣ ਪੁੱਜੇ ਤਾਂ ਉਹਨਾਂ ਇੱਕ ਢੇਰੀ ਦੀ ਬੋਲੀ ਲਗਾ ਕੇ ਬਾਕੀ ਵਿੱਚ ਨਮੀ ਜਿਆਦਾ ਹੋਣ ਕਰਕੇ ਕਣਕ ਦੀ ਬੋਲੀ ਲਗਾਉਣ ਤੋਂ ਇਨਕਾਰ ਦਿੱਤਾ ਜਿਸ ਕਰਕੇ ਭੜਕੇ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕਰਦੇ ਹੋਏ ਇੰਸਪੈਕਟਰ ਦਾ ਘਿਰਾਓ ਕਰ ਲਿਆ ਸੀ ਪ੍ਰੰਤੂ ਬਾਅਦ ਵਿੱਚ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਕਿਸਾਨਾਂ ਨੂੰ ਅਗਲੇ ਦਿਨ ਕਣਕ ਦੀ ਖਰੀਦ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਉਕਤ ਇੰਸਪੈਕਟਰ ਛੱਡਿਆ ਗਿਆ ਸੀ।

No comments:

Post Top Ad

Your Ad Spot