ਪਛਤਾਉਂਦਾ ਹੈ ਪੰਜਾਬ ਕੈਪਟਨ ਦੀ ਬਣਾ ਕੇ ਸਰਕਾਰ-ਭਗਵੰਤ ਮਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 2 October 2017

ਪਛਤਾਉਂਦਾ ਹੈ ਪੰਜਾਬ ਕੈਪਟਨ ਦੀ ਬਣਾ ਕੇ ਸਰਕਾਰ-ਭਗਵੰਤ ਮਾਨ

ਲੰਗਾਹ ਅਸ਼ਲੀਲ ਵੀਡੀਓ ਫਿਲਮ 'ਤੇ ਐਸ.ਜੀ.ਪੀ.ਸੀ ਦੀ ਚੁੱਪੀ ਨੂੰ ਬਣਾਇਆ ਨਿਸ਼ਾਨਾ
ਪਠਾਨਕੋਟ , 2 ਅਕਤੂਬਰ (ਬਿਊਰੋ)- ਗੁਰਦਾਸਪੁਰ ਉਪ ਚੋਣ ਲਈ ਆਮ ਆਦਮ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਖਜੂਰੀਆ ਦੇ ਹੱਕ ਵਿਚ ਨੇੜਲੇ ਪਿੰਡ ਅਬਾਦਗੜ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਆਪ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਚੋਣ ਵਾਅਦੇ ਪੂਰੇ ਕਰਨ ਤੋਂ ਮੁਕਰੀ ਕਾਂਗਰਸ ਸਰਕਾਰ ਉੱਤੇ ਵਿਅੰਗ ਕਰਦਿਆਂ ਕਿਹਾ ਕਿ ਪਛਤਾਉਂਦਾ ਹੈ ਪੰਜਾਬ ਕੈਪਟਨ ਦੀ ਬਣਾਕੇ ਸਰਕਾਰ।
ਭਗਵੰਤ ਮਾਨ ਨੇ ਕਿਹਾ ਕਿ 6 ਮਹੀਨੇ ਪਹਿਲਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੇ ਲਿਖਤ ਰੂਪ 'ਚ ਕੀਤੇ ਵੱਡੇ-ਵੱਡੇ ਵਾਅਦਿਆਂ ਤੋਂ ਵੱਡੀਆਂ ਉਮੀਦਾਂ ਬੰਨ੍ਹ ਕੇ ਕੈਪਟਨ ਦੀ ਸਰਕਾਰ ਬਣਾਈ ਸੀ ਪਰ ਅੱਜ ਪੂਰੇ ਪੰਜਾਬ ਦੇ ਲੋਕ ਕੈਪਟਨ ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ, ਕਿਉਂਕਿ ਘਰ-ਘਰ ਸਰਕਾਰੀ ਨੌਕਰੀ, 51 ਹਜ਼ਾਰ ਰੁਪਏ ਸ਼ਗਨ ਸਕੀਮ, 2500 ਰੁਪਏ ਪੈਨਸ਼ਨ ਅਤੇ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਸਾਰੇ ਕਰਜ਼ੇ ਮਾਫ਼ ਕਰਨ ਵਰਗੇ ਸਾਰੇ ਵਾਅਦਿਆਂ ਤੋਂ ਕੈਪਟਨ ਸਰਕਾਰ ਭੱਜ ਗਈ ਹੈ। ਆਮ ਜਨਤਾ ਲਈ ਕੋਈ ਵਾਅਦਾ ਪੂਰਾ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਨਹੀਂ ਕੀਤੀ।
ਪਰ ਨਜਾਇਜ਼ ਤੌਰ 'ਤੇ ਸਰਕਾਰੀ ਕੋਠੀ ਰੱਖਣ ਕਾਰਨ ਸਾਬਕਾ ਕਾਂਗਰਸੀ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਲੱਗੇ 84 ਲੱਖ ਰੁਪਏ ਦੇ ਜੁਰਮਾਨੇ ਦੀ ਰਕਮ ਵਾਪਸ ਕਰਨ ਅਤੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਓਵਰਏਜ ਹੋਏ ਪੋਤੇ ਨੂੰ ਕੈਬਨਿਟ ਦੀ ਸਪੈਸ਼ਲ ਮਨਜ਼ੂਰੀ ਨਾਲ ਡੀ.ਐਸ.ਪੀ ਦੀ ਨੌਕਰੀ ਜ਼ਰੂਰ ਦੇ ਦਿੱਤੀ ਗਈ ਸੀ।
ਮਾਨ ਨੇ ਕਿਹਾ ਕਿ ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ ਵਾਂਗੂ ਹੀ ਟਰਾਂਸਪੋਰਟ ਮਾਫ਼ੀਆ, ਡਰੱਗ ਮਾਫ਼ੀਆ,  ਰੇਤ ਮਾਫ਼ੀਆ ਅਤੇ ਕੇਬਲ ਮਾਫ਼ੀਆ ਜਾਰੀ ਹੈ। ਕੇਵਲ ਗੁੰਡਾ ਟੈਕਸ ਉਗਰਾਹੁਣ ਵਾਲੇ ਰਜਿਸਟਰ ਬਦਲੇ ਹਨ। ਪਹਿਲਾਂ ਅਕਾਲੀ-ਭਾਜਪਾ ਵਾਲਿਆਂ ਕੋਲ ਸਨ ਹੁਣ ਕਾਂਗਰਸੀਆਂ ਦੇ ਹੱਥਾਂ 'ਚ ਆ ਗਏ ਹਨ। ਭਾਜਪਾ 'ਤੇ ਵਰ੍ਹਦਿਆਂ ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਸ਼ੇਖ਼ਚਿਲੀ ਦੇ ਜੋ ਸੁਪਨੇ ਦਿਖਾਏ ਸਨ ਉਹ ਆਮ ਜਨਤਾ ਲਈ ਉਲਟਾ ਪੈ ਗਏ ਹਨ। ਖਾਤਿਆਂ 'ਚ 15-15 ਲੱਖ ਰੁਪਏ ਆਉਣ ਦੀ ਥਾਂ ਘਰਾਂ 'ਚ ਪਈ ਥੋੜ੍ਹੀ ਬਹੁਤ ਪੰਜੀ ਵੀ ਨੋਟਬੰਦੀ ਦੇ ਨਾਂ 'ਤੇ ਸਰਕਾਰ ਨੇ ਹੜੱਪ ਲਈ। ਮਹਿੰਗਾਈ ਘਟਣ ਦੀ ਥਾਂ ਦੁੱਗਣੀ ਹੋ ਗਈ। ਇਸ ਲਈ ਇਹਨਾਂ ਦੋਵਾਂ ਤੋਂ ਕੋਈ ਉਮੀਦ ਨਾ ਰੱਖਿਓ, ਇਹ ਆਪਸ 'ਚ ਮਿਲੇ ਹੋਏ ਹਨ ਅਤੇ ਬਾਰੀ-ਬੰਨ੍ਹ ਕੇ ਲੁੱਟ ਰਹੇ ਹਨ।
ਸੁੱਚਾ ਸਿੰਘ ਲੰਗਾਹ ਅਸ਼ਲੀਲ ਵੀਡੀਓ ਕਾਂਡ 'ਤੇ ਟਿੱਪਣੀ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹੁਣ ਅਕਾਲੀ ਦਲ ਪਹਿਲਾਂ ਵਰਗੀ ਸੱਚੇ-ਸੁੱਚੇ ਕਿਰਦਾਰ ਵਾਲੀ ਪਾਰਟੀ ਨਹੀਂ ਰਹੀ। ਇਹ ਬਾਦਲਾਂ ਦੀ ਪ੍ਰਾਈਵੇਟ ਕੰਪਨੀ ਹੈ ਅਤੇ ਲੰਗਾਹ ਵਰਗੇ ਲੋਕ ਇਸ ਦੇ ਅਖੌਤੀ ਜਥੇਦਾਰ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਨਿਸ਼ਾਨਾ ਬੰਨ੍ਹਦਿਆਂ ਮਾਨ ਨੇ ਕਿਹਾ ਕਿ ਫਿਲਮਾਂ ਵਾਲਿਆਂ ਨੂੰ ਹਰ ਨਿੱਕੇ ਮੋਟੇ ਸੀਨ 'ਤੇ ਇਤਰਾਜ਼ ਲਾ ਕੇ ਤਲਬ ਕਰਨ ਵਾਲੀ ਐਸਜੀਪੀਸੀ ਨੇ ਹੁਣ ਲੰਗਾਹ ਦੀ ਅਸ਼ਲੀਲ ਫਿਲਮ ਉੱਪਰ ਚੁੱਪੀ ਕਿਉਂ ਧਾਰੀ ਹੋਈ ਹੈ। ਜਦਕਿ ਲੰਗਾਹ ਐਸਜੀਪੀਸੀ ਮੈਂਬਰ ਅਤੇ ਧਰਮ ਪ੍ਰਚਾਰ ਕਮੇਟੀ ਦਾ ਪ੍ਰਮੁੱਖ ਥਾਪਿਆ ਹੋਇਆ ਹੈ। ਮਾਨ ਨੇ ਕਿਹਾ ਕਿ ਧਰਮ ਦੀ ਆੜ 'ਚ ਸਿਆਸੀ ਧੰਦਾ ਕਰਨ ਵਾਲੇ ਬਾਦਲਾਂ ਨੂੰ ਲੋਕ ਇਹਨਾਂ ਚੋਣਾਂ 'ਚ ਸਖ਼ਤ ਸਜਾ ਦੇਣ। ਇਸ ਮੌਕੇ ਆਪ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਜਿਲਾ ਪ੍ਰਧਾਨ ਰਵਿੰਦਰ ਭੱਲਾ, ਸੁਖਦੀਪ ਸਿੰਘ ਸੁੱਖੀ, ਗੁਰਦਿਆਲ ਸਿੰਘ ਸੈਣੀ, ਸੌਰਵ ਬਹਿਲ, ਸੁਭਾਸ ਵਰਮਾ, ਦੇਸ ਰਾਜ ਅਤੇ ਹੋਰ ਸਥਾਨਕ ਆਗੂ ਮੌਜੂਦ ਸਨ।

No comments:

Post Top Ad

Your Ad Spot