ਲੱਚਰ ਗਾਇਕੀ ਖਿਲਾਫ਼ ਜਨਤਕ ਲਹਿਰ ਉਸਾਰਨ ਦੀ ਲੋੜ: ਪ੍ਰੋ. ਵਰਿਆਮ ਸਿੰਘ ਸੰਧੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 25 January 2018

ਲੱਚਰ ਗਾਇਕੀ ਖਿਲਾਫ਼ ਜਨਤਕ ਲਹਿਰ ਉਸਾਰਨ ਦੀ ਲੋੜ: ਪ੍ਰੋ. ਵਰਿਆਮ ਸਿੰਘ ਸੰਧੂ

  • ਪਲਸ ਮੰਚ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਵਿਚਾਰ-ਚਰਚਾ
  • ਹਰਮੇਸ਼ ਮਾਲੜੀ ਨੇ ਕੀਤਾ ਵਿਚਾਰ-ਚਰਚਾ ਦਾ ਆਗਾਜ਼
ਜਲੰਧਰ 25 ਜਨਵਰੀ (ਜਸਵਿੰਦਰ ਆਜ਼ਾਦ)- ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਸੱਦੇ 'ਤੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਜੁੜੇ ਲੇਖਕਾਂ, ਕਵੀਆਂ, ਗੀਤਕਾਰਾਂ ਅਤੇ ਰੰਗ ਕਰਮੀਆਂ ਨੇ 'ਲੱਚਰ ਗਾਇਕੀ ਦੀ ਸਮਾਜ 'ਤੇ ਚੌਤਰਫ਼ੀ ਮਾਰ' ਵਿਸ਼ੇ ਉਪਰ ਗਹਿਰ ਗੰਭੀਰ ਵਿਚਾਰ-ਚਰਚਾ ਕਰਕੇ ਸਮੂਹ ਲੋਕ-ਪੱਖੀ ਕਲਮਕਾਰਾਂ, ਗਾਇਕਾਂ, ਸੰਗੀਤਕਾਰਾਂ ਅਤੇ ਲੋਕਾਂ ਨੂੰ ਜ਼ੋਰਦਾਰ ਸੱਦਾ ਦਿੱਤਾ ਹੈ ਕਿ ਸਾਡੇ ਸਮਾਜ ਨੂੰ ਕੈਂਸਰ ਬਣ ਕੇ ਚਿੰਬੜੀ ਅਸ਼ਲੀਲ, ਬਿਮਾਰ, ਹਿੰਸਕ ਗਾਇਕੀ ਖਿਲਾਫ਼ ਜਨਤਕ ਲਹਿਰ ਖੜੀ ਕਰਨ ਲਈ ਸਿਦਕਦਿਲੀ ਨਾਲ ਸਿਰ ਜੋੜ ਕੇ ਅੱਗੇ ਆਉਣ।
ਪ੍ਰਤੀਬੱਧਤ ਸ਼ਰੋਮਣੀ ਕਹਾਣੀਕਾਰ ਅਤੇ ਕਵੀ ਪ੍ਰੋ. ਵਰਿਆਮ ਸਿੰਘ ਸੰਧੂ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਆਜ਼ਾਦੀ ਸੰਗਰਾਮੀਏ ਗੁਰਚਰਨ ਸਿੰਘ ਰੰਧਾਵਾ ਦੀ ਧੀ ਹਰਭਜਨ ਕੌਰ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਮੀਤ ਪ੍ਰਧਾਨ ਹੰਸਾ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਵਿਚਾਰ-ਚਰਚਾ ਦਾ ਆਗਾਜ਼ ਕਿਰਤੀ ਆਗੂ, ਲੇਖਕ ਅਤੇ ਕਵੀ ਹਰਮੇਸ਼ ਮਾਲੜੀ ਵੱਲੋਂ ਲੱਚਰ ਗਾਇਕੀ ਦੇ ਸਮਾਜ ਉਪਰ ਚੌਤਰਫ਼ੇ ਹੱਲੇ ਦੀ ਮਾਰ ਦੇ ਅਨੇਕਾਂ ਪੱਖਾਂ ਉਪਰ ਰੌਸ਼ਨੀ ਪਾਉਂਦਿਆ ਹੋਇਆ।
ਗਾਇਕੀ ਦੀਆਂ ਮਰਿਯਾਦਾਵਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਗੀਤਾਂ ਦੀਆਂ ਟੂਕਾਂ ਦੇ ਠੋਸ ਹਵਾਲਿਆਂ ਨਾਲ ਮਾਲੜੀ ਨੇ ਦਰਸਾਇਆ ਕਿ ਕਿਵੇਂ ਆਰਥਕ ਸਮਾਜਕ ਤੌਰ 'ਤੇ ਲਿਤਾੜੇ ਲੋਕਾਂ ਦੀ ਚੇਤਨਾ ਵਿੱਚ ਕਾਲਪਨਿਕ ਸੰਸਾਰ ਸਿਰਜਕੇ, ਲੋਕਾਂ ਨੂੰ ਸਮਾਜੀ ਯਥਾਰਥ ਨਾਲੋਂ ਤੋੜਕੇ ਦਿਸ਼ਾ-ਹੀਣ ਕੀਤਾ ਜਾ ਰਿਹਾ ਹੈ।
ਪ੍ਰੋ. ਵਰਿਆਮ ਸਿੰਘ ਸੰਧੂ ਨੇ ਸਮਾਜ ਨੂੰ ਵਰਤਾਏ ਜਾ ਰਹੇ ਹਵਾਈ ਸੁਪਨਿਆਂ, ਸਬਜ਼ਬਾਗ ਅਤੇ ਕੌੜੀਆਂ ਸਮਾਜੀ ਹਕੀਕਤਾਂ ਦਰਮਿਆਨ ਡੂੰਘੇ ਪਾੜੇ ਦਾ ਬਾਖ਼ੂਬੀ ਕਾਵਿਕ ਅੰਦਾਜ਼ ਵਿੱਚ ਚਿਤਰਣ ਕਰਦਿਆਂ ਕਿਹਾ ਕਿ ਸਾਡੇ ਸਮੇਂ ਨੂੰ ਇਤਿਹਾਸ, ਵਿਰਾਸਤ, ਮਿੱਟੀ, ਕਿਰਤ ਅਤੇ ਮੁਕਤੀ ਸੰਗਰਾਮ ਨਾਲ ਜੁੜੇ ਸ਼ਬਦ ਅਤੇ ਸੰਗੀਤ ਤੋਂ ਯੋਜਨਾਬੱਧ ਤਰੀਕੇ ਨਾਲ ਕੋਹਾਂ ਦੂਰ ਕਰਨ ਅਤੇ ਕੁਰਾਹੇ ਪਾਉਣ ਦਾ ਹੱਲਾ ਵਿੱਢ ਰੱਖਿਆ ਹੈ। ਉਹਨਾਂ ਕਿਹਾ ਕਿ ਇਸ ਪ੍ਰਦੂਸ਼ਿਤ, ਔਰਤ-ਵਿਰੋਧੀ, ਬਾਜ਼ਾਰੂ ਬਿਮਾਰ ਮਾਨਸਿਕਤਾ ਭਰੀ ਗਾਇਕੀ ਦਾ ਸਾਰਥਕ ਟਾਕਰਾ ਗੱਲਾਂ ਨਾਲ ਨਹੀਂ ਹੋਣਾ ਸਗੋਂ ਇਸ ਲਈ ਪੂਰੀ ਸੂਝ-ਬੂਝ ਨਾਲ ਲੈਸ ਹੋ ਕੇ ਅਤੇ ਜਨਤਕ ਪ੍ਰਤੀਰੋਧ ਦੀ ਲਹਿਰ ਉਸਾਰਕੇ ਹੀ ਕੀਤਾ ਜਾ ਸਕਦਾ ਹੈ।
ਪ੍ਰੋ. ਵਰਿਆਮ ਸਿੰਘ ਸੰਧੂ ਨੇ ਆਪਣੇ ਲੰਮੇ ਲੇਖਣੀ ਅਤੇ ਜੀਵਨ ਸਫ਼ਰ ਦੇ ਅਮੁੱਲੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਔਰਤ ਵਰਗ ਨੂੰ ਵਸਤੂ ਸਮਝਕੇ ਨਿਗਲ ਜਾਣ ਅਤੇ ਉਸ ਦੀ ਅਜ਼ਮਤ ਨਾਲ ਖੇਡਣ ਵਾਲੀ ਵਿਵਸਥਾ ਦੀ ਪੈਦਾਇਸ਼ ਗਾਇਕੀ ਨੂੰ ਭਾਂਜ ਦੇਣ ਲਈ ਕਲਮ, ਕਲਾ ਅਤੇ ਲੋਕਾਂ ਦੀ ਨਿੱਘੀ ਗਲਵੱਕੜੀ ਲੋੜੀਂਦੀ ਹੈ। ਉਹਨਾਂ ਦੇ ਭਾਸ਼ਣ ਦੌਰਾਨ ਜਿਥੇ ਬਾਰ ਬਾਰ ਤਾੜੀਆਂ ਦੀ ਗੂੰਜ ਪੈਂਦੀ ਰਹੀ, ਉਥੇ ਖੜੇ ਹੋ ਕੇ ਸਮੂਹ ਹਾਜ਼ਰੀਨ ਨੇ ਉਹਨਾਂ ਦੇ ਬੋਲਾਂ ਦੀ ਦਾਦ ਦਿੱਤੀ। ਪਲਸ ਮੰਚ ਵੱਲੋਂ 'ਭਾਈ ਰਤਨ ਸਿੰਘ ਰਾਏਪੁਰ ਡੱਬਾ' ਅਤੇ 'ਗੀਤਾਂ ਦੀ ਫੁਲਕਾਰੀ' ਪੁਸਤਕਾਂ ਦੇ ਸੈੱਟ ਭੇਂਟ ਕਰਕੇ ਪ੍ਰੋ. ਵਰਿਆਮ ਸਿੰਘ ਸੰਧੂ ਦਾ ਸਨਮਾਨ ਕੀਤਾ ਗਿਆ।
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਸਾਮਰਾਜੀ ਅਤੇ ਜਾਗੀਰਾਂ ਵਾਲਿਆਂ ਦੇ ਗ੍ਰਹਿਣੇ ਇਸ ਨਿਜ਼ਾਮ ਖਿਲਾਫ਼ ਉਠਣ ਵਾਲੀ ਨੌਜਵਾਨਾਂ ਅਤੇ ਲੋਕਾਂ ਦੀ ਲਹਿਰ ਨੂੰ ਨੱਪਣ ਲਈ ਲੋਕ ਵਿਰੋਧੀ ਗਾਇਕੀ ਦਾ ਕਾਰਗਰ ਹਥਿਆਰ ਲੋਕਾਂ ਖਿਲਾਫ਼ ਛੇੜੀ ਜੰਗ ਦਾ ਹਿੱਸਾ ਹੈ ਇਸਦਾ ਟਾਕਰਾ ਕਰਨ ਲਈ ਗੀਤਕਾਰਾਂ, ਗਾਇਕਾਂ ਨੂੰ ਕਿਰਤੀ ਕਿਸਾਨਾਂ ਦੇ ਮਸਲਿਆਂ ਅਤੇ ਲਹਿਰਾਂ ਨਾਲ ਮੱਛੀ ਤੇ ਪਾਣੀ ਦਾ ਰਿਸ਼ਤਾ ਬਣਾਉਣ ਦੀ ਲੋੜ ਹੈ।
ਡਾ. ਸਾਹਿਬ ਸਿੰਘ ਨੇ ਬਦਲਵੇਂ ਸਭਿਆਚਾਰ ਅਤੇ ਆਧੁਨਿਕ ਸੰਚਾਰ ਤਕਨੀਕ ਦੀ ਸੁਚੱਜੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ। ਵਿਚਾਰ-ਚਰਚਾ ਵਿੱਚ ਮੇਘ ਰਾਜ ਰੱਲਾ, ਕਰਾਂਤੀਪਾਲ, ਹਰਮੀਤ ਕੌਰ, ਸੁਖਵਿੰਦਰ ਸਿੰਘ ਬਾਗਪੁਰ, ਪਵਨ ਟਿੱਬਾ, ਬਲਵਿੰਦਰ ਕੌਰ ਬਾਂਸਲ, ਤਾਰਾ ਸਿੰਘ ਤਾਰਾ ਇੰਗਲੈਂਡ, ਪਲਸ ਮੰਚ ਦੀਆਂ ਟੀਮਾਂ, ਨਵਚਿੰਤਨ ਕਲਾ ਮੰਚ ਬਿਆਸ, ਮਾਨਵਤਾ ਕਲਾ ਮੰਚ ਨਗਰ, ਲੋਕ ਕਲਾ ਮੰਚ ਬਿਲਗਾ, ਲੋਕ ਕਲਾ ਮੰਚ ਜੀਰਾ ਨੇ ਸ਼ਿਰਕਤ ਕੀਤੀ।

No comments:

Post Top Ad

Your Ad Spot