ਔਰਤ : ਸ਼ਕਤੀ ਅਤੇ ਸਿਆਣਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 8 March 2018

ਔਰਤ : ਸ਼ਕਤੀ ਅਤੇ ਸਿਆਣਪ

ਨਾ ਜਾਣੇ ਕਿੰਨੇ ਹੀ ਵਿਦਵਾਨ, ਮੁਲਾਂ, ਕਾਜ਼ੀ ਅਤੇ ਪੰਡਤ ਔਰਤ ਨੂੰ ਧੁਰ ਅੰਦਰੋਂ ਜਾਣਨ ਦੇ ਦਾਅਵੇ ਕਰਦੇ ਹੋਏ ਬਿਆਨ-ਬਾਜ਼ੀ ਕਰਦੇ ਕਿ ਔਰਤ ਪੁਰਸ਼ ਦੇ ਮੁਕਾਬਲੇ ਹਰ ਖੇਤਰ ਵਿੱਚ ਕਮਜ਼ੋਰ ਹੈ। ਉਹਨਾਂ ਅੱਜ ਤੱਕ ਇਹ ਭਰਮ- ਭੁਲੇਖਿਆਂ ਵਿੱਚ ਪਾਈ ਰੱਖਿਆ ਕਿ ਸਮਾਜ ਪੁਰਸ਼ ਦਾ ਹੀ ਸਿਰਜਿਆ ਹੋਇਆ ਹੈ ਅਤੇ ਪੁਰਸ਼ ਪ੍ਰਧਾਨ ਸਮਾਜ ਵਿੱਚ ਔਰਤ ਸੰਜਮ ਅਤੇ ਸੰਕੋਚ ਵਰਗੇ ਗੁਣਾਂ ਨਾਲ ਲਬਰੇਜ਼ ਹੋਕੇ ਜੀਵਨ ਦੇ ਹਰ ਪੜਾਅ ਨੂੰ ਬਲਦੀ-ਪਿਘਲਦੀ ਮੋਮਬੱਤੀ ਦੀ ਤਰ੍ਹਾਂ ਸਰ ਕਰ ਲਵੇ।
ਇਹ ਪ੍ਰਚਾਰ ਅਜਿਹੀ ਪੱਧਰ ਤੱਕ  ਜਾ ਪਹੁੰਚਿਆ ਕਿ ਔਰਤ ਨੇ ਪੁਰਸ਼ ਵੱਲੋਂ ਸਿਰਜੇ ਗਏ ਗੁਲਾਮੀ ਦੇ ਨਵੇਂ ਰੂਪ ਭਾਵ ਕੁਰਬਾਨੀ, ਤਿਆਗ, ਉਡੀਕ, ਸੰਜਮ, ਸਹਿਨਸ਼ੀਲਤਾ ਆਦਿ ਨੁੰ ਜ਼ਿੰਮੇਵਾਰੀ ਅਤੇ ਸੁਹਿਰਦਤਾ ਨਾਲ ਆਪਣੇ ਕਲਾਵੇ ਵਿੱਚ ਲੈ ਲਿਆ। ਔਰਤ ਦਾ ਮਹੱਤਵ ਘਰ ਦੇ ਸੰਦਰਭ ਵਿੱਚ ਹੀ ਜਾਣਿਆ ਜਾਣ ਲੱਗਿਆ। ਇਸ ਤਰ੍ਹਾਂ ਅੱਕ ਦੇ ਬੀਜਾਂ ਵਰਗੀ ਸੋਚ ਰੱਖਣ ਵਾਲਾ ਪੁਰਸ਼ ਸਮਾਜ ਬਹੁਤ ਹੀ ਬਰੀਕ ਹਥਿਆਰਾਂ ਨਾਂਲ ਆਪਣੇ ਸ਼ੋਸ਼ਣ ਨੂੰ ਹੋਰ ਤਿੱਖਾ ਕਰਨ ਵਿੱਚ ਰੁੱਝ ਗਿਆ ਤੇ ਇਹ ਭੁੱਲ ਗਿਆ ਕਿ ਨਾਰੀ ਦਾ ਓਹੀ ਰੂਪ ਹੁੰਦਾ ਹੈ ਜੋ ਇੱਕ ਸੰਘਣੀ ਰਾਤ ਦਾ ਹੁੰਦਾ ਹੈ। ਇਹ ਰਾਤ ਮੱਠੀ-ਮੱਠੀ ਅੱਗ ਦੀ ਨਿਆਈ ਡੂੰਘੀਆਂ ਸਿਖਰਾਂ ਦਾ ਦੀਦਾਰ ਕਰਵਾਉਂਦੀ ਹੈ ਹੋਈ ਆਪਾ ਪ੍ਰਗਟਾਉਂਦੀ ਜ਼ਿੰਦਗੀ ਦਾ ਹੁਨਰ ਸਿਖਾਉਂਦੀ ਹੈ। ਹਨੇਰੇ ਤੋਂ ਚਾਨਣ ਵੱਲ ਦੀ ਤਾਂਘ ਰੱਖਦੀ ਹੋਈ ਸੰਕਟ ਨਾਲ ਨਜਿੱਠਣ, ਸੋਚ ਅਤੇ ਵਿਹਾਰ ਪੱਖੋਂ, ਉੱਚੇ ਹੋਣ ਦਾ ਉਤਸ਼ਾਹ ਪ੍ਰਗਟਾਉਂਦੀ ਹੈ। ਜਿੰਦਗੀ ਦੀ ਸੁਰ-ਤਾਲ ਸਿਰਜਦੀ ਹੋਈ ਸਮੁੱਚ ਵਿੱਚ ਸਾਗਰ ਹੋਣ ਦਾ ਸੁਨੇਹਾ ਦਿੰਦੀ ਹੈ।
ਸੰਕੀਰਣਤਾ ਵਾਲੀ ਸੋਚ ਰੱਖਣ ਵਾਲਾ ਮਰਦ ਰਾਤ ਦੇ ਮਹੱਤਵ ਨੂੰ ਜਾਣ ਹੀ ਨਹੀਂ ਸਕਿਆ ਜਾਂ ਇਉਂ ਕਹਿ ਲਵੋ ਕਿ ਉਸਨੇ ਜਾਣਨ ਦੀ ਕੋਸ਼ਿਸ਼ ਹੀ ਨਹੀ ਕੀਤੀ ਕਿ ਜੇਕਰ ਇੱਕ ਰਾਤ ਨਾ ਸੌਂਈਏ ਤਾਂ ਆਉਣ ਵਾਲੇ ਕੱਲ ਸਾਡਾ ਦੀ ਹਾਲ ਹੋਵੇਗਾ?
ਉਹ ਰਾਤ ਦੇ ਫ਼ਲਸਫੇy ਨੂੰ ਮਹਿਜ ਨੀਂਦ ਦੇ ਸੰਦਰਭ ਵਿੱਚ ਹੀ ਸਮਝ ਸਕਿਆ। ਕਾਸ਼! ਉਹ ਜਾਣ ਲੈਂਦਾ ਕਿ ਰਾਤ ਜਿਉਂ-ਜਿਉਂ ਗਹਿਰੀ ਹੁੰਦੀ ਜਾਂਦੀ ਹੈ, ਤਾਰਿਆਂ ਦਾ ਚਮਕਣਾ ਉਹਨਾਂ ਹੀ ਵੱਧਦਾ ਜਾਂਦਾ ਹੈ। ਇਹ ਸਾਰਾ ਕੁਝ ਇਹ ਔਰਤ ਪ੍ਰਤੀਤ ਕਰਵਾਉਂਦਾ ਹੈ ਕਿ ਮਰਦ ਸੁੱਤੇ-ਸਿਧ ਔਰਤ ਦੇ ਮੁਕਾਬਲੇ ਹਰ ਪੱਖੋਂ ਉਚੇਰਾ ਰੁਤਬਾ ਪਾਉਣ ਦਾ ਚਾਹਵਾਨ ਹੋਣ ਕਾਰਨ ਔਰਤ ਨੂੰ ਆਪਣੇ ਅਧੀਨ ਕਰਨ ਦੇ ਰਾਹ ਵਿੱਚ ਕਿਸੇ ਕਿਸਮ ਦੀ ਵਿਰੋਧਤਾ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ। ਉਸਦੇ ਅਜਿਹੇ ਵਿਚਾਰ ੋਇਸਤਰੀ ਕਬਜ਼ੇੋ ਦੀ ਭਾਵਨਾ ਮਰਦਾਨਵੀਂ ਸੋਚ ਦਾ ਧੁਰਾ ਬਣਦੇ ਗਏ ਤੇ ਔਰਤ ਲਈ ਵੱਡੀ ਸਮੱਸਿਆ।
ਹੁਣ ਸੋਚਣ ਵਾਲੀ ਗੱਲ ਇੱਥੇ ਇਹ ਹੈ ਕਿ ਅਜਿਹੀ ਸੋਚ ਰੱਖਣ ਵਾਲਾ ਮਰਦ ਆਪ ਹੀ ਅੰਦਰੋਂ ਗੁਲਾਮ ਹੈ, ਅਜਿਹੇ ਗੁਲਾਮ ਦੂਜਿਆਂ ਨੁੰ ਕਿਵੇਂ ਅਜ਼ਾਦ ਰਹਿਣ ਦੇ ਸਕਦੇ ਹਨ। ਇਸੇ ਕਾਰਨ ਔਰਤ, ਪੁਰਸ਼ ਵੱਲੋਂ ਅਪਣਾਏ ਹਰ ਗੁੰਝਲਦਾਰ ਆਡੰਬਰ ਵਿੱਚ ਪਰੂਚੀ ਗਈ ਤੇ ਉਸੇ ਵਿਚ ਹੀ ਗੁਆਚ ਗਈ।
ਜ਼ਿੰਦਗੀ ਦੇ ਵਿਸ਼ਾਲ ਸਾਗਰ ਦੀ ਵੰਨ-ਸੁਵੰਨਤਾ ਦੇ ਰੰਗਾਂ ਨਾਲ ਲਬਰੇਜ਼ ਸਮਾਂ ਆਪਣੀ ਚਾਲ ਚਲਦਾ ਗਿਆ। ਸਮੇਂ ਨੇ ਪੁਰਸ਼ ਨੂੰ ਮਜ਼ਬੂਰ ਕੀਤਾ ਤੇ ਪੁਰਸ਼ ਦੀ ਲੋੜ ਅਤੇ ਸੁਆਰਥ ਨੇ ਔਰਤ ਨੂੰ ਘਰ ਦੇ ਦਿਸਹੱਦਿਆਂ ਤੋਂ ਬਾਹਰ ਹੀ ਦੁਨੀਆਂ ਨਾਲ ਰੂ-ਬਰੂ ਕਰਵਾਉਣ ਨੂੰ ਔਰਤਾਂ ਦੇ ਅਜ਼ਾਦੀ ਸੰਗਰਾਮ ਦਾ ਨਾਂ ਦਿੱਤਾ ਤੇ ਕਿਹਾ, ਅਜ਼ਾਦੀ ਅਜੌਕੇ ਯੁੱਗ ਦਾ ਬੁਨਿਆਦੀ ਸੰਕਲਪ ਹੈ। ਹੋਇਆ ਇਉਂ ਕਿ ਪੁਰਸ਼ ਨੇ ਬਹੁਤ ਹੀ ਸੂਖਮ ਢੰਗ ਨਾਲ ਇਸਤਰੀ ਨੂੰ ਬਰਾਬਰ ਆਉਣ ਦਾ ਭਰਮ ਪਾ ਕੇ ਉਸਦਾ ਵਿਸ਼ਵਾਸ-ਪਾਤਰ ਬਣਨ ਵਿੱਚ ਕਤਈ ਦੇਰ ਨਾ ਲਾਈ।
ਔਰਤ ਨੇ ਘਰ ਦੀ ਚਾਰ-ਦੀਵਾਰੀ ਤੋਂ ਬਾਹਰ ਦੀ ਦੁਨੀਆਂ ਵੇਖਣੀ ਆਰੰਭ ਕਰ ਦਿੱਤੀ ਤੇ ਦਰਪੇਸ਼ ਆਈਆਂ ਨਵੀਆਂ ਸਮੱਸਿਆਵਾਂ ਨੂੰ ਨਜਿੱਠਣ ਵਿੱਚ ਰੁੱਝ ਗਈ। ਤਕਨਾਲੋਜੀ ਦੇ ਯੁੱਗ ਦਾ ਆਰੰਭ ਹੋ ਗਿਆ, ਵਿਦਿਆ ਦੇ ਪਸਾਰ ਨਾਲ ਨਾਰੀ ਪੂਰੇ ਸਿਦਕ ਅਤੇ ਵਿਸ਼ਵਾਸ ਨਾਲ ਆਪਣੀ ਅੰਦਰੂਨੀ ਸ਼ਕਤੀ ਅਤੇ ਸਿਆਣਪ ਨਾਲ ਹਰ ਸਥਿਤੀ ਤੇ ਕਾਬੂ ਪਾਉਣ ਲਈ ਆਪਣੇ ਵਜੂਦ ਨੂੰ ਤਿਆਰ ਕਰਨ ਲੱਗੀ। ਉਹ ਹੁਣ ਕਾਫ਼ਲਿਆਂ ਦੀ ਉਡੀਕ ਨਾ ਕਰਦੀ ਸਗੋਂ ਆਪਣਾ ਝੰਡਾ ਆਪ ਚੁੱਕ ਸੂਰਜ ਦੀ ਲੋਅ ਨੂੰ ਕਾਫ਼ਲਾ ਬਣਾ ਆਤਮ ਵਿਸ਼ਵਾਸ਼ ਸਿਰਜਦੀ ਹੋਈ ਪੁਰਾਣੇ ਵਿਚਾਰਾਂ ਨੁੰ ਦਰ-ਕਿਨਾਰ ਕਰਦੀ ਜਾ ਰਹੀ ਹੈ। ਔਰਤ ਦਾ ਆਤਮ-ਵਿਸ਼ਵਾਸ਼ ਭਲੀ-ਭਾਂ੧ਤ ਦੱਸ ਰਿਹਾ ਹੈ ਕਿ ਸਮਾਜ ਵਿੱਚ ਕੁਝ ਵੀ ਆਪੇ ਤਬਦੀਲ ਨਹੀਂ ਹੁੰਦਾ ਸਗੋਂ ਰਾਤ ਦੇ ਹਨੇਰਿਆਂ ਵਿੱਚ ਘਾਲੀਆਂ ਗਈਆਂ ਵੱਡੀਆਂ ਘਾਲਣਾਵਾਂ ਦੇ ਨਤੀਜੇ ਹਨ।
ਆਪਣੀ ਕਾਰਜ ਕੁਸ਼ਲਤਾ ਕਾਰਨ ਉਸਨੇ ਹਰ ਖੇਤਰ ਵਿੱਚ ਆਪਣੀ ਸਰਦਾਰੀ ਸਾਂਭ ਲਈ ਹੈ। ਇੱਥੇ ਇਹ ਦਾਅਵੇ ਨਾਲ ਕਹਾਂਗੀ ਕਿ ਇਹ ਸਰਦਾਰੀ ਪੁਰਸ਼ ਨੇ ਉਸਨੂੰ ਖੈਰਾਤ ਵਿੱਚ ਨਹੀਂ ਦਿੱਤੀ ਸਗੋਂ ਵਿਚਾਰਕ ਅਤੇ ਵਿਹਾਰਕ ਦੋਹਾਂ ਖੇਤਰਾਂ ਵਿੱਚ ਅਜਿਹੇ ਸਿਧਾਂਤ, ਨੇਮ, ਅਸੂਲ, ਵਿਧੀਆ, ਕਨੁੂੰਨ, ਢੰਗ, ਨੀਤੀਆਂ ਅਤੇ ਰਸਮਾਂ ਆਦਿ ਦਾ ਨਿਰਮਾਣ ਕਰਕੇ ਔਰਤ ਨੇ ਮਰਦ ਦੇ ਮਾਨਿਸਕ ਪੱਧਰ ਅਤੇ ਭਰਮ ਨੂੰ ਹੱਦ ਤੱਕ ਤੋੜਨ ਦਾ ਉਪਰਾਲਾ ਕੀਤਾ ਹੈ ਕਿ ਜੀਵਨ ਪਿੜ ਵਿੱਚ ਉਤਰਨ ਦੇ ਸਭ ਰਾਹ ਉਸਨੂੰ ਧੁੰਦਲੇ ਨਜ਼ਰ ਆਏ।
ਨਾਰੀ ਸ਼ਬਦ ਦਾ ਪ੍ਰਯੋਗ ਜੇਕਰ ਹੁਣ ਚੰਨ ਦੀ ਚਾਨਣੀ ਦੇ ਸੰਦਰਭ ਵਿੱਚ ਕਰ ਲਈਏ ਤਾਂ ਕੋਈ ਦੂਜੀ ਰਾਇ ਨਹੀਂ ਹੋਵੇਗੀ ਕਿ ਅਨੁਭਵ ਅਤੇ ਗਿਆਨ ਦੀ ਸਿਖਰ ਤੇ ਪਹੁੰਚ ਕੇ ਵੀ ਉਸ ਅੰੰੰੰੰੰਦਰ ਸਹਿਜ ਅਤੇ ਸ਼ਾਂਤੀ ਦਾ ਸੰਗਮ ਅਤੇ ਆਕਰਸ਼ਣ ਹੈ ਜਿੱਥੇ ਪਹੁੰਚ ਕੇ ਭਟਕਣ, ਤਲਾਸ਼ ਅਤੇ ਬੇਚੈਨੀ ਸੌਂ ਜਾਂਦੀ ਹੈ।
ਡੂੰਘੇ ਸ਼ਬਦਾਂ ਵਿੱਚ, ਬੁਝਾਰਤੀ ਮੁਸਕਰਾਹਟ ਵਿੱਚ ਜਾਂ ਇਉਂ ਕਹਿ ਲਵੋ ਬੜੇ ਹੀ ਸਲੀਕੇ ਅਤੇ ਸਿਆਣਪ ਦੀ ਵਰਤੋਂ ਕਰਦੇ ਹੋਏ ਪੁਰਸ਼ ਦੀ ਅਖੌਤੀ ਸ਼ਕਤੀ ਦੇ ਭਰਮ ਨੂੰ ਤੋੜਦੇ ਹੋਏ ਔਰਤ ਨੇ ਆਪਾ ਸੁਧਾਰਨ, ਸੰਵਾਰਨ ਅਤੇ ਸ਼ਿੰਗਾਰਨ ਦੀ ਤਾਂਘ ਨੂੰ ਮਹਿਸੂਸ ਕਰਵਾਉਣ ਦਾ ਯਤਨ ਕੀਤਾ ਹੈ।
ਹੁਣ ਦਸਤੂਰ ਬਦਲ ਗਿਆ ਹੈ। ਔਰਤ ਨੂੰ ਮਰਦ ਦੇ ਗੁਲਾਮ ਰੱਖਣ ਦੀ ਫ਼ਿਲਾਸਫ਼ੀ ਸਮਝ ਆਉਣ ਲੱਗ ਪਈ ਹੈ। ਉਹ ਸਿਦਕ, ਸਿਰੜ ਅਤੇ ਦ੍ਰਿੜਤਾ ਨਾਲ ਹਾਰਾਂ ਅਤੇ ਅਸਫ਼ਲਤਾਵਾਂ ਸਹਿੰਦੀ ਹੋਈ, ਸੁੰਨੇ ਰਾਹਾਂ ਵਿੱਚ ਸੁਪਨੇ ਅਤੇ ਆਦਰਸ਼ਾਂ ਨੂੰ ਯਥਾਰਥ ਬਣਾਉਣ ਲਈ ਮਜ਼ਬੂਤ ਇਰਾਦੇ ਨਾਲ ਜੀਵਨ ਦੀ ਮੂਹਰਲੀ ਕਤਾਰ ਖੋਲਣ ਦੇ ਜੋ ਸਮਰੱਥ ਹੋਈ ਹੈ, ਉਹ ਹੈ ਅੱਜ ਦੀ ਨਾਰੀ।
ਤਕਨਾਲੋਜੀ ਵਾਲੇ ਅਜੋਕੇ ਯੁੱਗ ਵਿੱਚ ਨੌਕਰੀ, ਘਰ-ਪਰਿਵਾਰ ਅਤੇ ਹੋਰ ਬਹੁਤ ਸਾਰੀਆਂ ਜਿੰਮੇਵਾਰੀਆਂ ਔਰਤ ਆਪਣੇ ਨਿਆਰੇ ਤੇਜ਼- -ਪ੍ਰਤਾਪ ਅਤੇ ਪ੍ਰਭਾਵ ਨਾਲ ਬਾਖੂਬੀ ਨਿਭਾ ਰਹੀ ਹੈ।ਉਸ ਦੀਆਂ ਅਰਥ-ਭਰਪੂਰ ਸੋਚਾਂ ਦੇ ਨਿੱਕੇ-ਨਿੱਕੇ ਜੁਗਨੂੰ ਸਮਾਜ ਵਿੱਚ ਬਦਲਾਓ ਹੀ ਨਹੀਂ, ਸਗੋਂ ਇਨਕਲਾਬ ਲੈ ਕੇ ਆਉਣਗੇ, ਪਰਿਵਰਤਨ ਦੀਆਂ ਹਵਾਵਾਂ, ਨਵੇਂ ਵਰਤਾਰਿਆਂ ਅਤੇ ਨਵੀਆਂ: ਸਥਿਤੀਆਂ ਦੇ ਸੁਨੇਹੇ ਦਿੰਦੇ ਹੋਏ ਸੁਣਾਈ ਦੇਣਗੇ।
ਔਰਤ ਦੀ ਸ਼ਕਤੀ ਅਤੇ ਸਿਆਣਪ ਦੀ ਗਾਥਾ ਅਕੱਥ ਹੈ, ਇਸਨੂੰ ਸ਼ਬਦੀ ਜਾਮਾ ਪਹਿਚਨਾਉਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਜਾਪਦਾ ਹੈ। ਅਜੋਕੇ ਯੁੱਗ ਦੀ ਨਾਰੀ ਸੁੱਚੇ ਉਦੇਸ਼ਾਂ ਨਾਲ ਭੁੱਲੇ ਹੋਏ ਰਾਹਾਂ ਦਾ, ਸੁੱਤੀਆਂ ਹੋਈਆਂ ਹਿੰਮਤਾਂ ਦੀ ਸੁਨਹਿਰੀ ਲੋਅ ਬਣਦੀ ਜਾ ਰਹੀ ਹੈ।
ਮੇਰੀ ਆਪਣੀ ਜੁਬਾਨੀ, ਹੋਇਆ ਇੰਝ ਜੀਵਨ ਦੇ ਸੁਨਹਿਰੀ ਪਲ ਉਸ ਵੇਲੇ ਪਰਤੇ ਜਦੋਂ ਕਿਸੇ ਨੇ ਮੈਨੂੰ ਹਲੂਣਿਆਂ ਤੇ ਕਿਹਾ, ਉਠੱ ! ਚਿੱਟਾ ਦਿਨ ਚੜ੍ਹ ਆਇਆ ਏ।
ਇੱਕ ਵਾਰ ਮੇਰੀ ਰੂਹ ਕੰਬੀ, ਖਿਆਲ ਆਇਆ ਨੋਕਰੀ ਦਾ, ਆਪਣੇ ਨਿੱਕੜੇ ਬਾਲਾਂ ਦਾ ਅਤੇ ਘਰ ਪਰਿਵਾਰ ਦਾ, ਕੌਣ ਕਰੇਗਾ ਇਹਨਾਂ ਦੀ ਦੇਖਭਾਲ ਤੇ ਕਿੰਝ ਕਰਾਂਗੀ ਨੌਕਰੀ। ਇਹ ਸਵਾਲ ਵਾਰੀ-ਵਾਰੀ ਮੇਰੇ ਆਲੇ-ਦੁਆਲੇ ਘੁੰਮਣ ਲੱਗਾ, ਪਰ ਫੇyਰ ਅੰਦਰੋਂ ਅਵਾਜ਼ ਆਈ ਔਖਾ ਕੰਮ ਕਰਨ ਵਾਲੇ ਨੂੰ ਹੀ ਮਾਹਿਰ ਕਹਿੰਦੇ ਹਨ। ਇਹ ਕੰਮ ਤੇ ਫੇਰ ਮੇਰੇ ਜੀਵਨ ਦੇ ਮਹੱਤਵ ਨਾਲ ਜੁਿਣਆ ਹੋਇਆ ਹੈ।
ਉਹ ਸਮਾਂ ਅਜਿਹਾ ਸੀ ਕਿ ਨਿੱਜੀ ਪੱਧਰ ਤੇ ਵੱਡੇ ਘਾਟਿਆਂ ਦੇ ਬਾਵਜੂਦ ਆਪਣੇ ਉਦੇਸ਼ ਵਿੱਚ ਦ੍ਰਿੜ ਰਹਿ ਕੇ ਹੱਥ ਵਿਚਲੀ ਤਾਂਘ ਨੂੰ ਲਲਕਾਰ ਬਣਾ ਕੇ ਦੁਚਿੱਤੀਆਂ ਵਿੱਚੋਂ ਰਾਹ ਲੱਭ ਕੇ ਮੰਜ਼ਿਲ ਤੇ ਪਹੁੰਚਣ ਲਈ ਹੌਂਸਲਾ ਬਣਾਈ ਰੱਖਣਾ ਮੇਰੇ ਲਈ ਅਸਮਾਨੀ ਉੱਡਦੀ ਸਤਰੰਗੀ ਪੀਂਘ ਤੋਂ ਘੱਟ ਨਹੀਂ ਸੀ। ਪੂਰੇ ਸਿਦਕ ਨਾਲ ਲੰਮੇ ਅਰਸੇ ਤੋਂ ਬਾਅਦ ਨਵੀਂ ਸੋਚ ਲੈ ਕੇ ਮੈਂ ਉੱਚ ਵਿਦਿਆ ਪਾਉਣ ਦੀ ਲਾਲਸਾ ਮਨ ਵਿੱਚ ਲਈ ਮੈਦਾਨ ਵਿੱਚ ਨਿੱਤਰ ਪਈ। ਆਪਣੇ ਮਨ ਵਿੱਚ ਇਕ ਗੱਲ ਯਾਦ ਰੱਖੀ ਕਿ ਸੂਰਜ ਵੱਲ ਮੂੰਹ ਰੱਖਾਂਗੀ ਤਾਂ ਸੰਸਿਆਂ ਦੇ ਪਰਛਾਵੇਂ ਨਹੀਂ ਦਿਸਣਗੇ। ਹੋਇਆ ਵੀ ਇੰਝ ਜਿਉਂ - ਜਿਉਂ ਨਵਾਂ ਦਿਨ ਚੜ੍ਹਦਾ ਗਿਆ, ਮੇਰਾ ਇਰਾਦਾ ਹੋਰ ਪੱਕਾ ਹੁੰਦਾ ਗਿਆ। ਸਰੀਰਕ ਅਤੇ ਮਾਨਸਿਕ ਥਕਾਵਟ ਹੋਣ ਦੇ ਬਾਵਜੂਦ ਯੂਨੀਵਰਸਿਟੀ ਦੇ ਉਹ ਦਿਨ ਆਪਣੇ ਆਪ ਨੂੰ ਇਉਂ ਮਹਿਸੂਸ ਕਰਵਾਉਣ ਲੱਗੇ, ਕਿ ਜੋ ਕੂੰਜ ਡਾਰ ਤੋਂ ਅੱਡਰੀ ਉੱਡਦੀ ਹੈ, ਉਹ ਉਕਾਬ ਬਣਦੀ ਹੈ। ਆਪਣੇ ਰਾਹਾਂ ਦੀ ਰੋਸ਼ਨੀ ਲਈ ਆਪਣਾ ਦੀਵਾਂ ਮੈਂ ਆਪ ਬਣੀ। ਘਰੇਲੂ ਸਥਿਤੀਆਂ- ਪ੍ਰਸਥਿਤੀਆਂ ਆਪਣੇ ਕਲਾਵੇ ਵਿੱਚ ਬੰਨਣ ਲਈ ਤਿਆਰ ਖੜੀਆਂ ਰਹਿੰਦੀਆਂ। ਕਦੀ ਅਜਿਹਾ ਸਮਾਂ ਵੀ ਆਉਂਦਾ ਠੰਡੀਆਂ ਰਾਤਾਂ ਵਿੱਚ ਨਿੱਕੜੇ ਬਾਲਾਂ ਦੀਆਂ ਦੁੱਖ-ਤਕਲੀਫਾਂ ਮੈਨੂੰ ਅੱਗੇ ਵੱਧਣ ਤੋਂ ਰੋਕਦੀਆਂ। ਪਰ, ਸਮੇਂ ਅਤੇ ਹਾਲਾਤਾਂ ਨੂੰ ਮੈਂ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਦੀ ਹੋਈ ਕਹਿੰਦੀ ਕੋਈ ਵੀ ਹੀਰਾ ਤਰਾਸ਼ੇ ਬਿਨਾ ਕਿਸੇ ਤਾਜ ਦਾ ਸ਼ਿੰਗਾਰ ਨਹੀਂ ਬਣਦਾ ਤੇ ਮੁੜ ਉੱਠ ਖਲੋਂਦੀ। ਲਗਨ ਅਤੇ ਉਤਸ਼ਾਹ ਕਾਰਨ ਦੁਨੀਆਂ ਸੋਹਣੀ-ਸੋਹਣੀ ਜਾਪਣ ਲੱਗੀ। ਦਿਨ- ਮਹੀਨਿਆਂ ਵਿੱਚ, ਮਹੀਨੇ- ਸਾਲਾਂ ਵਿੱਚ ਤਬਦੀਲ ਹੋ ਗਏ ਤੇ ਪਤਾ ਵੀ ਨਹੀਂ ਲੱਗਿਆ, ਮਾਸਟਰ ਆਫ਼ ਆਰਟਸ, ਮਾਸਟਰ ਆਫ਼ ਫ਼ਿਲਾਸਫੀ ਅਤੇ ਡਾਕਟਰ ਆਫ਼ ਫਿਲਾਸਫੀy ਦੀ ਡਿਗਰੀ ਮੇਰੀ ਝੌਲੀ ਆਣ ਪਈ।
ਨਿੱਕੇ-ਨਿੱਕੇ ਬਾਲ ਹੁਣ ਵੱਡੇ ਹੋ ਗਏ। ਉਹ ਮੈਨੂੰ ਨਵੀਆਂ ਉਮੀਦਾਂ ਅਤੇ ਬੁਲੰਦ ਸੋਚ ਰੱਖਣ ਵਾਲੀ ਸਮਝਣ ਲੱਗੇ। ਅਧਿਆਪਣ ਕਿੱਤੇ ਨਾਲ ਜੁੜੀ ਹੋਣ ਕਾਰਨ ਮੇਰੇ ਪ੍ਰਤੀ ਹਰ ਇੱਕ ਦਾ ਨਜ਼ਰੀਆ ਬਦਲ ਚੁੱਕਾ ਸੀ। ਮੇਰੇ ਸਾਥੀ ਅਧਿਆਪਕ ਵੀ ਇੰਝ ਤੱਕਦੇ ਸਨ ਜਿਵੇਂ ਮੈਂ ਹੁਣ ਨਿੱਤ-ਨਵੇਂ ਕੰਮ ਕਰਿਆ ਕਰਾਂਗੀ। ਉਹਨਾਂ ਦੀਆਂ ਉਮੀਦਾਂ ਉੱਪਰ ਖਰੀ ਉਤਰਨ ਲਈ ਮੇਰੇ ਉੱਤੇ ਹੋਰ ਵੱਡੀ ਜਿੰਮੇਵਾਰੀ ਆ ਗਈ ਸੀ।
ਅਧਿਆਪਣ ਖੇਤਰ ਵਿੱਚ ਕੰਮ ਕਰਦਿਆਂ ਮੈਨੂੰ ਦੋ- ਦਹਾਕਿਆਂ ਦੇ ਕਰੀਬ ਸਮਾਂ ਹੋ ਗਿਆ। ਮੈਂ ਆਪਣੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਸਮਝਿਆ ਤੇ ਨਿਭਾਇਆ ਤੇ ਇਹ ਵਾਕ ਸਿੱਧ ਕਰਨ ਵਿੱਚ ਦੇਰ ਨਾ ਲਾਈ ਕਿ ਨਿੱਕੇ-ਨਿੱਕੇ ਯਤਨ ਵੱਡੀਆਂ ਪ੍ਰਾਪਤੀਆਂ ਹੋ ਨਿਬੜਦੇ ਹਨ। ਮੇਰੇ ਯਤਨਾ ਵਿਚੋਂ ਸਫ਼ਲਤਾ ਅਤੇ ਖੁਸ਼ੀ ਦੇ ਫੁੱਲ ਉੱਗਣ ਲੱਗੇ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਨਾਲ ਮੈਂ ਜੁੜਦੀ ਗਈ। ਸਿੱਖਿਆ ਖੇਤਰ ਵਿੱਚ ਹੁੰਦੇ ਵੱਡੇ ਫੈਸਲਿਆਂ ਦੀਆ ਮੀਟਿੰਗਾਂ ਵਿੱਚ ਮੇਰੀ ਸਮੂਲੀਅਤ ਵੱਧ ਗਈ ਤੇ ਇੰਝ ਪ੍ਰਤੀਤ ਹੋਣ ਲੱਗਾ ਜਿਵੇਂ ਕੋਈ ਕਹਿ ਰਿਹਾ ਹੋਵੇ ਇਨਕਲਾਬ ਉਹੀ ਲਿਆਂਉਂਦੇ ਹਨ ਜਿਹਨਾਂ ਦੇ ਕਾਰਜਾਂ ਪਿੱਛੇ ਸ਼ਕਤੀਸ਼ਾਲੀ ਵਿਚਾਰਧਾਰਾ ਹੁੰਦੀ ਹੈ।
ਫਿਰ ਸਿਲਸਿਲਾ ਸ਼ੁਰੂ ਹੋਇਆ ਪੁਰਸਕਾਰਾਂ ਦਾ। ਜੋ ਮੇਰੇ ਜੀਵਨ ਨੂੰ ਅੰਦਰੋਂ ਹੋਰ ਮਜ਼ਬੂਤ ਕਰਦਾ ਹੋਇਆ ਆਤਮ ਵਿਸ਼ਵਾਸ਼ ਵਿਚ ਨਰੋਆ ਪ੍ਰਗਟਾਵਾ ਕਰਨ ਲੱਗਾ। ਡਾਇਰੈਕਟਰ ਜਨਰਲ ਸਿੱਖਿਆ ਵਿਭਾਗ ਜੀ ਵੱਲੋਂ ਚੰਗੀ ਕਾਰਗੁਜ਼ਾਰੀ ਲਈ ਪੁਰਸਕਾਰ, ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਕੁਸ਼ਲ-ਸੇਵਾਵਾਂ ਲਈ ਪੁਰਸਕਾਰ, ਸੂਚਨਾ ਤੇ ਪ੍ਰਸਾਰਣ ਮੰਤਰਾਲਿਆਂ ਵੱਲੋਂ ਲੜਕੀਆਂ ਦੀ ਸਿੱਖਿਆ ਸਬੰਧੀ ਪੁਰਸਕਾਰ, ਪੰਜਾਬ ਦੇ ਸਿੱਖਿਆ ਮੰਤਰੀ ਜੀ ਕੋਲੋ ਰਾਜ-ਪੁਰਸਕਾਰ ਪ੍ਰਾਪਤ ਹੋਇਆ। ਵਕਤ ਦੇ ਨਾਲ ਹੁਣ ਸੁਨੇਹਿਆਂ ਦੇ ਰੂਪ ਵਿੱਚ ਵੀ ਪੁਰਸਕਾਰ ਹੀ ਪ੍ਰਾਪਤ ਹੁੰਦੇ ਹਨ ਜੋ ਇਹ ਦੱਸਣ ਦੀ ਕੋਸ਼ਿਸ ਕਰਦੇ ਹਨ ਕਿ ਜੋ ਸਿੱਖਦੇ ਹਨ, ਉਹੀ ਵਿਕਾਸ ਕਰਦੇ ਹਨ।
ਆਪਣੇ ਅਨੁਭਵ ਇਸ ਉਦੇਸ਼ ਨਾਲ ਸਾਂਝੇ ਕਰ ਰਹੀ ਹਾਂ ਕਿ ਜੀਵਨ ਵਿੱਚ ਸਫ਼ਲ ਹੋਕੇ, ਹੋਰਨਾਂ ਦੀ ਸਫ਼ਲਤਾ ਦਾ ਕਾਰਨ ਬਣਨਾ ਹੀ ਸਹੀ ਅਰਥਾਂ ਵਿੱਚ ਸਫ਼ਲ ਅਖਵਾਉਂਦਾ ਹੈ।
ਸਥਿਤੀਆਂ ਕਿੰਨੀਆਂ ਵੀ ਗੰਭੀਰ ਕਿਉਂ ਨਾ ਹੋਣ ਪਰ ਨਾਰੀ ਆਪਣੀ ਸ਼ਕਤੀ ਅਤੇ ਸਿਆਣਪ ਨਾਲ ਆਉਣ ਵਾਲੇ ਸਮੇਂ ਅਤੇ ਉਪਜਣ ਵਾਲੇ ਅਵਸਰਾਂ ਨੂੰ ਮੁਲਵਾਨ ਜ਼ਰੂਰ ਬਣਾ ਲੈਂਦੀ ਹੈ।
-ਡਾ: ਬਲਜੀਤ ਕੌਰ, (ਸਟੇਟ ਐਵਾਰਡੀ)

1 comment:

Kanwaljit said...

Superb ji

Post Top Ad

Your Ad Spot