ਜਿਲ੍ਹਾ ਬਠਿੰਡਾ ਦੇ ਕਾਮਰੇਡਾਂ ਨੇ ਜਗਜੀਤ ਜੋਗਾ ਨੂੰ ਫਿਰ ਚੁਣਿਆ ਆਪਣਾ ਜਿਲ੍ਹਾ ਸਕੱਤਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 19 March 2018

ਜਿਲ੍ਹਾ ਬਠਿੰਡਾ ਦੇ ਕਾਮਰੇਡਾਂ ਨੇ ਜਗਜੀਤ ਜੋਗਾ ਨੂੰ ਫਿਰ ਚੁਣਿਆ ਆਪਣਾ ਜਿਲ੍ਹਾ ਸਕੱਤਰ

  • ਸਮਾਜਿਕ ਕੰਮਾਂ 'ਚ ਅਹਿਮ ਭੂਮਿਕਾ ਨਿਭਾਉਣ ਲਈ ਕਮਿਊਨਿਸਟ ਅੱਗੇ ਆਉਣ- ਡਾ. ਦਿਆਲ
  • ਵਿਆਜੜੂ ਸਰਮਾਏ ਦੀਆਂ ਤੰਦਾਂ ਤੋੜੇ ਬਿਨਾਂ ਛੁਟਕਾਰਾ ਸੰਭਵ ਨਹੀਂ- ਕਾਮਰੇਡ ਜਗਰੂਪ
ਤਲਵੰਡੀ ਸਾਬੋ, 19 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਚੀਆਂਸਰਪੰਚੀਆਂ ਦੀਆਂ ਤਮਾਮ ਚੋਣਾਂ ਸਮੇਤ ਪੰਜਾਬ ਦੇ ਕਮਿਊਨਿਸਟਾਂ ਨੂੰ ਹਰ ਕਿਸਮ ਦੇ ਸਮਾਜਿਕ ਕੰਮਾਂ ਵਿੱਚ ਵੀ ਆਪਣੀ ਸਰਗਰਮ ਭੂਮਿਕਾ ਨਿਭਾਉਣੀ ਹੋਵੇਗੀ, ਸਰਮਾਏਦਾਰੀ ਦੌਰ ਦੇ ਚਲਦਿਆਂ ਮਾਰਕਸਵਾਦੀ ਪਹੁੰਚ ਅਪਨਾਉਣ ਤੋਂ ਸਿਵਾ ਲਾਲ ਝੰਡੇ ਦੀ ਸੂਹੀ ਲਹਿਰ ਨੂੰ ਪ੍ਰਫੁਲਿਤ ਨਹੀਂ ਕੀਤਾ ਜਾ ਸਕਦਾ। ਵਿਆਜ਼ 'ਤੇ ਚੱਲਣ ਵਾਲੇ ਸਰਮਾਏ (ਕੈਪੀਟਲ ਫ਼ਾਇਨਾਂਸ) ਕਾਰਨ ਭਾਰਤੀ ਕਿਰਤੀ ਅਵਾਮ ਦੁਆਲੇ ਕਸੇ ਜਾ ਚੁੱਕੇ ਗੁਲਾਮੀ ਦੀਆਂ ਜੰਜ਼ੀਰਾਂ ਦੇ ਜਕੜਾਂ ਨੂੰ ਲੋਕ ਘੋਲਾਂ ਅਤੇ ਕਿਰਤੀ ਏਕੇ ਤੋਂ ਬਿਨਾਂ ਨਹੀਂ ਤੋੜਿਆ ਜਾ ਸਕਦਾ, ਖਾਸ ਕਰਕੇ ਅਜੋਕੀਆਂ ਉਹਨਾਂ ਹਾਲਤਾਂ ਵਿੱਚ ਜਦੋਂ ਦੇਸ਼ ਦਾ ਭਾਜਪਾਈ ਹੁਕਮਰਾਨ ਨਰਿੰਦਰ ਮੋਦੀ ਆਪਣਾ ਲੁਕਵਾਂ ਫ਼ਿਰਕੂ ਏਜੰਡਾ ਲਾਗੂ ਕਰਨ ਲਈ ਹਰ ਹੀਲਾ ਵਸੀਲਾ ਵਰਤ ਰਿਹਾ ਹੋਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਠਿੰਡਾ ਜਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕੋਟ ਸ਼ਮੀਰ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਾਰਜ਼ਕਾਰਨੀ ਦੇ ਮੈਂਬਰ ਡਾਕਟਰ ਜੋਗਿੰਦਰ ਦਿਆਲ ਅਤੇ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਜਗਰੂਪ ਨੇ ਜਿਲ੍ਹਾ ਸੀ. ਪੀ. ਆਈ. ਬਠਿੰਡਾ ਦੀ 23ਵੀਂ ਜਥੇਬੰਦਕ ਪਾਰਟੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ।
ਪਾਰਟੀ ਕਾਨਫ਼ਰੰਸ ਸ਼ੁਰੂ ਕਰਨ ਤੋਂ ਪਹਿਲਾਂ ਜਿਲ੍ਹੇ ਦੇ ਇਸ ਮਸ਼ਹੂਰ ਪਿੰਡ ਦੇ ਵੱਡੇ ਖੂਹ ਕੋਲ ਇੱਕ ਰੈਲੀ ਕੀਤੀ ਗਈ ਜਿਸ ਲਈ ਭਾਵੇਂ ਪ੍ਰਬੰਧਕਾਂ ਵੱਲੋਂ ਆਪਣਾ ਪੁਰਾ ਤਾਣ ਲਾ ਕੇ ਪ੍ਰਬੰਧ ਕੀਤੇ ਦੱਸੇ ਜਾ ਰਹੇ ਸਨ ਪ੍ਰੰਤੂ ਲੋਕ ਇਕੱਠ ਦੇ ਮੁਕਾਬਲਤਨ ਪ੍ਰਬੰਧ ਛੋਟੇ ਰਹਿ ਗਏ। ਰੈਲੀ ਨੂੰ ਹੋਰ ਰੌਚਕ ਬਣਾਉਣ ਦੇ ਲਈ ਸੁਖਵਿੰਦਰ ਸਿੰਘ ਚੀਦਾ ਦੀ ਨਾਟਕ ਮੰਡਲੀ ਵੱਲੋਂ ਜਿੱਥੇ ਦੋ ਇਨਕਲਾਬੀ ਨਾਟਕ 'ਕੁਰਸੀ ਨਾਚ ਨਚਾਏ ਅਤੇ ਹੋਰ ਵੀ ਉੱਠਸੀ ਮਰਦ ਕਾ ਚੇਲਾ' ਖੇਡੇ ਗਏ ਉੱਥੇ ਜਗਦੀਪ ਗਿੱਲ ਅਤੇ ਰੇਸ਼ਮ ਨਥੇਹਾ ਦੀ ਟੀਮ ਵੱਲੋਂ ਗਾਏ ਗੀਤਾਂ ਨੇ ਵੀ ਇਨਕਲਾਬੀ ਮਾਹੌਲ ਬਣਾਈ ਰੱਖਣ ਦੇ ਨਾਲ ਨਾਲ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ।
ਰੈਲੀ ਦੇ ਮੰਚ ਤੋਂ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਪੰਜਾਬ ਸੀ. ਪੀ. ਅਈ. ਸਕੱਤਰੇਤ ਦੇ ਮੈਂਬਰ ਕਾਮਰੇਡ ਜਗਜੀਤ ਸਿੰਘ ਜੋਗਾ ਨੇ ਕਿਹਾ ਕਿ ਤਮਾਮ ਮੁਸ਼ਕਿਲਾਂ ਅਤੇ ਸੰਕਟਾਂ ਵਿੱਚ ਘਿਰੇ ਪੰਜਾਬ ਦੇ ਲੋਕਾਂ ਨੇ ਬੜੀਆਂ ਆਸਾਂ ਉਮੀਦਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਅਕਾਲੀ ਭਾਜਪਾ ਹਕੂਮਤ ਨੂੰ ਇੱਥੋਂ ਦਫ਼ਾ ਕੀਤਾ ਸੀ ਪਰ ਕੱਢ ਕੇ ਦਿਓ ਆ ਜਾਏ ਉਸਦਾ ਵੀ ਪਿਓ ਵਾਲੇ ਅਖਾਣ ਵਾਂਗ ਕੈਪਟਨ ਦੇ ਰਾਜ ਨੇ ਨਾ ਸਿਰਫ਼ ਪੰਜਾਬ ਦੇ ਸਮੁੱਚੇ ਕਿਰਤੀ ਵਰਗ ਦੀਆ ਆਸਾਂ ਉੱਪਰ ਪਾਣੀ ਫੇਰ ਦਿੱਤਾ ਸਗੋਂ ਇੱਕ ਇੱਕ ਕਰਕੇ ਉਹ ਸਾਰੀਆਂ ਸਰਕਾਰੀ ਸਹੂਲਤਾਂ ਨੂੰ ਬੰਦ ਕਰਨ ਦੇ ਰਾਹ ਪੈ ਗਿਆ ਜਿਨ੍ਹਾਂ ਨਾਲ ਥੁੜ੍ਹਾਂ ਮਾਰੇ ਲੋਕਾਂ ਦੇ ਕੁੱਝ ਨਾ ਕੁੱਝ ਚੁਲ੍ਹੇ ਤਪ ਰਹੇ ਸਨ।
ਪਬਲਿਕ ਰੈਲੀ ਕਰਨ ਉਪਰੰਤ ਪਾਰਟੀ ਕਾਨਫ਼ਰੰਸ ਸ਼ੁਰੂ ਹੋਣ ਤੋਂ ਪਹਿਲਾਂ  ਪਾਰਟੀ ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਜੋਗਿੰਦਰ ਦਿਆਲ ਨੇ ਅਦਾ ਕੀਤੀ ਜਿਸ ਰਸਮ ਵਿੱਚ ਕਾਮਰੇਡ ਜਗਰੂਪ, ਕਾਮਰੇਡ ਜਗਜੀਤ ਜੋਗਾ ਤੋਂ ਇਲਾਵਾ ਹੇਠਲੀਆਂ ਪਾਰਟੀ ਇਕਾਈਆਂ ਤੋਂ ਚੁਣ ਕੇ ਆਏ ਪਾਰਟੀ ਦੇ ਪੰਜ ਦਰਜ਼ਨ ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਝੰਡਾ ਲਹਿਰਾਉਣ ਦੀ ਰਸਮ ਉਪਰੰਤ ਹੋਏ ਜਿਲ੍ਹਾ ਇਜ਼ਲਾਸ ਵਿੱਚ ਕਾਮਰੇਡ ਜਗਜੀਤ ਸਿੰਘ ਜੋਗਾ ਨੂੰ ਸਰਬ ਸੰਮਤੀ ਨਾਲ  ਜਿਲ੍ਹਾ ਪਾਰਟੀ ਸਕੱਤਰ ਅਤੇ ਕਾਮਰੇਡ ਸੁਰਜੀਤ ਸਿੰਘ ਸੋਹੀ ਐਡਵੋਕੇਟ ਸਮੇਤ ਕਾਮਰੇਡ ਬਲਕਰਨ ਬਰਾੜ ਨੂੰ ਪਾਰਟੀ ਦੇ ਜਿਲ੍ਹਾ ਸਹਾਇਕ ਸਕੱਤਰ ਚੁਣਿਆਂ ਗਿਆ। ਇਸ ਇਜ਼ਲਾਸ ਵਿੱਚ ਸੂਬਾ ਪਾਰਟੀ ਕਾਨਫ਼ਰੰਸ ਲਈ ਚੁਣੇ ਗਏ 13 ਪੂਰੇ ਅਤੇ ਦੋ ਬਦਲਵੇਂ ਡੈਲੀਗੇਟਾਂ ਤੋਂ ਇਲਾਵਾ ਪਾਰਟੀ ਜਿਲ੍ਹਾ ਕੌਂਸਲ ਲਈ ਇਕੱਤੀ ਮੈਂਬਰੀ ਕਮੇਟੀ ਦੀ ਚੋਣ ਵੀ ਸਰਬ ਸੰਮਤੀ ਨਾਲ ਕੀਤੀ ਗਈ। ਇਸ ਮੌਕੇ ਉਕਤ ਤੋਂ ਇਲਾਵਾ ਜਸਵੀਰ ਕੌਰ ਇਸਤਰੀ ਆਗੂ, ਸ਼ਿੰਦਰ ਕੌਰ ਬਠਿੰਡਾ, ਦਰਸ਼ਨ ਮੁਹਾਲਾਂ, ਜੰਗ ਸਿੰਘ ਤੱਗੜ, ਅਮਰਜੀਤ ਕੌਰ, ਸ਼ਿੰਦਰ ਕੌਰ ਗਹਿਰੀ ਬੱਟਰ ਅਤੇ ਪਿੰਡ ਕੋਟ ਸ਼ਮੀਰ ਦੇ ਪ੍ਰਬੰਧਕੀ ਕਾਮਰੇਡਾਂ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

No comments:

Post Top Ad

Your Ad Spot