ਬਾਬਾ ਬੰਨੂਆਣਾ ਜੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 3 April 2018

ਬਾਬਾ ਬੰਨੂਆਣਾ ਜੀ

ਮਤ ਸਹਿਲ ਹਮੇ ਜਾਣੋ, ਫਿਰਤਾ ਹੈ ਫ਼ਲਕ ਬਰਸੋਂ
ਤਬ ਖਾਕ ਕੇ ਪਰਦੇ ਸੇ ਇਨਸਾਨ ਨਿਕਲਤੇ ਹੈਂ
ਪਾਕਿਸਤਾਨ ਬਣਨ ਤੋਂ ਪਹਿਲਾਂ ਭਾਈ ਬੰਨੋ ਜਿਹੜੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਹੁਤ ਨੇੜਲੇ ਸੇਵਕ ਸਨ ਅਤੇ ਜਿਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ ਬੰਨਵਾਉਣ ਲਈ ਲਾਹੌਰ ਭੇਜਿਆ ਸੀ। ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਲਦ ਵੀ ਬੰਨਵਾਈ ਤੇ ਇਸਦਾ ਉਤਾਰਾ ਵੀ ਕੀਤਾ, ਜਿਸ ਕਰਕੇ ਗੁਜਰਾਂਵਾਲਾ ਦੇ ਇਲਾਕੇ ਵਿੱਚ ਭਾਈ ਬੰਨੋ ਦੀ ਬੜੀ ਸਿੱਖੀ ਸੇਵਕੀ ਸੀ। ਸ. ਬਨੂੰਆਣਾ ਜੀ ਭਾਈ ਬੰਨੋ ਦੀ ਵੰਸ਼ ਵਿਚੋਂ ਸਨ ਅਤੇ ਉਹਨਾਂ ਦੇ ਗੱਦੀ ਨਾਸ਼ੀਨ ਵੀ।
ਪਾਕਿਸਤਾਨ ਬਣਨ ਤੋਂ ਬਾਅਦ ਹਾਲਾਤ ਨੇ ਪਲਟਾ ਖਾਧਾ ਤੇ ਕੋਇਲੇ ਦੀ ਭੱਠੀ ਤੋਂ ਆਪਣੇ ਕੰਮ ਦੀ ਸ਼ੁਰੂਆਤ ਕਰਕੇ ਭੁਜੰਗੀ ਸਭਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਸੀ ਵਿੱਚ ਸੇਵਾ ਕੀਤੀ। ਇਸਤੋਂ ਬਾਅਦ ਬੀ ਖਾਲਸਾ ਦਲ ਜਿਸਦੇ ਪ੍ਰਧਾਨ ਪ੍ਰਿੰਸੀਪਲ ਇਕਬਾਲ ਸਿੰਘ ਜੀ ਸਨ ਤੇ ਬਨੂੰਆਣਾ ਜੀ ਉਸਦੇ ਜਨਰਲ ਸੈਕਟਰੀ ਸੀ। ਮਾਸਟਰ ਤਾਰਾ ਸਿੰਘ ਜੀ ਨੇ ਇਹਨਾਂ ਦੀ ਵਿਦਵਤਾ ਅਤੇ ਕੰਮ ਤੋਂ ਪ੍ਰਭਾਵਿਤ ਹੋ ਕੇ ਆਪਣਾ ਨਿੱਜੀ ਸਕੱਤਰ ਬਣਾ ਲਿਆ। ਬੰਨੂਆਣਾ ਜੀ ਗੁਰਦਵਾਰਾ ਸਿੰੰਘ ਸਭਾ ਅੱਡਾ ਹੁਸ਼ਿਆਰਪੁਰ, ਜਲੰਧਰ ਦੇ ਜਨਰਲ ਸੈਕਟਰੀ ਰਹੇ। ਇਸ ਗੁਰਦਵਾਰੇ ਤੋਂ ਹੀ ਪੰਜਾਬੀ ਸੂਬੇ ਮੋਰਚੇ ਵਿੱਚ ਦਫ਼ਾ 44 ਤੋੜਣ ਕਰਕੇ ਕੈਦ ਹੋਏ। ਦੂਜੇ ਮੋਰਚੇ ਵਿੱਚ ਇਹ ਬਜ਼ਾਰ ਸ਼ੇਖਾਂ ਦੇ ਗੁਰਦਵਾਰੇ ਵਿਚੋਂ ਦਫਾ 44 ਤੋੜਦੇ ਹੋਏ ਗ੍ਰਿਫ਼ਤਾਰ ਹੋਏ। ਇਸ ਦੌਰਾਨ ਹੀ ਜਥੇਦਾਰ ਸੰਪੂਰਨ ਸਿੰਘ ਰਾਮਾ ਨੇ ਮਾਸਟਰ ਤਾਰਾ ਸਿੰਘ ਦੇ ਨਾਲ ਇਤਕਲਾਫ਼ ਦੀ ਵਜਾ ਕਰਕੇ ਆਪਣਾ ਨਵਾਂ ਅਕਾਲੀ ਦਲ ਬਣਾ ਲਿਆ। ਪੈਪਸੂ ਪਟਿਆਲਾ ਨੇ ਇਸ ਦਲ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ। ਉਸ ਵਕਤ ਬੰਨੂਆਣਾ ਜੀ ਜਥੇਦਾਰ ਰਾਮਾ ਦਾ ਅਖਬਾਰ ਜਗਤ ਸਿੰਘ ਪਲਾਹੀ ਨਾਲ ਮਿਲ ਕੇ ਪਲਾਹੀ ਤੋਂ ਛਾਪਦੇ ਰਹੇ। ਇਹਨਾਂ ਦੀਆਂ ਲਿਖਤਾਂ ਪੰਜਾਬੀ ਦੇ ਸਾਰੇ ਅਖ਼ਬਾਰ ਪ੍ਰਭਾਤ, ਅਕਾਲੀ ਪੱਤ੍ਰਿਕਾ, ਅਜੀਤ, ਨਵਾਂ ਜ਼ਮਾਨਾ ਆਦਿ ਵਿੱਚ ਛਪਦੇ ਸਨ।
ਰੋਜੀ ਰੋਟੀ ਕਮਾਉਣ ਲਈ ਇਹ ਯੂਨੀਵਰਸਲ ਕਾਲਜ ਵਿੱਚ ਗਿਆਨੀ ਦੀ ਕਲਾਸ ਨੂੰ ਪੜਉਂਦੇ ਸੀ। ਸਾਧੂ ਸਿੰਘ ਹਮਦਰਦ ਇਹਨਾਂ ਨੂੰ ਅਜੀਤ ਅਖ਼ਬਾਰ ਵਿੱਚ ਲੈ ਗਏ। ਪਰ ਇਹਨਾਂ ਨੇ ਜਲਦੀ ਹੀ ਅਜੀਤ ਦੀ ਨੌਕਰੀ ਛੱਡ ਦਿੱਤੀ। ਜਦੋਂ ਕਾਰਣ ਪੁੱਛਿਆ ਤਾਂ ਉਹਨਾਂ ਦਾ ਜੁਆਬ ਸੀ,“ਦੋਸਤੀ ਤੇ ਨੌਕਰੀ ਇਕੱਠੀਆਂ ਨਹੀਂ ਰਹਿ ਸਕਦੀਆਂ। ਮੈਂ ਦੋਸਤੀ ਤੋਂ ਨੌਕਰੀ ਤਾਂ ਕੁਰਬਾਨ ਕਰ ਸਕਦਾ ਹਾਂ ਪਰ ਨੌਕਰੀ ਦੀ ਖਾਤਰ ਦੋਸਤੀ ਦੀ ਬਲੀ ਨਹੀਂ ਦੇ ਸਕਦਾ”। ਅਜੀਤ ਤੋਂ ਬਾਅਦ ਉਹ ਨਵਾਂ ਜ਼ਮਾਨਾ ਅਖ਼ਬਾਰ ਵਿੱਚ ਕੰਮ ਕਰਨ ਲੱਗੇ। ਸੁਰਜਨ ਜੀਰਵੀ, ਕ੍ਰਿਸ਼ਨ ਭਾਰਦਵਾਜ ਅਤੇ ਬੰਨੂਆਣਾ ਜੀ ਨਵਾਂ ਜ਼ਮਾਨਾ ਅਖ਼ਬਾਰ ਦੇ ਥੰਮ ਮੰਨੇ ਜਾਂਦੇ ਸਨ। ਉਸ ਸਮੇਂ ਇਹ ਕਮਿਊਨਿਸਟ ਪਾਰਟੀ ਦਾ ਅਖ਼ਬਾਰ ਸੀ ਅਤੇ ਇਸਦਾ ਐਡੀਟੋਰੀਅਲ ਕਾ. ਜੋਸ਼, ਕਾ. ਮਲਹੋਤਰਾ ਅਤੇ ਕਾ. ਆਨੰਦ ਲਿਖਦੇ ਸਨ। ਪਾਰਟੀ ਦੇ ਪੇਪਰ ਛੱਡਣ ਤੋਂ ਬਾਅਦ 'ਨਵਾਂ ਜ਼ਮਾਨਾ' ਅਖ਼ਬਾਰ ਦਾ ਐਡੀਟੋਰੀਅਲ ਬੰਨੂਆਣਾ ਜੀ ਨੇ ਲਿਖਣਾ ਸ਼ੁਰੂ ਕਰ ਦਿੱਤਾ। ਉਹ ਸਿਰਫ਼ ਪੱਤਰਕਾਰ ਹੀ ਨਹੀਂ ਸੀ ਸਗੋਂ ਪ੍ਰੈਸ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਪੱਤਰਕਾਰ ਯੂਨੀਅਨਾਂ ਵਿੱਚ ਕੰਮ ਕਰਦੇ ਸੀ ਅਤੇ ਵੱਖ ਵੱਖ ਜਥੇਬੰਦੀਆਂ ਨੂੰ ਇਕ ਪਲੇਟਫਾਰਮ 'ਤੇ ਲਾਮਬੰਦ ਕਰਨ ਲਈ ਤਤਪਰ ਰਹਿੰਦੇ ਸਨ। ਮੈਂ ਉਸ ਵਕਤ ਟੈਲੀਕਾਮ ਮਹਿਕਮੇ ਵਿੱਚ ਨੌਕਰੀ ਕਰਦੀ ਸੀ ਅਤੇ ਉਹਨਾਂ ਦੀ ਪ੍ਰੇਰਣਾ ਨਾਲ ਹੀ ਮੈਂ ਟਰੇਡ ਯੂਨੀਅਨ ਵਿੱਚ ਆਈ ਸੀ। ਉਹਨਾਂ ਨੇ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਸੈਂਟਰ ਲੱਧੇਵਾਲੀ ਵਿੱਚ ਸ੍ਰੀਮਤੀ ਸ. ਸ. ਮੀਸ਼ਾ ਦੀ ਮੱਦਦ ਨਾਲ ਪੱਤਰਕਾਰੀ ਵਿਭਾਗ ਸ਼ੁਰੂ ਕਰਵਾਇਆ। ਜੋ ਹੁਣ ਤਕਰੀਬਨ ਸਾਰੇ ਕਾਲਜਾਂ ਵਿੱਚ ਚੱਲ ਰਿਹਾ ਹੈ।
ਆਪਣਾ ਕੰਮ ਉਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਜਿਆਦਾ ਪਿਆਰਾ ਸੀ। ਪੰਜਾਬ ਦੇ ਕਾਲੇ ਦੌਰ ਵਿੱਚ ਪੰਜਾਬ ਦੇ ਡੀ.ਜੀ.ਪੀ. ਰਬੈਰੋ ਦੇ ਖਿਲਾਫ਼ ਇਹਨਾਂ ਦੇ ਲਿਖੇ ਇੱਕ ਲੇਖ ਦੀ ਲਾਈਨ ਸੰਪਾਦਕ ਨੇ ਕੱਟ ਦਿੱਤੀ। ਜਦੋਂ ਅਗਲੇ ਦਿਨ ਛਪਿਆ ਆਰਟੀਕਲ ਪੜਿਆਂ ਤਾਂ ਰੋਜ਼ੀ ਰੋਟੀ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਵਿਚਾਰਾਂ 'ਤੇ ਪਹਿਰਾ ਦਿੰਦਿਆਂ ਅਖ਼ਬਾਰ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹਨਾਂ ਕਦੇ ਜਨਰਲਿਸਟ ਹੋਣ ਦਾ ਨਜਾਇਜ ਫਾਇਦਾ ਲੈਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਬੰਨੂਆਣਾ ਜੀ ਦੇ ਸਿਆਸੀ ਵਿਚਾਰ ਕਦੇ ਵੀ ਸਮਾਜਿਕ ਰਿਸ਼ਤਿਆਂ ਵਿੱਚ ਰੁਕਾਵਟ ਨਹੀਂ ਬਣੇ, ਇਸੇ ਕਰਕੇ  ਵੱਖ ਵੱਖ ਪਾਰਟੀਆਂ ਦੇ ਰਾਜਨੀਤਕਾਂ ਨਾਲ ਉਹਨਾਂ ਦਾ ਵਧੀਆ ਮੇਲ ਮਿਲਾਪ ਸੀ ਤੇ ਉਹ ਸਭ ਨਾਲ ਵਿਚਾਰ ਵਟਾਂਦਰਾ ਕਰਦੇ ਸਨ।
ਨਵਾਂ ਜ਼ਮਾਨਾ ਛੱਡਣ ਤੋਂ ਬਾਅਦ ਉਹਨਾਂ ਨੇ ਆਪਣਾ ਸਾਰਾ ਧਿਆਨ ਦੇਸ਼ ਭਗਤ ਯਾਦਗਾਰ ਹਾਲ ਵਿੱਚ ਇਤਿਹਾਸ ਦੀ ਖੋਜ ਵਿੱਚ ਲਗਾ ਦਿੱਤਾ। ਸਭ ਤੋਂ ਪਹਿਲਾਂ ਇਹਨਾਂ ਨੇ 'ਗ਼ਦਰੀ ਗੂੰਜਾਂ' ਛਾਪੀਆ। ਉਹ ਲਾਲਾ ਹਰਦਿਆਲ ਦੀਆਂ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਸਨ। ਲਾਲਾ ਹਰਦਿਆਲ ਨੇ ਜਾਤ ਪਾਤ, ਬ੍ਰਾਹਮਣਵਾਦ ਅਤੇ ਔਰਤਾਂ ਬਾਰੇ ਜੋ ਲੇਖ ਲਿਖੇ ਉਹ ਸਾਰੇ ਲੇਖ ਬੰਨੂਆਣਾ ਜੀ ਨੇ 'ਨਵੇਂ ਜ਼ਮਾਨੇ ਦੇ ਨਵੇਂ ਆਦਰਸ਼' ਨਾਂ ਦੀ ਕਿਤਾਬ ਦੇ ਰੂਪ ਵਿੱਚ ਛਪਵਾਏ। ਉਹਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਦਨ ਲਾਲ ਢੀਂਗਰਾ ਦੀ ਬਰਸੀ ਮਨਾਈ ਅਤੇ ਉਸ ਬਾਰੇ ਇਕ ਪੈਂਫਲਿਟ ਵੀ ਲਿਖਿਆ।
ਜਦੋਂ ਸਰਕਾਰ ਨੇ ਕਾਮਾਗਾਟਾਮਾਰੂ ਲਹਿਰ ਨੂੰ ਆਜ਼ਾਦੀ ਲਹਿਰ ਦਾ ਹਿੱਸਾ ਮੰਨਣ ਤੋਂ ਇਨਕਾਰ ਕੀਤਾ ਤਾਂ ਇਹਨਾਂ ਨੇ ਇਕ ਪੈਂਫਲਿਟ 'ਇਤਿਹਾਸ ਬੋਲਦਾ' ਹੈ ਲਿਖਿਆ, ਜਿਸ ਨੂੰ ਪੜ ਕੇ ਲੋਕਾਂ ਵਿੱਚ ਰੋਹ ਪੈਦਾ ਹੋਇਆ ਅਤੇ ਕਾ. ਡਾਂਗ ਦੀ ਅਗਵਾਈ ਵਿੱਚ ਅੰਮ੍ਰਿਤਸਰ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਨੇ ਬਾਜਪਾਈ ਅਤੇ ਅਡਵਾਨੀ ਦੇ ਆਉਣ 'ਤੇ ਮੁਜਾਹਰਾ ਕੀਤਾ ਤਾਂ ਬੰਨੂਆਣਾ ਜੀ ਖਾਸ ਤੌਰ 'ਤੇ ਚੰਡੀਗੜ ਤੋਂ ਮੁਜ਼ਾਹਰੇ ਵਿੱਚ ਸ਼ਾਮਿਲ ਹੋਣ ਲਈ ਆਏ ਅਤੇ ਆਪਣੀ ਗ੍ਰਿਫ਼ਤਾਰੀ ਵੀ ਦਿੱਤੀ।
ਇਹਨਾਂ ਨੇ ਕਾ. ਐਨ. ਕੇ. ਜੋਸ਼ੀ, ਕਾ. ਹਰਦਿਆਲ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਹਾਲ ਅੰਦਰ ਸੈਮੀਨਾਰ ਤੇ ਸਪੋਜ਼ੀਅਮ ਆਰਗੇਨਾਈਜ਼ ਕੀਤੇ। ਜਦੋਂ ਮੇਲਾ ਗ਼ਦਰੀ ਬਾਬਿਆਂ ਦਾ ਸ਼ੁਰੂ ਹੋਇਆ ਤਾਂ ਮੇਲੇ ਦੇ ਪ੍ਰੇਰਨਾ ਸਰੋਤ ਬੰਨੂਆਣਾ ਜੀ ਸਨ। ਔਰਤਾਂ ਦੇ ਹੱਕ ਲਈ ਅਤੇ ਸਮਾਜ ਦੇ ਹਰ ਖੇਤਰ ਵਿੱਚ ਉਸਦੀ ਬਰਾਬਰਤਾ ਦੀ ਗੱਲ ਉਹ ਬੜੇ ਜੋਸ਼ ਨਾਲ ਕਰਦੇ।
ਉਹਨਾਂ ਦੀ ਪੀੜੀ ਦੇ ਪੱਤਰਕਾਰ ਉਹਨਾਂ ਨੂੰ ਪੱਤਰਕਾਰੀ ਦਾ 'ਬਾਬਾ ਬੋਹੜ' ਕਹਿੰਦੇ ਸਨ। ਜਦੋਂ ਜਲੰਧਰ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਬਣੀ ਤਾਂ ਬੰਨੂਆਣਾ ਜੀ ਇਸਦੇ ਜਨਰਲ ਸਕੱਤਰ ਚੁਣੇ ਗਏ। ਇਹਨਾਂ ਨੇ ਤੇਰਾ ਸਿੰਘ ਚੰਨ ਨਾਲ ਮਿਲ ਕੇ ਪੰਜਾਬ ਦੇ ਵਿੱਚ ਬਹੁਤ ਥਾਵਾਂ 'ਤੇ ਲੇਖਕ ਸਭਾਵਾਂ ਬਣਾਈਆ। ਪੰਜਾਬੀ ਭਾਸ਼ਾ ਕਨਵੈਨਸ਼ਨ ਰਾਹੀਂ ਪੰਜਾਬੀ ਤੇ ਪੰਜਾਬੀਅਤ ਦੀ ਉਹਨਾਂ ਬਹੁਤ ਸੇਵਾ ਕੀਤੀ। ਉਹਨਾਂ ਨੇ ਪੱਤਰਕਾਰਾਂ ਦੀ ਬਹੁਤ ਪਨੀਰੀ ਤਿਆਰ ਕੀਤੀ। ਅੱਜ ਉਹਨਾਂ ਦੇ ਦੇ ਲਾਏ ਬੂਟੇ ਵੱਖ ਵੱਖ ਅਖ਼ਬਾਰੀ ਅਦਾਰਿਆਂ ਵਿੱਚ ਵੱਡੀਆਂ ਜਿੰਮੇਵਾਰੀਆਂ ਨਿਭਾ ਰਹੇ ਹਨ।
ਮਾਣ ਨਾਲ ਸਿਰ ਉਚਾ ਹੋ ਜਾਂਦਾ ਹੈ ਜਦੋਂ ਉਹਨਾਂ ਦੀ ਮੌਤ ਤੋਂ 10 ਸਾਲ ਬਾਅਦ ਵੀ ਉਹਨਾਂ ਦੇ ਪ੍ਰਸੰਸਕ ਸਤਨਾਮ ਸਿੰਘ ਮਾਣਕ (ਜਨਰਲ ਸਕੱਤਰ, ਪੰਜਾਬ ਜਗ੍ਰਿਤੀ ਮੰਚ), ਡਾ. ਲਖਵਿੰਦਰ ਜੌਹਲ (ਪ੍ਰਧਾਨ ਪੰਜਾਬ ਪ੍ਰੈਸ ਕਲੱਬ ਜਲੰਧਰ) ਅਤੇ ਹੋਰ ਪੱਤਰਕਾਰ ਮਿਲ ਕੇ ਉਹਨਾਂ ਦੀ ਯਾਦ ਵਿੱਚ ਸਮਾਗਮ ਕਰ ਰਹੇ ਹਨ ਅਤੇ ਪੱਤਰਕਾਰਾਂ ਦਾ ਸਨਮਾਨ ਕਰਦੇ ਹਨ। ਮੈਂ ਇਹਨਾਂ ਸਾਰੇ ਪੱਤਰਕਾਰ ਸਾਥੀਆਂ 'ਤੇ ਆਸ ਰੱਖਦੀ ਹਾਂ ਕਿ ਉਹ ਬੰਨੂਆਣਾ ਜੀ ਦੀ ਪੱਤਰਕਾਰਤਾ ਵਿਚ ਨਿਭਾਈ ਭੂਮਿਕਾ ਨੂੰ ਜ਼ਿੰਦਾ ਰੱਖਣਗੇ ਅਤੇ ਲੋਕਾਂ ਦੀ ਆਵਾਜ਼ ਬਣਕੇ ਕੰਮ ਕਰਨਗੇ।
-ਹਰਬੀਰ ਕੌਰ ਬੰਨੂਆਣਾ, 9417434085

No comments:

Post Top Ad

Your Ad Spot