ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਅਸਥੀ ਯਾਤਰਾ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਹੋਈ ਰਵਾਨਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 30 March 2018

ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਅਸਥੀ ਯਾਤਰਾ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਹੋਈ ਰਵਾਨਾ

ਤਿੰਨੇ ਤਖਤ ਸਾਹਿਬਾਨ ਦੇ ਦਰਸ਼ਨਾਂ ਉਪਰੰਤ ਅਸਥੀਆਂ ਕੀਰਤਪੁਰ ਸਾਹਿਬ ਕੀਤੀਆਂ ਜਾਣਗੀਆਂ ਜਲ ਪ੍ਰਵਾਹ
ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)- ਸਜਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਬੀਤੇ ਦਿਨ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਕੁਰਬਾਨ ਕਰ ਦੇਣ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਸਰਬੱਤ ਖਾਲਸਾ ਜਥੇਦਾਰਾਂ ਦੀ ਅਗਵਾਈ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਆਰੰਭੀ ਗਈ ਅਸਥੀ ਯਾਤਰਾ ਅੱਜ ਪਹਿਲੇ ਪੜਾਅ ਤਹਿਤ ਬੀਤੀ ਦੇਰ ਰਾਤ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਅੱਜ ਸਵੇਰੇ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਈ।
ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪੇ ਭਾਈ ਧਿਆਨ ਸਿੰਘ ਮੰਡ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਦੀ ਅਗਵਾਈ ਹੇਠ ਬੀਤੀ ਦੇਰ ਰਾਤ ਉਕਤ ਅਸਥੀ ਯਾਤਰਾ ਤਖਤ ਸ੍ਰੀ ਦਮਦਮਾ ਸਾਹਿਬ ਪੁੱਜੀ।ਉਕਤ ਯਾਤਰਾ ਵਿੱਚ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਧਰਮਪਤਨੀ ਬੀਬੀ ਜਸਵੀਰ ਕੌਰ, ਬੇਟਾ ਭਾਈ ਜੁਝਾਰ ਸਿੰਘ, ਭਰਾ ਭਾਈ ਜਰਨੈਲ ਸਿੰਘ ਤੇ ਪੋਤਰਾ ਭਾਈ ਅਭੈਜੀਤ ਸਿੰਘ ਵੀ ਸ਼ਾਮਿਲ ਸਨ।ਅੱਜ ਸਵੇਰੇ ਤਖਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਤਖਤ ਸਾਹਿਬ ਦੇ ਪ੍ਰਬੰਧਕਾਂ ਨੇ ਭਾਈ ਖਾਲਸਾ ਦੇ ਪਰਿਵਾਰ ਨੂੰ ਸਿਰੋਪਾਉ ਦੀ ਬਖਸ਼ਿਸ ਕੀਤੀ।ਬਾਅਦ ਵਿੱਚ ਯਾਤਰਾ ਵਿੱਚ ਸ਼ਾਮਿਲ ਸਿੱਖ ਆਗੂ ਅਸਥੀਆਂ ਲੈ ਕੇ ਅਗਲੇ ਪੜਾਅ ਲਈ ਰਵਾਨਾ ਹੋਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਮੰਡ ਅਤੇ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਸਮੇਂ ਤੋਂ ਆਰੰਭੇ ਸੰਘਰਸ਼ ਦੌਰਾਨ ਆਪਣਾ ਜੀਵਨ ਬਲੀਦਾਨ ਦੇ ਦਿੱਤਾ ਉੱਥੇ ਬਾਪੂ ਸੂਰਤ ਸਿੰਘ ਵੀ ਪਿਛਲੇ ਕਰੀਬ 300 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਪ੍ਰੰਤੂ ਅਜੇ ਤੱਕ ਸਰਕਾਰਾਂ ਦੇ ਕੰਨ ਤੇ ਜੂੰ ਤੱਕ ਨਹੀ ਸਰਕੀ। ਜਥੇਦਾਰ ਸਾਹਿਬਾਨ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਦੀ ਕੁਰਬਾਨੀ ਨੇ ਸਿੱਖ ਕੌਮ ਨੂੰ ਹਲੂਣਾ ਦਿੱਤਾ ਹੈ ਤੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਨੂੰ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਆਰੰਭਿਆ ਜਾਵੇਗਾ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਈ ਜਾ ਸਕੇ। ਜਥੇਦਾਰ ਸਾਹਿਬਾਨ ਨੇ ਇਸ ਗੱਲ ਤੇ ਰੋਸ ਪ੍ਰਗਟ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਸਥੀ ਯਾਤਰਾ ਦੇ ਆਉਣ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਉਹ ਅੱਜ ਯਾਤਰਾ ਵਿੱਚ ਸ਼ਾਮਿਲ ਹੋਣ ਅਤੇ ਭਾਈ ਖਾਲਸਾ ਦੇ ਪਰਿਵਾਰ ਨੂੰ ਸਨਮਾਨਿਤ ਕਰਨ ਦੀ ਵਜਾਏ ਸਵੇਰੇ ਹੀ ਇੱਥੋਂ ਕਿਧਰੇ ਚਲੇ ਗਏ ਜਦੋਂਕਿ ਉਨਾਂ ਨੇ ਅਖਬਾਰਾਂ ਵਿੱਚ ਬਿਆਨ ਤੱਕ ਦਿੱਤੇ ਸਨ ਕਿ ਭਾਈ ਖਾਲਸਾ ਦੀ ਸ਼ਹਾਦਤ ਨੂੰ ਅਜਾਈਂ ਨਹੀ ਜਾਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਹ ਕਿਸੇ ਧੜੇ ਵਿਸ਼ੇਸ ਦਾ ਨਹੀ ਸਗੋਂ ਕੌਮ ਦਾ ਪ੍ਰੋਗਰਾਮ ਸੀ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਵਿੱਚ ਸ਼ਾਮਿਲ ਹੋਣਾ ਚਾਹੀਦਾ ਸੀ।
ਅਸਥੀ ਯਾਤਰਾ ਇੱਕ ਵੱਡੇ ਕਾਫਲੇ ਸਮੇਤ ਅਗਲੇ ਪੜਾਅ ਲਈ ਰਵਾਨਾ ਹੋ ਗਈ।ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਯਾਤਰਾ ਪੁੱਜੇਗੀ ਤੇ ਦੋਵਾਂ ਤਖਤ ਸਾਹਿਬਾਨ ਦੇ ਦਰਸ਼ਨਾਂ ਉਪਰੰਤ ਅਸਥੀਆਂ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਪ੍ਰਬੰਧਕਾਂ ਨੇ ਦੱਸਿਆ ਕਿ ਉਕਤ ਯਾਤਰਾ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਡ ਅਕਾਲੀ ਦਲ, ਅਕਾਲੀ ਦਲ ਸੁਤੰਤਰ (1920), ਪੰਥਕ ਸੇਵਾ ਲਹਿਰ ਸਮੇਤ ਹੋਰ ਧਾਰਮਿਕ ਤੇ ਸਿਆਸੀ ਜਥੇਬੰਦੀਆਂ ਸ਼ਮੂਲੀਅਤ ਕਰ ਰਹੀਆਂ ਹਨ ਤੇ ਰਾਸਤੇ ਵਿੱਚ ਸੰਗਤਾਂ ਥਾਂ-ਥਾਂ ਭਾਈ ਖਾਲਸਾ ਦੀਆਂ ਅਸਥੀਆਂ ਨੂੰ ਪ੍ਰਣਾਮ ਕਰਨ ਲਈ ਪੁੱਜ ਰਹੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਥਕ ਸੇਵਾ ਲਹਿਰ ਦੇ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਲਾਲ ਸਿੰਘ ਭੀਖੀ ਵਾਲੇ, ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਪ੍ਰੋ. ਮਹਿੰਦਰਪਾਲ ਸਿੰਘ, ਭਾਈ ਹਰਭਜਨ ਸਿੰਘ ਕਸ਼ਮੀਰੀ, ਭਾਈ ਪਰਵਿੰਦਰ ਸਿੰਘ ਬਾਲਿਆਂਵਾਲੀ ਜਿਲ੍ਹਾ ਪ੍ਰਧਾਨ ਬਠਿੰਡਾ, ਭਾਈ ਗੁਰਚਰਨ ਸਿੰਘ ਕੋਟਲੀ, ਅਵਤਾਰ ਸਿੰਘ ਚੋਪੜਾ, ਰਾਜਿੰਦਰ ਸਿੰਘ ਜਵਾਹਰਕੇ, ਭਾਈ ਰਾਮ ਸਿੰਘ ਲੇਲੇਵਾਲਾ, ਗੋਰਾ ਸਿੰਘ ਮਾਹੀਨੰਗਲ ਆਦਿ ਆਗੂ ਹਾਜਰ ਸਨ।

No comments:

Post Top Ad

Your Ad Spot