ਗ਼ਦਰੀ ਬਾਬਿਆਂ ਦੇ 26ਵੇਂ ਮੇਲੇ ਦੇ ਸਿਖਰਲੇ ਦਿਨ ਝੰਡੇ ਦੇ ਗੀਤ ਨੇ ਮੇਲੇ ਵਿੱਚ ਬੰਨਿਆਂ ਸਮਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 1 November 2017

ਗ਼ਦਰੀ ਬਾਬਿਆਂ ਦੇ 26ਵੇਂ ਮੇਲੇ ਦੇ ਸਿਖਰਲੇ ਦਿਨ ਝੰਡੇ ਦੇ ਗੀਤ ਨੇ ਮੇਲੇ ਵਿੱਚ ਬੰਨਿਆਂ ਸਮਾਂ

  • ਭਖ਼ਦੇ ਸੁਆਲਾਂ ਬਾਰੇ ਗ਼ਦਰੀ ਮੇਲੇ ਨੇ ਦਿੱਤੀ ਦਸਤਕ
  • ਗੰਧਰਵ ਸੇਨ ਕੋਛੜ ਅਤੇ ਰਾਣਾ ਆਯੂਬ ਨੇ ਦਿੱਤੀਆਂ ਭਾਵਪੂਰਤ ਤਕਰੀਰਾਂ
ਜਲੰਧਰ 1 ਨਵੰਬਰ (ਜਸਵਿੰਦਰ ਆਜ਼ਾਦ)- ਗ਼ਦਰੀ ਬਾਬਿਆਂ ਦੇ 26ਵੇਂ ਮੇਲੇ ਦੇ ਸਿਖਰਲੇ ਦਿਨ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ ਨੇ ਕੀਤੀ। ਉਨਾਂ ਦੇ ਨਾਲ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਸੀਨੀਅਰ ਟਰੱਸਟੀ ਨੌਨਿਹਾਲ ਸਿੰਘ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਹਰਵਿੰਦਰ ਭੰਡਾਲ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਹਰਬੀਰ ਕੌਰ ਬੰਨੋਆਣਾ, ਬਲਬੀਰ ਕੌਰ ਬੁੰਡਾਲਾ, ਚਰੰਜੀ ਲਾਲ ਕੰਗਣੀਵਾਲ, ਦੇਵ ਰਾਜ ਨਯੀਅਰ, ਕੁਲਬੀਰ ਸਿੰਘ ਸੰਘੇੜਾ, ਸੁਰਿੰਦਰ ਜਲਾਲਦੀਵਾਲ, ਡਾ. ਕਰਮਜੀਤ ਕੌਰ, ਡਾ. ਰਘਬੀਰ ਕੌਰ, ਭਗਤ ਸਿੰਘ ਝੁੰਗੀਆਂ, ਮਨਜੀਤ ਅਤੇ ਰਮਿੰਦਰ ਪਟਿਆਲਾ ਮੰਚ 'ਤੇ ਹਾਜ਼ਰ ਸਨ। ਐਸ.ਆਰ.ਟੀ.ਡੀ.ਏ.ਵੀ. ਸਕੂਲ ਬਿਲਗਾ ਦੇ ਵਿਦਿਆਰਥੀਆਂ ਦੀ ਬੈਂਡ ਟੀਮ ਵੱਲੋਂ ਸੰਗੀਤਕ ਧੁੰਨਾਂ ਨਾਲ ਆਜ਼ਾਦੀ ਸੰਗਰਾਮੀਆਂ ਨੂੰ ਸਲਾਮ ਕੀਤੀ। ਮੇਲੇ ਵਿੱਚ ਹਾਜ਼ਰੀਨ ਨੂੰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਜੀ ਆਇਆਂ ਆਖਦਿਆਂ ਇਸ ਨੂੰ ਸਫ਼ਲ ਕਰਨ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ।
ਗੰਧਰਵ ਸੇਨ ਕੋਛੜ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਾਰਪੋਰੇਟ ਜਗਤ ਵੱਲੋਂ ਲੋਕਾਂ ਉਪਰ ਬੋਲੇ ਚੌਤਰਫੇ ਹੱਲੇ ਦਾ ਜ਼ਿਕਰ ਕਰਦਿਆਂ ਇਸ ਖਿਲਾਫ਼ ਬੇਖੌਫ਼ ਹੋ ਕੇ ਜਨਤਕ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਉਨਾਂ ਨੇ ਇਤਿਹਾਸ ਦੀਆਂ ਅਮੁੱਲੀਆਂ ਕਦਰਾਂ-ਕੀਮਤਾਂ ਨੂੰ ਅੱਗੇ ਤੋਰਨ ਲਈ ਇੱਕ-ਜੁੱਟ ਅਤੇ ਚੇਤਨ ਹੋ ਕੇ ਜਨਤਕ ਸੰਘਰਸ਼ ਕਰਨ ਲਈ ਅਪੀਲ ਕਰਦਿਆਂ ਕਿਹਾ ਕਿ ਵਿਵਸਥਾ ਬਦਲੇ ਬਗੈਰ ਮਿਹਨਤਕਸ਼ ਲੋਕਾਂ ਨੂੰ ਮੁਕਤੀ ਹਾਸਲ ਨਹੀਂ ਹੋ ਸਕਦੀ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਵੱਲੋਂ ਲਿਖਿਆ ਕਾਵਿ-ਨਾਟ ਰੂਪ ਵਿੱਚ ਝੰਡੇ ਦਾ ਗੀਤ ਜੋ ਕਿ 100 ਤੋਂ ਵੱਧ ਲੜਕੇ-ਲੜਕੀਆਂ ਵੱਲੋਂ ਪੇਸ਼ ਕੀਤਾ ਗਿਆ। ਉਸਨੇ ਜਿਥੇ ਰੂਸੀ ਕ੍ਰਾਂਤੀ, ਗ਼ਦਰ ਲਹਿਰ ਅਤੇ ਇਨਕਲਾਬੀ ਲਹਿਰਾਂ ਨੂੰ ਆਪਣੇ ਕਲਾਵੇ ਵਿੱਚ ਲਿਆ, ਉਥੇ ਅਜੋਕੇ ਸਮੇਂ ਦੇ ਭਖ਼ਦੇ ਸਭਨਾਂ ਮਸਲਿਆਂ ਉਪਰ ਵਿਗਿਆਨਕ ਚੇਤਨਾ ਦੀ ਰੌਸ਼ਨੀ ਪਾਈ ਅਤੇ ਨਵਾਂ-ਨਰੋਆ ਲੋਕਾਂ ਦੀ ਸਰਦਾਰੀ ਵਾਲਾ ਸਮਾਜ ਸਿਰਜਣ ਦਾ ਸਫ਼ਲਤਾ ਪੂਰਵਕ ਸੁਨੇਹਾ ਦਿੱਤਾ। ਮੁੱਖ ਨਿਰਦੇਸ਼ਕ ਹਰਵਿੰਦਰ ਦੀਵਾਨਾ ਤੋਂ ਇਲਾਵਾ ਪੰਜਾਬ ਦੀਆਂ ਦਰਜਣਾਂ ਰੰਗ-ਟੋਲੀਆਂ ਦੇ ਸਹਿ-ਨਿਰਦੇਸ਼ਕਾਂ ਅਤੇ ਕਲਾਕਾਰਾਂ ਵੱਲੋਂ ਤਿਆਰ ਇਸ ਗੀਤ ਨੇ ਇਤਿਹਾਸ, ਰੰਗਮੰਚ, ਸੰਗੀਤ ਅਤੇ ਨ੍ਰਿਤ ਦਾ ਖੂਬਸੂਰਤ ਸੰਗਮ ਪੇਸ਼ ਕੀਤਾ। ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਨੇ ਆਪਣੇ ਸੰਬੋਧਨ ਵਿੱਚ ਇਨਕਲਾਬੀ ਵਿਰਸੇ ਨੂੰ ਅਗੇ ਤੋਰਨ ਉਪਰ ਜ਼ੋਰ ਦਿੱਤਾ। ਇਸ ਮੌਕੇ ਵਿਰਸਾ, ਸੋਵੀਨਰ ਅਤੇ 'ਗ਼ਦਰ ਲਹਿਰ ਦੀ ਕਹਾਣੀ ਗ਼ਦਰੀ ਬਾਬਿਆਂ ਦੀ ਜ਼ੁਬਾਨੀ' ਕਿਤਾਬ ਲੋਕ ਅਰਪਣ ਕੀਤੀਆਂ ਗਈਆਂ। ਨਾਮਧਾਰੀ ਜਥਾ ਭੈਣੀ ਸਾਹਿਬ ਵੱਲੋਂ ਕਲਾਸੀਕਲ ਸੰਗੀਤ, ਅਮਰਜੀਤ ਸਿੰਘ ਸਭਰਾਵਾਂ ਦੇ ਜਥੇ ਵੱਲੋਂ ਢਾਡੀ ਰੰਗ, ਵਿਨੈ ਅਹਿਮਦਾਬਾਦ ਅਤੇ ਇਨਕਲਾਬੀ ਕਵਿਸ਼ਰੀ ਜੱਥਾ ਰਸੂਲਪੁਰ ਵੱਲੋਂ ਭਾਵਪੂਰਤ ਗੀਤ ਅਤੇ ਕਵੀਸ਼ਰੀਆਂ ਪੇਸ਼ ਕੀਤੀਆਂ ਗਈਆਂ।
ਮੇਲੇ ਦੀ ਮੁੱਖ ਵਕਤਾ ਉੱਘੀ ਖੋਜ਼ੀ ਲੇਖਿਕਾ ਰਾਣਾ ਆਯੂਬ ਨੇ ਸੰਬੋਧਨ ਕਰਦਿਆਂ ਸਮਾਂ ਬੰਨ ਦਿੱਤਾ। ਉਨਾਂ ਨੇ ਮੁੱਖ ਜ਼ੋਰ ਦਿੱਤਾ ਕਿ ਅਜੋਕੇ ਫ਼ਿਰਕੂ ਫਾਸ਼ੀ ਦੌਰ ਅੰਦਰ ਵਿਚਾਰਾਂ ਦੀ ਆਜ਼ਾਦੀ ਲਈ ਅਤੇ ਮਾਣਮੱਤੀ ਜ਼ਿੰਦਗੀ ਜੀਉਣ ਲਈ ਚੁੱਪ ਤੋੜ ਕੇ ਬੁਲੰਦ ਆਵਾਜ਼ ਵਿੱਚ ਬੋਲਣਾ ਸਮੇਂ ਦੀ ਲੋੜ ਹੈ। ਉਨਾਂ ਨੇ ਲੋਕਾਂ ਦੀ ਗੱਲ ਕਰਨ ਵਾਲੇ ਪੱਤਰਕਾਰਾਂ, ਲੇਖਕਾਂ ਉਪਰ ਹੁੰਦੇ ਜਾਨਲੇਵਾ ਹਮਲਿਆਂ ਦਾ ਜ਼ਿਕਰ ਕਰਦਿਆਂ ਇਕ ਜ਼ਬਰਦਸਤ ਲੋਕ ਆਵਾਜ਼ ਜਥੇਬੰਦ ਕਰਨ ਲਈ ਸਰੋਤਿਆਂ ਨੂੰ ਝੰਜੋੜਿਆਂ। ਡਾ. ਜਸਮੀਤ ਅੰਮ੍ਰਿਤਸਰ ਵੱਲੋਂ 'ਬਦਲ ਦਿਓ' ਅਤੇ ਚੰਡੀਗੜ ਸਕੂਲ ਆਫ਼ ਡਰਾਮਾ (ਇਕਤਰ) ਵੱਲੋਂ 'ਕੰਮੀਆਂ ਦਾ ਵਿਹੜਾ' ਨਾਟਕ ਪੇਸ਼ ਕੀਤੇ ਗਏ। 'ਰੂਸੀ ਸਮਾਜਵਾਦੀ ਇਨਕਲਾਬ ਅਤੇ ਅਜੋਕੇ ਸਮੇਂ ਵਿੱਚ ਇਸ ਦੀ ਪ੍ਰਸੰਗਕਤਾ' ਵਿਸ਼ੇ 'ਤੇ ਹੋਈ ਵਿਚਾਰ-ਚਰਚਾ ਵਿੱਚ ਡਾ. ਪਰਮਿੰਦਰ, ਜਗਰੂਪ ਵੱਲੋਂ ਵਿਚਾਰ ਪੇਸ਼ ਕੀਤੇ ਗਏ। ਸਾਰਾ ਦਿਨ ਦੀਆਂ ਪੇਸ਼ਕਾਰੀਆਂ ਅਤੇ ਵਿਚਾਰ-ਚਰਚਾ ਸਮੇਂ ਮੰਚ ਸੰਚਾਲਕ ਦੀ ਭੂਮਿਕਾ ਅਮੋਲਕ ਸਿੰਘ, ਹਰਵਿੰਦਰ ਭੰਡਾਲ ਅਤੇ ਡਾ. ਕਰਮਜੀਤ ਸਿੰਘ ਨੇ ਅਦਾ ਕੀਤੀ।

No comments:

Post Top Ad

Your Ad Spot