ਨਵੀਆਂ ਪੈੜਾਂ ਪਾਉਂਦਾ ਸੰਪਨ ਹੋਇਆ ਦਮਦਮਾ ਸਾਹਿਬ ਸਾਹਿਤ ਸਭਾ ਵੱਲੋਂ ਕਰਵਾਇਆ ਕਵੀ ਦਰਬਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 24 November 2017

ਨਵੀਆਂ ਪੈੜਾਂ ਪਾਉਂਦਾ ਸੰਪਨ ਹੋਇਆ ਦਮਦਮਾ ਸਾਹਿਬ ਸਾਹਿਤ ਸਭਾ ਵੱਲੋਂ ਕਰਵਾਇਆ ਕਵੀ ਦਰਬਾਰ

ਪੰਜਾਬ ਭਰ ਦੇ ਨਾਮਵਰ ਕਵੀਆਂ ਨੇ ਕੀਤੀ ਸ਼ਿਰਕਤ
ਤਲਵੰਡੀ ਸਾਬੋ, 24 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਮਾਜ ਨੂੰ ਸਾਹਿਤ ਦੇ ਖੇਤਰ ਵਿੱਚ ਉੱਚੀ ਸੋਚ ਵਾਲਾ ਕਰਨ ਦੇ ਮਕਸਦ ਅਤੇ ਤਲਵੰਡੀ ਸਾਬੋ ਦੇ ਪ੍ਰਸਿੱਧ ਸ਼ਾਇਰ ਜਗਰੂਪ ਸਿੰਘ ਮਾਨ ਦੀ ਨਿੱਘੀ ਯਾਦ ਨੂੰ ਸਮਰਪਿਤ ਦਮਦਮਾ ਸਾਹਿਬ ਸਾਹਿਤ ਸਭਾ ਰਜਿ: ਤਲਵੰਡੀ ਸਾਬੋ ਵੱਲੋਂ ਇੱਕ ਵਿਸ਼ਾਲ ਕਵੀ ਦਰਬਾਰ ਸਥਾਨਕ ਖਾਲਸਾ ਸਕੂਲ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਭਰ ਦੇ ਹੀ ਨਹੀਂ ਸਗੋਂ ਗੁਆਂਢੀ ਸੂਬੇ ਹਰਿਆਣਾ ਤੋਂ ਵੀ ਕਵੀਆਂ ਨੇ ਸ਼ਿਰਕਤ ਕੀਤੀ। ਇਸ ਵਿਸ਼ਾਲ ਕਵੀ ਦਰਬਾਰ ਵਿੱਚ ਜਿੱਥੇ ਉੱਘੇ ਸਮਾਜ ਸੇਵਕ ਅਤੇ ਸਾਹਿਤ ਪ੍ਰੇਮੀ ਜਗਤਾਰ ਸਿੰਘ ਮੈਨੂਆਣਾ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰੀ ਭਰੀ ਉੱਥੇ ਡਾ. ਲਾਭ ਸਿੰਘ ਖੀਵਾ (ਡੀਨ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ), ਪ੍ਰਿੰ. ਜਗਦੀਸ਼ ਸਿੰਘ ਘਈ, ਪ੍ਰਸਿੱਧ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆ, ਡਾ. ਜਗਰੂਪ ਸਿੰਘ ਐੱਮ. ਡੀ. ਅਤੇ ਸਭਾ ਦੇ ਪ੍ਰਧਾਨ ਸ੍ਰੀ ਜਨਕ ਰਾਜ ਜਨਕ ਜੀ ਹੋਰਾਂ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸਾਹਿਤ ਦੇ ਖੇਤਰ 'ਚ ਮੱਲਾਂ ਮਾਰਨ ਵਾਲੇ ਅਤੇ ਲੰਬੀਆਂ ਪੁਲਾਘਾਂ ਪੁੱਟ ਰਹੇ ਸ਼ਬਦ ਤ੍ਰਿੰਝਣ ਮੈਗਜੀਨ ਦੇ ਮੁੱਖ ਸੰਪਾਦਕ ਅਤੇ ਉੱਘੇ ਵਿਅੰਗਕਾਰ ਸ੍ਰੀ ਮੰਗਤ ਕੁਲਜਿੰਦ ਯੂ. ਐੱਸ. ਏ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਦੀ ਸ਼ੁਰੂਆਤ ਗੁਰਸੇਵਕ ਸਿੰਘ ਬੀੜ ਦੀ ਵਿਅੰਗਮਈ ਕਵਿਤਾ ਨਾਲ ਕੀਤੀ ਗਈ, ਇਸ ਤੋਂ ਬਾਅਦ ਚੱਲੇ ਕਵਿਤਾ ਦੌਰ ਦੌਰਾਨ ਸੁਖਦਰਸ਼ਨ ਗਰਗ, ਭੁਪਿੰਦਰ ਪੰਨੀਵਾਲੀਆ, ਜਨਕ ਰਾਜ ਸ਼ਰਮੀਲਾ, ਸਟੇਟ ਐਵਾਰਡੀ ਮਾ. ਰੇਵਤੀ ਪ੍ਰਸ਼ਾਦ ਸ਼ਰਮਾ ਜੀ, ਦਰਸ਼ਨ ਸਿੰਘ ਭੰਮੇ, ਪੱਤਰਕਾਰ ਨਿਰੰਜਨ ਸਿੰਘ ਪ੍ਰੇਮੀ, ਕਵੀ ਆਲੋਚਕ ਅਤੇ ਪੱਤਰਕਾਰ ਜਗਦੀਪ ਗਿੱਲ, ਕੰਵਲਜੀਤ ਕੁਟੀ, ਦਰਸ਼ਨ ਸਿੰਘ ਚੱਠਾ, ਕੁਲਦੀਪ ਬੰਗੀ, ਪ੍ਰਿੰ. ਰਾਜ ਸਿੰਘ ਬਾਘਾ, ਹਰਦਰਸ਼ਨ ਸਿੰਘ ਸੋਹਲ, ਗੁਰਪ੍ਰੀਤ ਮਾਨਸਾ, ਦਮਜੀਤ ਦਰਸ਼ਨ, ਅਜਮੇਰ ਦੀਵਾਨਾ, ਜੀਤ ਸਿੰਘ ਚਹਿਲ, ਹਰਪ੍ਰੀਤ ਕੌਰ ਔਲਖ, ਤਰਸੇਮ ਬਰਨਾਲਾ, ਦਿਲਜੀਤ ਬੰਗੀ, ਮਾ. ਬੂਟਾ ਸਿੰਘ ਸਨਾਮੀ, ਕੁਲਵਿੰਦਰ ਚਾਨੀ, ਮਾ. ਸੁਰਿੰਦਰਪਾਲ ਸਿੰਘ ਕਾਲਾਂਵਾਲੀ ਅਤੇ ਗੁਰਜੀਤ ਸਿੰਘ ਭੀਟੀਵਾਲਾ ਅਨੇਕਾਂ ਹੋਰ ਕਵੀਆਂ ਨੇ ਆਪਣੇ ਆਪਣੇ ਕਲਾਮ ਪੇਸ਼ ਕਰਕੇ ਵੱਖਰਾ ਰੰਗ ਬੰਨ੍ਹਿਆ। ਅਮਨ ਦਾਤੇਵਾਸੀਆਂ ਦੁਆਰਾ ਤਰੱੱਨਮ 'ਚ ਗਾਈ ਗ਼ਜ਼ਲ 'ਅਸੀਂ ਅੱਜ ਵੀ ਮੁਖਾਤਿਬ ਹਾਂ ਵਤਨ ਦੇ ਨੌਜਵਾਨਾਂ ਨੂੰ, ਬੁਲੰਦੀ ਕੁੱਝ ਨਹੀਂ ਕਹਿੰਦੀ ਉਚੇਰੇ ਆਸਮਾਨਾਂ ਨੂੰ' ਨੇ ਜਿੱਥੇ ਆਪਣੇ ਦੇਸ਼ ਪ੍ਰਤੀ ਪ੍ਰੇਮ ਪੈਦਾ ਕਰ ਗਈ ਉੱਥੇ ਔਖੇ ਰਸਤਿਆਂ ਨੂੰ ਹੱਸ ਕੇ ਸਰ ਕਰਨ ਦਾ ਵੱਡਾ ਸੁਨੇਹਾ ਦੇ ਗਈ। ਮਾ. ਰੇਵਤੀ ਪ੍ਰਸ਼ਾਦ ਜੀ ਨੇ 'ਕਵੀ ਲੋਕ ਇਸ ਜਗਤ ਸਰਾਂ ਦੀ ਸ਼ਾਨ ਵਧਾਉਂਦੇ ਐ' ਨੇ ਚੰਗੀ ਵਾਹ-ਵਾਹ ਖੱਟੀ।
ਸਨਮਾਨ ਸਮਾਰੋਹ ਮੌਕੇ ਸ੍ਰੀ ਮੰਗਤ ਕੁਲਿੰਜਦ ਯੂ. ਐੱਸ. ਏ ਦਾ ਸਨਮਾਨ ਕਰਦਿਆਂ ਡਾ. ਗੁਰਦੇਵ ਸਿੰਘ ਖੋਖਰ ਅਤੇ ਸ੍ਰੀ ਜਸਪਾਲ ਮਾਨਖੇੜਾ ਨੇ ਉਹਨਾਂ ਦੀ ਸਖਸ਼ੀਅਤ ਬਾਰੇ ਚੰਦ ਸ਼ਬਦ ਕਹੇ ਅਤੇ ਸਨਮਾਨ ਪੱਤਰ ਬਲਵਿੰਦਰ ਸਿੰਘ ਬਾਘਾ ਦੁਆਰਾ ਪੜ੍ਹਨ ਤੋਂ ਬਾਅਦ ਸ੍ਰੀ ਕੁਲਜਿੰਦ ਨੂੰ ਵਿਸ਼ੇਸ਼ ਸਨਮਾਨ ਪੱਤਰ ਅਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸ੍ਰੀ ਕੁਲਜਿੰਦ ਨੇ ਸੰਬੋਧਨ ਕਰਦਿਆਂ ਜਿੱਥੇ ਅੱਜ ਸਨਮਾਨਿਤ ਹੋਣ ਦੀ ਖੁਸ਼ੀ ਜਾਹਿਰ ਕੀਤੀ ਉੱਥੇ ਉਹਨਾਂ ਪੰਜਾਬੀ ਮਾਂ ਬੋਲੀ ਨੂੰ ਜਿਉਂਦਾ ਜਾਗਦਾ ਰੱਖਣ ਲਈ ਉਹਨਾਂ ਵੱਲੋਂ ਹਰ ਉਪਰਾਲੇ ਕਰਨ ਦੀ ਗੱਲ ਕੀਤੀ। ਉਹਨਾਂ ਯਕੀਨ ਦੁਵਾਉਂਦਿਆ ਕਿਹਾ ਕਿ ਉਹ ਭਾਵੇਂ ਅੱਜ ਅਮਰੀਕਾ 'ਚ ਰਹਿ ਰਹੇ ਹਨ ਪ੍ਰੰਤੂ ਪੰਜਾਬੀ ਮਾਂ ਬੋਲੀ ਦੀ ਉਹ ਆਖਰੀ ਸਾਹਾਂ ਤੱਕ ਸੇਵਾ ਕਰਦੇ ਰਹਿਣਗੇ।
ਸਮਾਗਮ ਦੇ ਮੁੱਖ ਮਹਿਮਾਨ ਸ. ਜਗਤਾਰ ਸਿੰਘ ਮੈਨੂਆਣਾ ਨੇ ਆਪਣੇ ਸੰਬੋਧਨ ਵਿੱਚ ਕਵਿਤਾ ਅੰਦਰ ਕਵੀ ਵੱਲੋਂ ਵਿੰਨ੍ਹੇ ਸ਼ਬਦਾਂ ਦੇ ਤੀਰਾਂ ਦੀ ਤਾਕਤ ਦੀ ਗੱਲ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਜ਼ਫਰਨਾਮਾ ਇੱਕ ਕਵਿਤਾ ਦੇ ਰੂਪ 'ਚ ਹੀ ਸੀ ਜਿਸ ਦੇ ਸ਼ਬਦਾਂ ਦੀ ਤਾਕਤ ਨੇ ਔਰੰਗਜ਼ੇਬ ਦਾ ਅੰਤ ਕਰ ਦਿੱਤਾ ਸੀ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਲਾਭ ਸਿੰਘ ਖੀਵਾ ਜੀ ਨੇ ਜਿੱਥੇ ਪ੍ਰਾਚੀਨ ਕਾਲ ਤੋਂ ਲੈ ਕੇ ਆਧੁਨਿਕ ਕਾਲ ਦੀ ਕਵਿਤਾ ਦੀ ਗੱਲ ਕਰਦਿਆਂ ਕਿਹਾ ਕਿ ਕਵਿਤਾ ਇੱਕ ਐਸੀ ਵਿਧਾ ਹੈ ਜਿਸ ਨੂੰ ਲੋਕ ਮੁੱਢ ਕਦੀਮ ਤੋਂ ਲੈ ਕੇ ਪਿਆਰਦੇ ਆ ਰਹੇ ਹਨ ਅਤੇ ਜਦੋਂ ਤੱਕ ਮਨੁੱਖ ਇਸ ਧਰਤੀ 'ਤੇ ਜਿਉਂਦਾ ਹੈ ਉਦੋਂ ਤੱਕ ਕਵਿਤਾ ਨਹੀਂ ਮਰਦੀ। ਉਹਨਾਂ ਨੇ ਜਿੱਥੇ ਕਵੀਆਂ ਨੂੰ ਚੰਗੀ ਸੇਧ ਦੇਣ ਵਾਲੀ ਕਵਿਤਾ ਲਿਖਣ ਦੀ ਅਪੀਲ ਕੀਤੀ ਉੱਥੇ ਉਹਨਾਂ ਇਸ ਸਮਾਗਮ ਦੀ ਸਰਾਹਨਾ ਵੀ ਕੀਤੀ। ਸਾਰੇ ਸਮਾਗਮ ਮੌਕੇ ਸਟੇਜ ਦੀ ਭੂਮਿਕਾ ਸ੍ਰੀ ਤਰਸੇਮ ਬੁੱਟਰ ਜੀ ਨੇ ਬਾਖੂਬੀ ਨਿਭਾਈ।
ਇਸ ਸਮਾਗਮ ਮੌਕੇ ਸਭਾ ਦੇ ਸਾਰੇ ਅਹੁਦੇਦਾਰਾਂ ਤੋਂ ਇਲਾਵਾ ਸਭਾ ਦੇ ਸਰਪ੍ਰਸਤ ਸੁਖਮਿੰਦਰ ਸਿੰਘ ਭਾਗੀਵਾਂਦਰ, ਅਮਰਜੀਤ ਜੀਤ, ਮਨਦੀਪ ਸਿੰਘ ਮਾਸਟਰ, ਡਾ. ਗੁਰਨਾਮ ਖੋਖਰ, ਖਾਲਸਾ ਸਕੂਲ ਦੀ ਮੈਨਜਮੈਂਟ ਕਮੇਟੀ ਦੇ ਮੈਨੇਜਰ ਸ. ਰਣਜੀਤ ਸਿੰਘ ਮਲਕਾਣਾ, ਗੁਰਤਿੰਰ ਸਿੰਘ ਰਿੰਪੀ ਮਾਨ ਰਘਵੀਰ ਸਿੰਘ ਮਾਨ, ਐਡਵੋਕੇਟ ਅਵਤਾਰ ਸਿੱਧੂ, ਗੁਰਮੀਤ ਬੁੱਟਰ ਅਤੇ ਖੇਤਰ ਦੇ ਸਾਰੇ ਕਵੀ ਜਨ ਹਾਜ਼ਰ ਸਨ।

No comments:

Post Top Ad

Your Ad Spot