ਨਗਰ ਪੰਚਾਇਤ ਚੋਣ ਦੌਰਾਨ ਹਿੰਸਾ ਦਾ ਮਾਮਲਾ ਆਇਆ ਸਾਹਮਣੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 7 December 2017

ਨਗਰ ਪੰਚਾਇਤ ਚੋਣ ਦੌਰਾਨ ਹਿੰਸਾ ਦਾ ਮਾਮਲਾ ਆਇਆ ਸਾਹਮਣੇ

  • ਕਾਂਗਰਸੀ ਉਮੀਦਵਾਰ ਦੇ ਪੁੱਤਰ ਨੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਤੇ ਲਾਏ ਕੁੱਟਮਾਰ ਕਰਨ ਤੇ ਗੱਡੀ ਦੀ ਭੰਨਤੋੜ ਦੇ ਦੋਸ਼
  • ਪੁਲਿਸ ਵੱਲੋਂ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸਮੇਤ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ, ਛਾਪੇਮਾਰੀ ਵੀ ਕੀਤੀ
ਤਲਵੰਡੀ ਸਾਬੋ, 7 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਗਰ ਪੰਚਾਇਤ ਚੋਣਾਂ ਲਈ ਪ੍ਰਚਾਰ ਦੇ ਸ਼ੁਰੂਆਤੀ ਦੌਰ ਦੌਰਾਨ ਹੀ ਬੀਤੀ ਦੇਰ ਰਾਤ ਵਰਡ ਨੰ: 14 ਤੋਂ ਕਾਂਗਰਸੀ ਉਮੀਦਵਾਰ ਦੇ ਪੁੱਤਰ ਨੇ ਆਪਣੇ ਤੇ ਹਮਲਾ ਕਰਨ ਅਤੇ ਕੁੱਟਮਾਰ ਦੇ ਕਥਿਤ ਦੋਸ਼ ਲਾਏ ਜਿਸ ਤੇ ਪੁਲਿਸ ਨੇ ਇਸੇ ਵਾਰਡ ਤੋਂ ਅਕਾਲੀ ਭਾਜਪਾ ਗਠਜੋੜ ਵੱਲੋਂ ਚੋਣ ਲੜ ਰਹੀ ਨਗਰ ਪੰਚਾਇਤ ਦੀ ਸਾਬਕਾ ਪ੍ਰਧਾਨ ਦੇ ਸਪੁੱਤਰ ਅਤੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸਮੇਤ ਕੁਝ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਹੈ। ਉਕਤ ਮਾਮਲੇ ਤੋਂ ਬਾਦ ਨਗਰ ਅੰਦਰ ਸਿਆਸੀ ਤਨਾਤਨੀ ਦਾ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ ਜਦੋਂਕਿ ਯੂਥ ਅਕਾਲੀ ਆਗੂ ਨੇ ਦਰਜ ਮਾਮਲੇ ਨੂੰ ਨਿਰੋਲ ਰਾਜਨੀਤਿਕ ਰੰਜਿਸ਼ ਕਰਾਰ ਦਿੱਤਾ ਹੈ।
ਦਰਜ ਮਾਮਲੇ ਅਨੁਸਾਰ ਤਲਵੰਡੀ ਸਾਬੋ ਦੇ ਵਾਰਡ ਨੰਬਰ 14 ਦੀ ਕਾਂਗਰਸ ਦੀ ਉਮੀਦਵਾਰ ਗੁਰਮੇਲ ਕੌਰ ਦੇ ਪੁੱਤਰ ਸੁਖਦੀਪ ਸਿੰਘ ਨੇ ਦੋਸ਼ ਲਗਾਏ ਹਨ ਕਿ ਉਹ ਰਾਤ ਸਮੇਂ ਚੋਣਾਂ ਸਬੰਧੀ ਮੀਟਿੰਗ ਕਰਕੇ ਘਰੇ ਜਾ ਰਿਹਾ ਸੀ ਤਾਂ ਉਸ ਨੂੰ ਰਸਤੇ ਵਿੱਚ ਕੁਝ ਵਿਅਕਤੀਆਂ ਵੱਲੋਂ ਘੇਰ ਲਿਆ ਗਿਆ ਜਿੰਨਾ ਕੋਲ ਹਥਿਆਰ ਅਤੇ ਡਾਂਗਾਂ ਤੇ ਰਾਡ ਸਨ। ਉਸ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਸ ਦੀ ਵਾਰਡ ਨੰਬਰ 14 ਤੋਂ ਅਕਾਲੀ ਉਮੀਦਵਾਰ ਦੇ ਪੁੱਤਰ ਤੇ ਉਸ ਦੇ ਸਾਥੀਆ ਨੇ ਇਸ ਕਰਕੇ ਕੁੱਟਮਾਰ ਕੀਤੀ ਕਿ ਉਹ ਕਾਂਗਰਸ ਵੱਲੋ ਚੋਣ ਲੜ ਰਿਹਾ ਹੈ ਉੇਸ ਨੇ ਇਹ ਵੀ ਕਿਹਾ ਕਿ ਯੂਥ ਅਕਾਲੀ ਆਗੂ ਤੇ ਸਾਥੀਆਂ ਵੱਲੋਂ ਉਸ ਨੂੰ ਚੋਣ ਨਾ ਲੜਨ ਲਈ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਸੁਖਦੀਪ ਸਿੰਘ ਨੇ ਦੋਸ਼ ਲਗਾਇਆ ਕਿ ਇਸੇ ਦੌਰਾਨ ਹੀ ਉਸ ਦੀ ਗੱਡੀ ਤੇ ਹਮਲਾ ਕਰ ਦਿੱਤਾ ਗਿਆ ਤੇ ਉਸ ਦੀ ਕੁੱਟਮਾਰ ਕੀਤੀ ਗਈ ਉਕਤ ਲੜਾਈ ਦੌਰਾਨ ਉਸਨੇ ਆਪਣੀ ਗੱਡੀ ਦਾ ਨੁਕਸਾਨ ਹੋਣ ਦੀ ਗੱਲ ਵੀ ਕਹੀ। ਲੜਾਈ ਤੋਂ ਬਾਦ ਸੁਖਦੀਪ ਸਿੰਘ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸੁਖਦੀਪ ਸਿੰਘ ਦੀ ਸ਼ਿਕਾਇਤ ਤੇ ਤਲਵੰਡੀ ਸਾਬੋ ਪੁਲਸ ਨੇ ਵਾਰਡ ਨੰ: 14 ਤੋਂ ਅਕਾਲੀ ਭਾਜਪਾ ਗਠਜੋੜ ਦੀ ਉਮੀਦਵਾਰ ਅਤੇ ਨਗਰ ਪੰਚਾਇਤ ਤਲਵੰਡੀ ਸਾਬੋ ਦੀ ਸਾਬਕਾ ਪ੍ਰਧਾਨ ਬੀਬੀ ਸ਼ਵਿੰਦਰ ਕੌਰ ਚੱਠਾ ਦੇ ਸਪੁੱਤਰ ਅਤੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਸਿੰਘ ਚੱਠਾ ਤੋਂ ਇਲਾਵਾ ਕੁਲਵਿੰਦਰ ਸਿੰਘ, ਭਿੰਦਰ ਸਿੰਘ ਘੋਨੀ ਅਤੇ ਵਿਕਾਸ ਵਾਸੀ ਤਲਵੰਡੀ ਸਾਬੋ ਖਿਲਾਫ ਮੁਕੱਦਮਾ ਨੰ: 367 ਅਧੀਨ ਧਾਰਾ 341, 323, 427,506, 34 ਆਈ. ਪੀ. ਸੀ ਤਹਿਤ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਹੈ।
ਉਧਰ ਦੂਜੇ ਪਾਸੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਸਿੰਘ ਚੱਠਾ ਨੇ ਦਰਜ ਮਾਮਲੇ ਨੂੰ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਦੱਸਦੇ ਹੋਏ ਕਿਹਾ ਕਿ ਉਕਤ ਵਾਰਡ ਤੋਂ ਕਾਂਗਰਸੀ ਉਮੀਦਵਾਰ ਚੋਣ ਹਾਰ ਰਹੀ ਹੈ ਤੇ ਹੁਣ ਇੱਕ ਸਾਜਿਸ਼ ਤਹਿਤ ਉਸਨੂੰ ਫਸਾਇਆ ਜਾ ਰਿਹਾ ਹੈ ਤਾਂਕਿ ਉਹ ਆਪਣੀ ਮਾਤਾ ਦੇ ਹੱਕ ਵਿੱਚ ਪ੍ਰਚਾਰ ਨਾ ਕਰ ਸਕੇ ਤੇ ਵਾਰਡ ਦੀ ਚੋਣ ਧੱਕੇ ਨਾਲ ਜਿੱਤੀ ਜਾ ਸਕੇ।ਚੱਠਾ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਬੀਤੀ ਰਾਤ ਹੋਈ ਲੜਾਈ ਬਾਰੇ ਉਸਨੂੰ ਪਤਾ ਹੀ ਸਵੇਰੇ ਲੱਗਾ ਜਦੋਂ ਉਸ ਖਿਲਾਫ ਮਾਮਲਾ ਦਰਜ ਕੀਤੇ ਜਾਣ ਦੀ ਉਸਨੂੰ ਸੂਚਨਾ ਮਿਲੀ।ਉਨਾ ਕਿਹਾ ਕਿ ਉਹ ਲੜਾਈ ਵਾਲੀ ਜਗਾ ਦੇ ਨੇੜੇ ਤੇੜੇ ਵੀ ਨਹੀ ਸਨ ਇਸਦੀ ਭਾਵੇਂ ਜਾਂਚ ਕਰਵਾ ਲਈ ਜਾਵੇ। ਉਨਾਂ ਦੋਸ਼ ਲਾਇਆ ਕਿ ਮਾਮਲਾ ਦਰਜ ਹੁੰਦਿਆਂ ਹੀ ਸਿਆਸੀ ਇਸ਼ਾਰੇ ਤੇ ਉਸਦੇ ਘਰ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਪਤਾ ਲੱਗਾ ਹੈ ਕਿ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਤੇ ਦਰਜ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਰ ਪਾਰ ਦੀ ਲੜਾਈ ਲੜਨ ਦਾ ਮਨ ਬਣਾ ਲਿਆ ਹੈ ਤੇ ਉਹ ਇਸ ਮਾਮਲੇ ਨੂੰ ਲੈ ਕੇ ਪੁਲਿਸ਼ ਪ੍ਰਸ਼ਾਸਨ ਖਿਲਾਫ ਸੰਘਰਸ਼ ਉਲੀਕਣ ਦੀ ਯੋਜਨਾ ਅਮਲ ਵਿੱਚ ਲਿਆਉਣ ਦੀਆਂ ਤਿਆਰੀਆਂ ਵਿੱਚ ਜੁਟ ਗਏ ਹਨ। ਹਲਕੇ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਵੀ ਸੱਤਾ ਵਿੱਚ ਰਹੇ ਹਨ ਪ੍ਰੰਤੂ ਚੋਣਾਂ ਵਿੱਚ ਕਦੇ ਸਿਆਸੀ ਦਖਲਅੰਦਾਜੀ ਨਹੀ ਸੀ ਕੀਤੀ। ਉਨਾਂ ਕਿਹਾ ਕਿ ਕਾਂਗਰਸੀਆਂ ਨੇ ਝੂਠਾ ਪਰਚਾ ਦਰਜ ਕਰਕੇ ਨਵੀਂ ਰਿਵਾਇਤ ਪਾ ਦਿੱਤੀ ਹੈ ਤੇ ਕਾਂਗਰਸੀਆਂ ਵੱਲੋਂ ਚੜਾਈ ਭਾਜੀ ਨੂੰ ਉਹ ਸਮਾਂ ਆਉਣ ਤੇ ਸਵਾ ਸੇਰ ਕਰਕੇ ਮੋੜਨਗੇ। ਫਿਲਹਾਲ ਚੋਣਾਂ ਦੌਰਾਨ ਸਾਹਮਣੇ ਆਏ ਅਜਿਹੇ ਮਾਮਲੇ ਨੂੰ ਨਗਰ ਵਾਸੀਆਂ ਨੇ ਮੰਦਭਾਗਾ ਕਰਾਰ ਦਿੱਤਾ ਹੈ ਕਿਉਂਕਿ ਅੱਜ ਤੋਂ ਪਹਿਲਾ ਉਕਤ ਨਗਰ ਵਿੱਚ ਕਿਸੇ ਚੋਣ ਦੌਰਾਨ ਵੀ ਆਪਸੀ ਪ੍ਰੇਮ ਤੇ ਭਾਈਚਾਰੇ ਵਿੱਚ ਪਾੜਾ ਨਹੀਂ ਸੀ ਦਿਖਾਈ ਦਿੱਤਾ।

No comments:

Post Top Ad

Your Ad Spot