ਦੇਸ਼ ਭਗਤ ਕਮੇਟੀ ਨੇ ਗ਼ਦਰੀ ਬਾਬਿਆਂ ਦੇ ਮੇਲੇ 'ਤੇ ਮਾਰੀ ਪੜਚੋਲਵੀ ਝਾਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 9 December 2017

ਦੇਸ਼ ਭਗਤ ਕਮੇਟੀ ਨੇ ਗ਼ਦਰੀ ਬਾਬਿਆਂ ਦੇ ਮੇਲੇ 'ਤੇ ਮਾਰੀ ਪੜਚੋਲਵੀ ਝਾਤ

ਸਾਹਿਤਕ ਸਭਿਆਚਾਰਕ ਸਰਗਰਮੀਆਂ ਦੀ ਲੜੀ ਤੋਰਨ ਦਾ ਲਿਆ ਫੈਸਲਾ
ਜਲੰਧਰ 9 ਦਸੰਬਰ (ਜਸਵਿੰਦਰ ਆਜ਼ਾਦ)-
ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਪਰਿਵਾਰ ਵਿੱਚ ਅਣਥੱਕ ਸੇਵਾਵਾਂ ਅਰਪਣ ਕਰਨ ਵਾਲੇ ਸਦੀਵੀ ਵਿਛੋੜਾ ਦੇ ਗਏ ਬਾਬਾ ਚੂਹੜ ਸਿੰਘ ਬੱਜੋਂ ਨੂੰ ਖੜੇ ਹੋ ਕੇ ਸ਼ਰਧਾਂਜ਼ਲੀ ਅਰਪਿਤ ਕਰਨ ਨਾਲ ਹੋਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਮੀਟਿੰਗ ਵਿੱਚ ਗ਼ਦਰੀ ਬਾਬਿਆਂ ਦੇ 26ਵੇਂ ਮੇਲੇ ਤੇ ਪੜਚੋਲਵੀ ਨਜ਼ਰ ਮਾਰਦਿਆਂ ਇਹ ਸਿੱਟਾ ਕੱਢਿਆ ਕਿ ਰੂਸੀ ਸਮਾਜਵਾਦੀ ਇਨਕਲਾਬ ਦੀ 100ਵੀਂ ਵਰੇਗੰਢ ਨੂੰ ਸਮਰਪਤ ਤਿੰਨ ਰੋਜ਼ਾ ਮੇਲਾ ਰੂਸੀ ਇਨਕਲਾਬ ਦੀ ਇਤਿਹਾਸਕ ਮਹੱਤਤਾ ਅਤੇ ਸਾਡੇ ਸਮਿਆਂ ਦੇ ਭਖ਼ਦੇ ਸਰੋਕਾਰਾ ਨੂੰ ਆਪਣੀਆਂ ਕਲਾ ਕਿਰਤਾਂ, ਤਕਰੀਰਾਂ ਅਤੇ ਵੰਨ-ਸੁਵੰਨੇ ਮੁਕਾਬਲਿਆਂ ਰਾਹੀਂ ਮੁਖ਼ਾਤਬ ਹੋਣ ਵਿੱਚ ਸਫ਼ਲ ਰਿਹਾ।
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਲਏ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਪੇਸ਼ ਨਾਟਕਾਂ, ਗੀਤ-ਸੰਗੀਤ, ਕਵੀ ਦਰਬਾਰ, ਦਸਤਾਵੇਜ਼ੀ ਫ਼ਿਲਮਾਂ ਸ਼ੋਅ, ਝੰਡੇ ਦਾ ਗੀਤ, ਪੁਸਤਕ ਪਰਦਰਸ਼ਨੀ ਅਤੇ ਮੰਚ ਤੋਂ ਦਿੱਤੇ ਉਭਰਵੇਂ ਸੁਨੇਹੇ ਕਿਰਤੀ ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਬੇਰੁਜ਼ਗਾਰਾਂ ਮਿਹਨਤਕਸ਼, ਔਰਤਾਂ ਦੇ ਦਮ ਅਤੇ ਦੁੱਖੜੇ ਦੀ ਬਾਤ ਪਾਉਂਦੇ ਹੋਏ, ਰੂਸੀ ਕਰਾਂਤੀ ਤੋਂ ਰੌਸ਼ਨੀ ਲੈ ਕੇ ਉਹਨਾਂ ਦੀ ਮੁਕਤੀ ਦਾ ਮਾਰਗ ਉਭਾਰਨ ਵਿੱਚ ਮੇਲੇ ਨੇ ਆਪਣੀ ਬਣਦੀ ਇਤਿਹਾਸਕ ਭੂਮਿਕਾ ਅਦਾ ਕੀਤੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਉਚੇਚੇ ਤੌਰ 'ਤੇ ਮੇਲੇ ਨੂੰ ਸਫ਼ਲ ਕਰਨ ਲਈ ਲੋਕ-ਜੱਥੇਬੰਦੀਆਂ ਅਤੇ ਵਿਅਕਤੀਆਂ ਵੱਲੋਂ ਦਿੱਤੇ ਭਰਵੇਂ ਸਹਿਯੋਗ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਸਭਿਆਚਾਰਕ ਵਿੰਗ ਦੀ ਵਿਸ਼ਾਲ ਮੀਟਿੰਗ ਵੱਲੋਂ ਆਏ ਸੁਝਾਵਾਂ ਨੂੰ ਪ੍ਰਵਾਨ ਕਰਦਿਆਂ ਕਮੇਟੀ ਨੇ ਸਾਲ ਭਰ ਨਿਰੰਤਰ ਸਾਹਿਤਕ/ਸਭਿਆਚਾਰਕ ਸਰਗਰਮੀਆਂ ਦੀ ਲੜੀ ਜਾਰੀ ਰੱਖਣ ਅਤੇ ਅਗਲੇ ਮੇਲੇ ਨੂੰ ਹੋਰ ਵੀ ਮਿਆਰੀ ਬਣਾਉਣ ਲਈ ਉਹਨਾਂ ਸਰਗਰਮੀਆਂ ਅਤੇ ਜਨਤਕ ਸਾਹਿਤਕ ਦਾ ਕੜੀ-ਜੋੜ ਬਣਾਉਣ ਦਾ ਫੈਸਲਾ ਲਿਆ। ਕਮੇਟੀ ਨੇ ਕਵੀ ਅਮਰਜੀਤ ਚੰਦਨ ਵੱਲੋਂ ਭੇਜੀਆਂ ਮੁਸਲਮਾਨ ਭਾਈਚਾਰੇ ਵਿੱਚ ਜਨਮੇ ਭੁੱਲੇ ਵਿਸਰੇ ਇਨਕਲਾਬੀ ਦੇਸ਼ ਭਗਤ ਆਜ਼ਾਦੀ ਸੰਗਰਾਮੀਆਂ ਦੀ ਤਸਵੀਰਾਂ ਭੇਜਣ 'ਤੇ ਉਨਾਂ ਦਾ ਧੰਨਵਾਦ ਵੀ ਕੀਤਾ ਅਤੇ ਤੁਰੰਤ ਅਜਾਇਬਘਰ ਵਿੱਚ ਸਸ਼ੋਭਿਤ ਕਰਨ ਦਾ ਫੈਸਲਾ ਵੀ ਲਿਆ।
ਕਮੇਟੀ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਨੇ ਪੰਜਾਬੀ ਟ੍ਰਿਬਿਊਨ ਦੇ ਬੰਗਾ ਤੋਂ ਪੱਤਰ ਪ੍ਰੇਰਕ ਸੁਰਜੀਤ ਮਜਾਰੀ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਇੱਕ ਉੱਚ ਅਧਿਕਾਰੀ ਵੱਲੋਂ ਬੇਅਦਬੀ ਕਰਨ ਦੀ ਖ਼ਬਰ ਲਾਏ ਜਾਣ 'ਤੇ ਪੰਜਾਬ ਸਰਕਾਰ ਵੱਲੋਂ ਉਸ ਅਧਿਕਾਰੀ ਨੂੰ ਦਿੱਤੀ ਸਜ਼ਾ ਦੇ ਬਾਵਜੂਦ ਪੱਤਰ ਪ੍ਰੇਰਕ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਅਤੇ ਝੂਠੇ ਕੇਸ ਵਿੱਚ ਉਲਝਾਉਣ ਦੀ ਜ਼ੋਰਦਾਰ ਨਿੰਦਾ ਕਰਦਿਆਂ ਜਮਹੂਰੀਅਤ, ਇਨਸਾਫ਼ਪਸੰਦ ਜਥੇਬੰਦੀਆਂ ਅਤੇ ਪੱਤਰਕਾਰ ਭਾਈਚਾਰੇ ਨੂੰ ਸੁਰਜੀਤ ਮਜਾਰੀ ਦੇ ਹੱਕ ਵਿੱਚ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।

No comments:

Post Top Ad

Your Ad Spot