16 ਨਵੰਬਰ 13 ਸ਼ਹੀਦਾਂ ਦਾ ਦਿਹਾੜਾ-ਅਤੀਤ, ਅੱਜ ਅਤੇ ਭਲਕ ਬਾਰੇ ਵਿਚਾਰਨ ਦਾ ਦਿਹਾੜਾ-ਅਮੋਲਕ ਸਿੰਘ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 14 November 2017

16 ਨਵੰਬਰ 13 ਸ਼ਹੀਦਾਂ ਦਾ ਦਿਹਾੜਾ-ਅਤੀਤ, ਅੱਜ ਅਤੇ ਭਲਕ ਬਾਰੇ ਵਿਚਾਰਨ ਦਾ ਦਿਹਾੜਾ-ਅਮੋਲਕ ਸਿੰਘ

ਜਲੰਧਰ 14 ਨਵੰਬਰ (ਜਸਵਿੰਦਰ ਆਜ਼ਾਦ)- ਕੇਂਦਰੀ ਜੇਲ ਲਾਹੌਰ ਅੰਦਰ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸੁਰ ਸਿੰਘ, ਬਖਸ਼ੀਸ਼ ਸਿੰਘ ਗਿੱਲਵਾਲੀ, ਸੁਰੈਣ ਸਿੰਘ ਵੱਡਾ ਗਿੱਲਵਾਲੀ, ਸੁਰੈਣ ਸਿੰਘ ਛੋਟਾ ਗਿੱਲਵਾਲੀ ਅਤੇ ਹਰਨਾਮ ਸਿੰਘ ਸਿਆਲਕੋਟੀ ਆਪਣੇ ਪਿਆਰੇ ਵਤਨ ਦੀ ਆਜ਼ਾਦੀ ਲਈ ਸੰਗਰਾਮ ਕਰਦੇ ਹੋਏ ਹੱਸਦਿਆਂ, ਫਾਂਸੀ ਦੇ ਰੱਸੇ ਚੁੰਮ ਗਏ। ਬਰਮਾਂ ਸਾਜ਼ਸ਼ ਕੇਸ ਤਹਿਤ 14 ਨਵੰਬਰ ਨੂੰ ਹਰਨਾਮ ਸਿੰਘ ਸਾਹਰੀ (ਹੁਸ਼ਿਆਰਪੁਰ), ਨਰਾਇਣ ਸਿੰਘ ਬੱਲੋਂ (ਪਟਿਆਲਾ), 15 ਨਵੰਬਰ ਨੂੰ ਚਾਲੀਆ ਰਾਮ ਸਾਹਨੇਵਾਲ (ਲੁਧਿਆਣਾ), ਵਿਸਾਵਾ ਸਿੰਘ ਬਾੜਾ (ਹੁਸ਼ਿਆਰਪੁਰ) ਅਤੇ 16 ਨਵੰਬਰ ਨਿਰੰਜਣ ਸਿੰਘ ਸੰਗਤਪੁਰਾ, ਪਾਲਾ ਸਿੰਘ ਸ਼ੇਰਪੁਰ ਲੁਧਿਆਣਾ ਨੂੰ ਫਾਂਸੀ ਦੇ ਤਖ਼ਤੇ 'ਤੇ ਲਟਕਾਇਆ ਗਿਆ। ਬਰਤਾਨਵੀ ਸਾਮਰਾਜ ਨੇ ਉਹਨਾਂ ਸਭਨਾਂ ਦੇਸ਼ ਭਗਤ, ਇਨਕਲਾਬੀ ਲਹਿਰਾਂ ਅਤੇ ਉਹਨਾਂ ਦੇ ਸੰਗਰਾਮੀਆਂ ਨੂੰ ਫਾਂਸੀ, ਕਾਲੇ ਪਾਣੀ, ਜੇਲਾਂ, ਗੋਲੀਆਂ, ਜੂਹ ਬੰਦੀਆਂ ਅਤੇ ਜ਼ਾਬਰਾਨਾ ਛਮਕਾਂ ਨਾਲ ਨਿਵਾਜ਼ਿਆ ਜਿਹਨਾਂ ਦਾ ਉੱਚਾ-ਸੁੱਚਾ ਅਤੇ ਮਹਾਨ ਆਦਰਸ਼, ਆਪਣੇ ਦੇਸ਼ ਨੂੰ ਦੇਸੀ-ਬਦੇਸ਼ੀ ਹਰ ਵੰਨਗੀ ਦੀ ਗ਼ੁਲਾਮੀ, ਦਾਬੇ, ਵਿਤਕਰੇ ਅਤੇ ਜ਼ਬਰ ਸਿਤਮ ਤੋਂ ਮੁਕੰਮਲ ਮੁਕਤ ਕਰਾਉਣਾ ਸੀ। ਜਿਨਾਂ ਦਾ ਸਾਫ਼ ਅਤੇ ਸਪੱਸ਼ਟ ਨਿਸ਼ਾਨਾ ਸੰਪੂਰਣ ਆਜ਼ਾਦੀ, ਜਮਹੂਰੀਅਤ, ਸਾਂਝੀਵਾਲਤਾ ਦਾ ਲੋਕ-ਪੁੱਗਤ ਵਾਲਾ ਨਿਜ਼ਾਮ ਸਿਰਜਣਾ ਸੀ।
16 ਨਵੰਬਰ ਨੂੰ ਇਕੋ ਤਖ਼ਤੇ ਨਾਲ ਲਟਕਾਏ ਗਏ, ਸੱਤ ਮਹਾਨ ਦੇਸ਼ ਭਗਤਾਂ ਅਤੇ ਬਰਮਾਂ ਸਾਜ਼ਸ਼ ਕੇਸ ਦੇ 6 ਆਜ਼ਾਦੀ ਘੁਲਾਟੀਏ, ਜਿਸ ਤਰਾਂ ਦਾ ਆਜ਼ਾਦੀ ਉਪਰੰਤ ਸਾਡੇ ਮੁਲਕ ਦਾ ਨਕਸ਼ਾ ਚਿਤਵਦੇ ਸਨ ਉਸਦਾ ਨਾਮੋ ਨਿਸ਼ਾਨ ਮਿਟਾਉਣ ਲਈ ਇਹਨਾਂ ਦੇ ਜਿਸਮਾਂ ਨੂੰ ਨਹੀਂ ਅਸਲ ਵਿੱਚ ਇਹਨਾਂ ਦੀ ਸੋਚ ਨੂੰ ਫਾਹੇ ਲਾਉਣ ਦੇ ਕਾਲੇ ਮਨਸੂਬੇ ਘੜੇ ਗਏ ਸਨ। ਕਿਸੇ ਹੱਦ ਤੱਕ ਬਰਤਾਨਵੀ ਸਾਮਰਾਜੀਏ ਅਤੇ ਉਹਨਾਂ ਦੇ ਜੀ ਹਜ਼ੂਰੀਏ ਸਫ਼ਲ ਵੀ ਹੋਏ ਹਨ ਪਰ ਇਹ ਵਕਤੀ ਵਰਤਾਰਾ ਸੀ। ਲੋਕ-ਮੁਕਤੀ ਨੂੰ ਪ੍ਰਨਾਏ ਵਿਚਾਰਾਂ ਦੀ ਕਦੇ ਹੱਤਿਆ ਨਹੀਂ ਹੁੰਦੀ।
ਅੱਜ ਜਿਸ ਤਰਾਂ ਦੀ ਚੌਪਾਸੀ ਮਾਰ ਸਾਡੇ ਮੁਲਕ ਦੇ ਲੋਕ ਝੱਲ ਰਹੇ ਹਨ, ਇਸ ਦੀ ਆਧਾਰਸ਼ਿਲਾ ਉਸ ਵੇਲੇ ਹੀ ਰੱਖ ਦਿੱਤੀ ਗਈ ਸੀ ਜਦੋਂ ਮੁਲਕ ਦੇ ਟੋਟੇ ਕਰਕੇ, ਜਾਗੀਰਦਾਰਾ, ਰਜਵਾੜਿਆਂ, ਬਦੇਸ਼ੀ ਅਤੇ ਦੇਸੀ ਪੂੰਜੀ ਨੂੰ ਸਲਾਮਤ ਰੱਖਣ ਦੇ ਕੌਲ-ਕਰਾਰ ਕੀਤੇ ਗਏ। ਨਿੱਕੜੀ ਉਮਰ ਦੇ ਕਰਤਾਰ ਸਿੰਘ ਸਰਾਭੇ ਵਰਗੇ ਉੱਚੀ ਪਰਵਾਜ਼ ਭਰਨ ਵਾਲੇ ਇਨਕਲਾਬੀ ਜ਼ਿੰਦਗੀ ਦੇ ਆਖਰੀ ਦਮ ਤੱਕ ਕਹਿੰਦੇ ਰਹੇ ਕਿ ਆਜ਼ਾਦੀ ਦੇ ਅਸਲੀ ਤੈਰਾਨੇ ਦੀ ਸਰਗਮ ਜੋ ਅਸੀਂ ਸੋਚੀ ਸੀ ਇਹ ਉਹ ਨਹੀਂ। ਅਜੇ ਕਾਲੀ ਬੋਲੀ ਰਾਤ ਦਾ ਪੈਂਡਾ ਲੰਮੇਰਾ ਹੈ। ਅਜੇ ਉਹ ਸੁਬਹ ਨਹੀਂ ਆਈ।
ਦਮ-ਘੁਟਵੇਂ ਅਜੋਕੇ ਸਮਾਜ ਅੰਦਰ, ਆਰਥਕ-ਸਮਾਜਕ, ਰਾਜਨੀਤਕ ਦਾਬੇ ਦੇ ਝੰਬੇ ਲੋਕ ਭੁੱਖ, ਨੰਗ, ਗਰੀਬੀ, ਕਰਜ਼ੇ, ਮੰਦਹਾਲੀ, ਖੁਦਕੁਸ਼ੀਆਂ, ਫ਼ਿਰਕਾਪ੍ਰਸਤੀ, ਜਾਤ-ਪਾਤ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉਪਰ ਪਾਬੰਦੀਆਂ, ਕਤਲੋਗਾਰਦ, ਉਜਾੜੇ, ਬੇਪਤੀਆਂ ਅਤੇ ਕੁੱਟਾਂ ਮਾਰਾਂ ਦੇ ਜੋ ਝੱਖੜ ਆਪਣੇ ਪਿੰਡੇ 'ਤੇ ਝੱਲ ਰਹੇ ਹਨ। ਇਸ ਹਨੇਰੀ ਰਾਤ ਅੰਦਰ ਆਜ਼ਾਦੀ ਸੰਗਰਾਮ ਦੇ ਸੂਰਮੇ ਸ਼ਹੀਦ ਚਾਨਣ ਦੀ ਇੱਕ ਲੀਕ ਦੀ ਮਾਣਮੱਤੀ ਇਤਿਹਾਸਕ ਭੂਮਿਕਾ ਅਦਾ ਕਰ ਰਹੇ ਹਨ। ਉਹ ਭੁੱਲੀ-ਭਟਕੀ ਜੁਆਨੀ ਲਈ ਚਾਨਣ ਮੁਨਾਰਾ ਹਨ। ਸਾਡੇ ਸਮਿਆਂ ਅੰਦਰ ਕੀ ਕਰਨਾ ਲੋੜੀਏ ਇਸ ਦੀਆਂ ਇਤਿਹਾਸਕ ਪੈੜਾਂ, ਆਜ਼ਾਦੀ ਸੰਗਰਾਮ ਦੇ ਮਘਦੇ ਰਹੇ ਪਿੜਾਂ ਤੋਂ ਲੈ ਕੇ 13 ਸਾਥੀਆਂ ਦੇ ਫਾਂਸੀ ਦੇ ਫੰਦੇ ਤੱਕ ਦੀ ਪ੍ਰੇਰਨਾਦਾਇਕ ਦਾਸਤਾਂ ਸੁਣਾ ਰਹੀਆਂ ਹਨ।
ਅਜੇਹੀ ਇਤਿਹਾਸਕ ਗਾਥਾ ਪੇਸ਼ ਕਰਦਾ ਹੈ ਹਰ ਵਾਰ ਦੇਸ਼ ਭਗਤ ਯਾਦਗਾਰ ਹਾਲ ਅੰਦਰ ਲੱਗਦਾ 'ਮੇਲਾ ਗ਼ਦਰੀ ਬਾਬਿਆਂ ਦਾ'। ਮੇਲੇ ਉਪਰੰਤ 16 ਨਵੰਬਰ ਨੂੰ ਇਹਨਾਂ ਸੱਤਾਂ ਸਾਥੀਆਂ ਦੇ ਸ਼ਹੀਦੀ ਦਿਨ ਮੌਕੇ ਬਰਮਾਂ ਸਾਜ਼ਿਸ਼ ਕੇਸ ਸਬੰਧੀ ਮਾਂਡਲੇ ਜੇਲ ਵਿੱਚ ਜੋ ਫਾਂਸੀ ਲੱਗੇ ਉਹਨਾਂ ਦੀ ਅਦੁੱਤੀ ਦੇਣ ਨੂੰ ਵੀ ਨਤਮਸਤਕ ਹੋਣ ਦਾ ਦਿਨ ਹੈ।
ਇਹਨਾਂ ਸਭਨਾਂ ਨੂੰ ਯਾਦ ਕਰਨ ਲਈ 16 ਨਵੰਬਰ ਦਿਨ ਵੇਲੇ, ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਵਿਚਾਰ-ਚਰਚਾ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਦੀਆਂ ਅਮਿੱਟ ਪੈੜਾਂ ਨੂੰ ਸਮਝਦਿਆਂ, ਸਾਡੇ ਅੱਜ ਅਤੇ ਆਉਣ ਵਾਲੇ ਕੱਲ ਦਾ ਮੁੱਖੜਾ ਨਿਹਾਰਨ ਲਈ ਨਵੇਂ ਮਾਰਗ ਤਲਾਸ਼ਣ ਵੱਲ ਸਾਰਥਕ ਕਦਮ ਚੁੱਕਣ ਵਾਲੇ ਸਾਰਥਕ ਉਪਰਾਲੇ ਕੀਤੇ ਜਾ ਸਕਣ।

No comments:

Post Top Ad

Your Ad Spot