ਬਲਾਤਕਾਰ ਅਤੇ ਕਤਲੋਗਾਰਦ ਖਿਲਾਫ਼ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ਵਿੱਚ ਮੋਮਬੱਤੀ ਮਾਰਚ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 19 April 2018

ਬਲਾਤਕਾਰ ਅਤੇ ਕਤਲੋਗਾਰਦ ਖਿਲਾਫ਼ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ਵਿੱਚ ਮੋਮਬੱਤੀ ਮਾਰਚ

ਜਲੰਧਰ 19 ਅਪ੍ਰੈਲ (ਜਸਵਿੰਦਰ ਆਜ਼ਾਦ)- ਮੁਲਕ ਅੰਦਰ ਤੇਜ਼ੀ ਨਾਲ ਵਾਪਰ ਰਹੀਆਂ ਬਲਾਤਕਾਰ, ਕਤਲੋਗਾਰਦ, ਬੇਪਤੀਆਂ ਅਤੇ ਵਿਸ਼ੇਸ਼ ਕਰਕੇ ਬੱਚੀਆਂ ਨੂੰ ਅਗਵਾ ਕਰਕੇ ਉਹਨਾਂ ਦੀ ਪੱਤ ਲੁੱਟਣ ਅਤੇ ਮਾਰ ਮੁਕਾਉਣ ਦੀਆਂ ਹਿਰਦੇਵੇਦਕ ਘਟਨਾਵਾਂ ਖਿਲਾਫ਼ ਤਿੱਖਾ ਰੋਸ ਪ੍ਰਗਟ ਕਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ਵਿੱਚ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ, ਜਲੰਧਰ ਲੇਖਕ ਸਭਾ, ਫੁਲਕਾਰੀ ਸੰਸਥਾ, ਸਾਹਿਤ ਕਲਾ ਕੇਂਦਰ, ਪੀਪਲਜ਼ ਵੁਆਇਸ, ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਸਟੂਡੈਂਟ ਫੈਡਰੇਸ਼ਨ, ਇਸਤਰੀ ਜਾਗ੍ਰਿਤੀ ਮੰਚ ਆਦਿ ਸੰਸਥਾਵਾਂ ਅਤੇ ਨਾਮਵਰ ਲੇਖਕਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਦੇਸ਼ ਭਗਤ ਯਾਦਗਾਰ ਹਾਲ ਅੰਦਰ ਬਣੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ 'ਤੇ ਜੁੜੇ ਇਕੱਠ ਵਿੱਚ ਔਰਤਾਂ ਨੇ ਵੀ ਪ੍ਰਭਾਵਸ਼ਾਲੀ ਸ਼ਮੂਲੀਅਤ ਕੀਤੀ। ਉਹਨਾਂ ਨੇ ਆਪਣੇ ਸਿਰਾਂ ਉਪਰ ਕਾਲੀਆਂ ਚੁੰਨੀਆਂ ਲਈਆਂ ਹੋਈਆਂ ਸਨ।
ਇਸ ਇਕੱਤਰਤਾ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਵਿਦਿਆਰਥੀ ਆਗੂ ਹਰਦੀਪ ਕੌਰ ਕੋਟਲਾ ਅਤੇ ਡਾ. ਜਗਜੀਤ ਸਿੰਘ ਚੀਮਾ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਠੋਸ ਤੱਥਾਂ ਸਹਿਤ ਕਿਹਾ ਕਿ ਵਾਪਰ ਰਹੀਆਂ ਘਟਨਾਵਾਂ ਕੋਈ ਸਧਾਰਣ ਵਰਤਾਰਾ ਨਹੀਂ। ਇਹ ਹਕੂਮਤੀ, ਗੁੰਡਾ ਅਨਸਰ ਅਤੇ ਪ੍ਰਸਾਸ਼ਨਿਕ ਗੱਠਜੋੜ ਦੀ ਮਿਲੀ ਭੁਗਤ ਦਾ ਪ੍ਰਮਾਣ ਹਨ। ਉਹਨਾਂ ਕਿਹਾ ਕਿ ਮੁਲਕ ਉਪਰ ਵਿਸ਼ੇਸ਼ ਕਿਸਮ ਦਾ ਫ਼ਿਰਕੂ ਫਾਸ਼ੀਵਾਦ ਠੋਸਣ ਲਈ ਅਜੇਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਜੋ ਆਪਣੇ ਸੌੜੇ ਹਾਕਮ ਜਮਾਤੀ ਮਨੋਰਥ ਹਾਸਲ ਕੀਤੇ ਜਾ ਸਕਣ।
ਹਾਲ ਵਿੱਚ ਹੋਈ ਇਕੱਤਰਤਾ ਅਤੇ ਹਾਲ ਤੋਂ ਪੰ. ਕਿਸ਼ੋਰੀ ਲਾਲ ਚੌਂਕ ਤੱਕ ਸ਼ਹਿਰ ਵਿੱਚ ਕੀਤੇ ਮਾਰਚ ਵਿੱਚ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਅਤੇ ਨਾਮਵਰ ਕਹਾਣੀਕਾਰ ਪ੍ਰੋ. ਵਰਿਆਮ ਸਿੰਘ ਸੰਧੂ, ਮੰਗਤ ਰਾਮ ਪਾਸਲਾ, ਚਰੰਜੀ ਲਾਲ ਕੰਗਣੀਵਾਲ, ਹਰਬੀਰ ਕੌਰ ਬੰਨੋਆਣਾ, ਦੇਵ ਰਾਜ ਨਯੀਅਰ, ਸੀਤਲ ਸਿੰਘ ਸੰਘਾ, ਬਲਬੀਰ ਕੌਰ ਬੁੰਡਾਲਾ ਤੋਂ ਇਲਾਵਾ ਦੇਸ ਰਾਜ ਕਾਲੀ, ਡਾ. ਸੈਲੇਸ਼, ਡਾ. ਸੁਰਜੀਤ ਜੱਜ, ਮਨਦੀਪ ਸਨੇਹੀ, ਹਰਮੇਸ਼ ਮਾਲੜੀ, ਡਾ. ਮੰਗਤ ਰਾਏ, ਕਸ਼ਮੀਰ ਘੁੱਗਸ਼ੋਰ, ਕੁਲਵਿੰਦਰ ਕੇਸਰ, ਮਨਜੀਤ ਕੇਸਰ, ਪ੍ਰੋ. ਗੋਪਾਲ ਸਿੰਘ ਬੁੱਟਰ, ਡਾ. ਮਹੇਸ਼ਵਰੀ, ਮੱਖਣ ਮਾਨ, ਤਸਕੀਨ, ਪ੍ਰੋ. ਵਾਹਦ ਤੋਂ ਇਲਾਵਾ ਹੋਰ ਬਹੁਤ ਸਾਰੇ ਲੇਖਕ ਤੇ ਪੱਤਰਕਾਰ ਸ਼ਾਮਲ ਸਨ।

No comments:

Post Top Ad

Your Ad Spot