'ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ' ਵੱਲੋਂ ਬੇਘਰ ਬਜ਼ੁਰਗਾਂ ਨਾਲ 'ਅੰਤਰਾਸ਼ਟਰੀ ਪਿਤਾ ਦਿਵਸ' ਮਨਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 19 June 2017

'ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ' ਵੱਲੋਂ ਬੇਘਰ ਬਜ਼ੁਰਗਾਂ ਨਾਲ 'ਅੰਤਰਾਸ਼ਟਰੀ ਪਿਤਾ ਦਿਵਸ' ਮਨਾਇਆ ਗਿਆ

  • ਬਜ਼ੁਰਗਾਂ ਵੱਲੋਂ ਕੇਕ ਕੱਟਣ ਵਕਤ ਮਾਹੌਲ ਹੋਇਆ ਭਾਵੁਕ, ਭਰੇ ਮਨ ਨਾਲ ਕਿਹਾ ਪੁੱਤਰਾਂ ਦੇ ਵਿਆਹ ਤੋਂ ਬਾਅਦ ਦਹੇਜ ਅਤੇ ਹੋਰ ਝੂਠੇ ਮੁਕੱਦਮਿਆਂ ਦੇ ਡਰ ਨੇ ਘਰ ਛੱਡਣ ਲਈ ਕੀਤਾ ਮਜ਼ਬੂਰ
ਜਲੰਧਰ 19 ਜੂਨ (ਜਸਵਿੰਦਰ ਆਜ਼ਾਦ)- ਪੰਜਾਬ ਦੀ ਸਿਰਮੌਰ ਸਮਾਜ ਸੇਵੀ ਜਥੇਬੰਦੀ 'ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ' ਵੱਲੋਂ ਦੇਸ਼ ਵਿੱਚ ਦਹੇਜ ਕਾਨੂੰਨ 498-ਏ, ਅਤੇ ਹੋਰ ਇੱਕ ਤਰਫਾ ਕਾਨੂੰਨਾਂ ਦੀ ਅੰਨ੍ਹੇਵਾਹ ਦੁਰਵਰਤੋਂ ਕਾਰਨ ਤਬਾਹ ਹੋ ਰਹੇ ਪਰਿਵਾਰਕ ਤਾਣੇ ਬਾਣੇ ਨੂੰ ਬਚਾਉਣ ਲਈ ਆਰੰਭੀ ਲਹਿਰ 'ਪਰਿਵਾਰ ਬਚਾਓ- ਦੇਸ਼ ਬਚਾਓ' ਨੂੰ ਸਮਰਪਿਤ ''ਅੰਤਰਰਾਸ਼ਟਰੀ ਪਿਤਾ ਦਿਵਸ'' ਸਥਾਨਕ ਬਿਰਧ ਅਤੇ ਅਪਾਹਜ ਘਰ, ਨੇੜੇ ਐਚ.ਐਮ.ਵੀ. ਕਾਲਜ ਜਲੰਧਰ ਵਿਖੇ ਮਨਾਇਆ ਗਿਆ, ਜਿਸ ਵਿੱਚ ਜਥੇਬੰਦੀ ਨਾਲ ਜੁੜੇ ਕਾਰਕੁੰਨਾਂ ਨੇ ਵੱਡੀ ਪੱਧਰ 'ਤੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਇਸ ਸਮਾਗਮ ਵਿੱਚ ਹਾਜ਼ਰੀ ਲਗਵਾਈ।
ਇਸ ਮੌਕੇ ਆਸ਼ਰਮ ਵਿੱਚ ਮੌਜੂਦ ਵੱਡੀ ਗਿਣਤੀ ਵਿੱਚ ਰਹਿ ਰਹੇ ਬਜ਼ੁਰਗਾਂ ਵੱਲੋਂ ਕੇਕ ਵੀ ਕੱਟਿਆ ਗਿਆ ਅਤੇ ਜਥੇਬੰਦੀ ਵੱਲੋਂ ਇਸ ਮੌਕੇ ਸਾਰਿਆਂ ਲਈ ਫਲ-ਫਰੂਟ, ਮਠਿਆਈਆਂ ਆਦਿ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ। ਉਸ ਵੇਲੇ ਮਾਹੌਲ ਹੋਰ ਵੀ ਭਾਵੁਕ ਹੋ ਗਿਆ ਜਦੋਂ ਕੇਕ ਕੱਟਦੇ ਹੋਏ ਬਜ਼ੁਰਗਾਂ ਨੇ ਭਰੇ ਮਨ ਨਾਲ ਕਿਹਾ ਕਿ ਔਲਾਦ ਹੁੰਦੇ ਹੋਏ ਵੀ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅਜਿਹਾ ਖੁਸ਼ਨੁਮਾ ਅਹਿਸਾਸ ਨਸੀਬ ਨਹੀਂ ਹੋਇਆ। ਬਹੁਤ ਸਾਰੇ ਬਜ਼ੁਰਗਾਂ ਨੇ ਇਸ ਮੌਕੇ ਆਪਣਾ ਦੁਖੜਾ ਦੱਸਦਿਆਂ ਕਿਹਾ ਕਿ ਆਪਣੇ ਪੁੱਤਰਾਂ ਦੇ ਵਿਆਹ ਤੋਂ ਬਾਅਦ ਗੈਰ-ਜ਼ਿੰਮੇਵਾਰ ਨੂੰਹਾਂ ਹੱਥੋਂ ਹੁੰਦੀ ਰੋਜ ਦੀ ਜਲਾਲਤ ਅਤੇ ਬੇਕਦਰੀ ਨਾਲੋਂ ਉਨ੍ਹਾਂ ਨੂੰ ਅਜਿਹੇ ਬਿਰਧਘਰਾਂ ਵਿੱਚ ਰਹਿਣਾ ਜ਼ਿਆਦਾ ਬੇਹਤਰ ਲੱਗਦਾ ਹੈ। ਪਰ ਉਨ੍ਹਾਂ ਕਿਹਾ ਕਿ ਮੌਜੂਦਾ ਨਿਕੰਮੇ, ਕਾਨੂੰਨੀ ਅਤੇ ਸਮਾਜਿਕ ਨਿਜ਼ਾਮ ਕਾਰਨ ਆਪਣੇ ਬੱਚਿਆਂ ਅਤੇ ਪੋਤੇ -ਪੋਤਰੀਆਂ ਦੇ ਪਿਆਰ ਤੋਂ ਵਾਂਝੇ ਰਹਿਣ ਨੂੰ ਮਜ਼ਬੂਰ ਹਾਂ। ਬਹੁਤ ਸਾਰੇ ਬਜ਼ੁਰਗਾਂ ਨੇ ਇੰਕਸਾਫ ਕੀਤਾ ਕਿ ਸਾਡੇ ਪੁੱਤਰ ਤਾਂ ਠੀਕ ਹਨ ਪਰ ਨੂੰਹਾਂ ਨੇ ਆਉਂਦਿਆਂ ਹੀ ਉਨ੍ਹਾਂ ਨੂੰ ਝੂਠੇ ਮੁਕੱਦਮਿਆਂ ਦਾ ਡਰਾਵਾ ਦੇ ਕੇ ਘਰ ਛੱਡਣ ਲਈ ਮਜ਼ਬੂਰ ਕਰ ਦਿੱਤਾ।
ਸਮਾਗਮ ਵਿੱਚ ਦਹੇਜ ਕਾਨੂੰਨ ਅਤੇ ਅਜਿਹੇ ਹੋਰ ਇੱਕ ਪਾਸੜ ਕਾਨੂੰਨਾਂ ਤੋਂ ਪੀੜ੍ਹਤ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਸਮਾਜਿਕ ਅਤੇ ਪਰਿਵਾਰਕ ਢਾਂਚੇ ਵਿੱਚ ਪਿਤਾ/ਆਦਮੀ ਦੀ ਮਹੱਤਤਾ ਅਤੇ ਸਮਾਜ ਵਿੱਚ ਬਜ਼ੁਰਗਾਂ ਦੇ ਬਣਦੇ ਮਾਣ ਸਤਿਕਾਰ ਨੂੰ ਬਹਾਲ ਕਰਨ, ਹਰ ਸਾਲ ਦਹੇਜ ਕਾਨੂੰਨ 498-ਏ ਅਤੇ ਅਜਿਹੇ ਹੋਰ ਇਕਤਰਫਾ ਕਾਨੂੰਨਾਂ ਦੀ ਦੁਰਵਰਤੋਂ ਕਾਰਨ ਦਿਨੋਂ ਦਿਨ ਆਦਮੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਵੱਧ ਰਹੀਆਂ ਖੁਦਕਸ਼ੀਆਂ, ਸਮਾਜ ਵਿੱਚ ਮਾਪਿਆਂ, ਬੁਜ਼ਰਗਾਂ ਦੀ ਹੋ ਰਹੀ ਬੇਕਦਰੀ, ਘਰੋਂ ਬੇਘਰ ਹੋਏ ਬਿਰਧ ਆਸ਼ਰਮਾਂ ਵਿੱਚ ਇਕਾਂਤ ਵਾਲੀ ਜ਼ਿੰਦਗੀ ਬਸਰ ਕਰ ਰਹੇ ਬਜ਼ੁਰਗਾਂ ਦੀ ਲਾਚਾਰੀ ਅਤੇ ਬੇਬਸੀ ਆਦਿ ਮੁੱਖ ਮੁੱਦੇ ਰਹੇ।
ਸਮਾਗਮ ਵਿੱਚ ਇਨ੍ਹਾਂ ਕਾਨੂੰਨਾਂ ਦੀ ਦੁਰਵਰਤੋਂ ਕਾਰਨ ਹਰ 7 ਮਿੰਟ ਬਾਅਦ ਇੱਕ ਖੁਦਕਸ਼ੀ ਅਤੇ ਹਰ ਸਾਲ ਹੋ ਰਹੀਆਂ 94,000 ਪਤੀਆਂ/ਆਦਮੀਆਂ (ਜੋ ਕਿਸੇ ਨਾ ਕਿਸੇ ਬੱਚੇ ਦੇ ਪਿਤਾ ਵੀ ਸਨ) ਦੀਆਂ ਖੁਦਕਸ਼ੀਆਂ, ਸਮਾਜ ਵਿੱਚ ਬਜ਼ੁਰਗ ਮਾਪਿਆਂ ਦੀ ਹੋ ਰਹੀ ਬੇਕਦਰੀ ਅਤੇ ਮੌਜੂਦਾ ਨੂੰਹ ਪੱਖੀ ਬਣੇ ਕਾਨੂੰਨਾਂ ਦੀ ਅੰਨ੍ਹੇਵਾਹ ਦੁਰਵਰਤੋਂ ਕਾਰਨ ਹੋ ਰਹੇ ਘਾਣ ਕਰਕੇ ਘਰੋਂ ਬੇਘਰ ਹੋਏ ਬਜ਼ੁਰਗਾਂ ਦਾ ਬਿਰਧ ਆਸ਼ਰਮਾਂ ਵਿੱਚ ਆਉਣਾ, ਰਾਸ਼ਟਰੀ ਪੁਰਸ਼ ਕਮਿਸ਼ਨ ਦੀ ਸਥਾਪਨਾ, ਘਰੇਲੂ ਝਗੜਿਆਂ ਵਿੱਚ ਬੱਚਿਆਂ ਨੂੰ ਪਿਤਾ ਅਤੇ ਦਾਦੀ ਦਾਦੇ ਦੇ ਸਾਏ ਤੋਂ ਵਾਂਝਾ ਰੱਖਣਾ, ਇਨ੍ਹਾਂ ਕਾਨੂੰਨਾਂ ਦੀ ਗਲਤ ਵਰਤੋਂ ਕਰਨ ਵਾਲਿਆਂ ਨੂੰ ਸਜਾਵਾਂ ਦੇਣ ਲਈ ਵੀ ਕਾਨੂੰਨ ਬਣਨ, ਅਦਾਲਤੀ ਕੇਸਾਂ ਦਾ ਸਮਾਂਬੱਧ ਨਿਪਟਾਰਾ ਅਤੇ ਅਦਾਲਤੀ ਪ੍ਰਕਿਰਿਆ ਵਿੱਚ ਆਡੀਓ-ਵੀਡੀਓ ਰਿਕਾਰਡਿੰਗ,  ਜਿਹੇ ਗੰਭੀਰ ਮੁੱਦਿਆਂ 'ਤੇ ਬੁਲਾਰਿਆਂ ਨੇ ਸ਼ਿਦੱਤ ਨਾਲ ਪਹਿਰਾ ਦਿੱਤਾ।
ਇਸ ਮੌਕੇ ਜਥੇਬੰਦੀ ਦੇ ਕੌਮੀ ਪ੍ਰਧਾਨ ਸ. ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ ਲੋੜ ਹੈ ਅੱਜ ਸਮਾਜ ਵਿੱਚ ਸਾਂਝੇ ਪਰਿਵਾਰ ਦੀ ਹੋਂਦ ਨੂੰ ਬਚਾਇਆ ਜਾਵੇ ਅਤੇ ਔਰਤਾਂ ਦੇ ਅਧਿਕਾਰਾਂ ਦੀ ਆੜ ਹੇਠ ਆਦਮੀ ਅਤੇ ਉਨ੍ਹਾਂ ਦੇ ਬੇਕਸੂਰ ਪਰਿਵਾਰਕ ਮੈਂਬਰਾਂ (ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ) ਦੇ ਘਾਣ ਨੂੰ ਰੋਕਿਆ ਜਾਵੇ।  ਨੈਸ਼ਨਲ ਕਰਾਇਮ ਰਿਪੋਰਟ ਬਿਊਰੋ (ਭਾਰਤ ਸਰਕਾਰ) ਅਨੁਸਾਰ ਹਰ ਸਾਲ ਕਰੀਬ 80,000 ਆਦਮੀ ਇਸ ਕਾਨੂੰਨੀ ਅੱਤਵਾਦ ਤੋਂ ਦੁਖੀ ਹੋ ਕੇ ਖੁਦਕਸ਼ੀਆਂ ਕਰ ਰਹੇ ਹਨ। ਪਿਛਲੇ 10 ਸਾਲਾਂ ਵਿੱਚ (2004-2015) ਵਿੱਚ ਕਰੀਬ 7 ਲੱਖ 14 ਹਜ਼ਾਰ ਆਦਮੀ/ਪਤੀ/ਪੁੱਤਰ ਖੁਦਕਸ਼ੀਆਂ ਕਰ ਚੁੱਕੇ ਹਨ। ਦਹੇਜ ਕਾਨੂੰਨ ਦੀ ਦੁਰਵਰਤੋਂ ਦੀ ਇਸ ਕਾਲੀ ਹਨੇਰੀ ਨੇ ਹੁਣ ਤੱਕ ਕਰੀਬ 40 ਲੱਖ ਬੱਚਿਆਂ ਤੋਂ ਉਨ੍ਹਾਂ ਦੇ ਬਾਪ ਦਾ ਨਿੱਘਾ ਸਾਇਆ ਖੋਹ ਉਨ੍ਹਾਂ ਨੂੰ ਯਤੀਮ ਬਣਾ ਦਿੱਤਾ। ਹਰ ਸਾਲ ਕਰੀਬ 2 ਲੱਖ 25 ਹਜ਼ਾਰ ਪਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ  (ਜਿਨ੍ਹਾਂ ਵਿੱਚ ਬੇਕਸੂਰ ਔਰਤਾਂ ਵੀ ਸ਼ਾਮਲ ਹਨ) ਨੂੰ ਦਹੇਜ ਕਾਨੂੰਨ ਦੀ ਦੁਰਵਰਤੋਂ ਕਾਰਨ ਜੇਲ੍ਹ ਦਾ ਸੰਤਾਪ ਭੋਗਣਾ ਪੈ ਰਿਹਾ ਹੈ। 1983 ਵਿੱਚ ਬਣੇ, ਦਹੇਜ ਕਾਨੂੰਨ 498-ਏ, ਅਤੇ 2005 ਵਿੱਚ ਬਣੇ ਘਰੇਲੂ ਹਿੰਸਾ ਕਾਨੂੰਨ ਤਹਿਤ ਹੁਣ ਤੱਕ ਕਰੀਬ 80 ਲੱਖ ਮੁਕੱਦਮੇ ਦਰਜ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ 95 ਫੀਸਦੀ ਝੂਠੇ ਪਾਏ ਗਏ ਹਨ।
ਪਿਛਲੇ 4 ਸਾਲਾਂ ਕਰੀਬ 1,75,000 ਨਿਰਦੋਸ਼ ਔਰਤਾਂ ਇਸ ਦਹੇਜ ਤਹਿਤ ਜੇਲ੍ਹ ਦਾ ਸੰਤਾਪ ਭੋਗ ਚੁੱਕੀਆਂ ਹਨ, ਜਿਨ੍ਹਾਂ ਵਿੱਚ ਆਦਮੀਆਂ ਦੀਆਂ ਬੇਕਸੂਰ ਮਾਵਾਂ, ਭੈਣਾਂ, ਦਾਦੀਆਂ ਅਤੇ ਹੋਰ ਪਰਿਵਾਰਕ ਔਰਤਾਂ ਸ਼ਾਮਲ ਹਨ, ਜਿਨ੍ਹਾਂ ਦਾ ਜ਼ੁਰਮ ਕੇਵਲ ਤੇ ਕੇਵਲ ਇਹੋ ਹੈ ਕਿ ਉਹ ਪਤੀ ਪਰਿਵਾਰ ਨਾਲ ਸੰਬੰਧਤ ਹਨ। ਵਰਨਣਯੋਗ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੀ ਇਸ ਕਾਨੂੰਨ ਨੂੰ ਕਾਨੂੰਨੀ ਦਹਿਸ਼ਤਗਰਦੀ ਕਰਾਰ ਦੇ ਚੁੱਕੀ ਹੈ। ਸਮਾਗਮ ਵਿੱਚ ਮੌਜੂਦ ਸੈਂਕੜੇ ਲੋਕਾਂ ਨੇ ਇਸ ਮੌਕੇ ਪਰਿਵਾਰਕ ਢਾਂਚੇ ਬਚਾਉਣ ਲਈ ਹਰ ਸੰਭਵ  ਸੰਘਰਸ਼ ਕਰਨ ਦਾ ਪ੍ਰਣ ਕੀਤਾ।  ਇਸ ਮੌਕੇ ਜਥੇਬੰਦੀ ਵੱਲੋਂ ਆਸ਼ਰਮ ਦੇ ਚੇਅਰਮੈਨ ਸ੍ਰੀ ਤਰਸੇਮ ਕਪੂਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਤਨਾਮ ਸਿੰਘ ਬਿੱਟਾ ਅਤੇ ਕੁਲਦੀਪ ਸਿੰਘ ਭੋਲਾ ਨੇ ਵੀ ਜੱਥੇਬੰਦੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਪ੍ਰਤੀ ਸਮਰਪਿਤ ਹੋ ਕੇ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਅੱਜ ਬੱਚਿਆਂ ਨੂੰ ਚੰਗੇ ਸੰਸਕਾਰਾਂ ਦੀ ਲੋੜ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਵਿੱਚ ਸਮਾਜਿਕ ਕਦਰਾਂ ਕੀਮਤਾਂ ਦੀ ਪਾਲਣਾ ਕਰ ਸਕਣ। ਇਨ੍ਹਾਂ ਤੋਂ ਇਲਾਵਾ ਅਸ਼ਵਨੀ ਸ਼ਰਮਾ ਟੀਟੂ ਨੇ ਵੀ ਸੰਬੋਧਨ ਕੀਤਾ।
ਸਮਾਗਮ ਦੇ ਪ੍ਰਮੁੱਖ ਆਗੂਆਂ ਵਿੱਚ ਸ. ਜੋਗਿੰਦਰ ਸਿੰਘ ਜੋਗੀ ਤੋਂ ਇਲਾਵਾ ਪ੍ਰਦੀਪ ਸਿੰਘ ਫੁੱਲ, ਰਮਣੀਕ ਸਿੰਘ, ਯਸ਼ ਪਹਿਲਵਾਨ, ਹਰਦੀਪ ਸਿੰਘ ਰੋਜੀ, ਹਰਦੀਪ ਸਿੰਘ ਹੈਰੀ, ਹਰਜੀਤ ਸਿੰਘ ਸੋਨੂੰ, ਜੋਗਿੰਦਰ ਸਿੰਘ ਵਿੱਕੀ, ਕੁਲਦੀਪ ਸਿੰਘ ਹੂੰਝਣ, ਸੁਨੀਲ ਮਲਹੋਤਰਾ, ਭਰਤ ਸਿਨਹਾ, ਵੀਨਾ ਮਹਾਜਨ, ਰਣਜੀਤ ਕੌਰ ਰਾਣੋ, ਸੰਜੀਵ ਸ਼ਰਮਾ,  ਗੁਰਵਿੰਦਰ ਸਿੰਘ, ਮਨੀਸ਼ ਕਪੂਰ, ਅਮਨਦੀਪ ਸਿੰਘ ਭੋਗਲ, ਜਗਦੀਸ਼ ਰਾਣਾ, ਗਿਆਨੀ ਕੁਲਵੰਤ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਅਮਨ ਸਿੰਘ, ਸੋਹਣ ਸਿੰਘ ਰਾਜਪੂਤ, ਅਮਰਜੀਤ ਸਿੰਘ, ਹਾਕਮ ਸਿੰਘ ਨਾਗਰਾ, ਬਿਨਵੰਤ ਸਿੰਘ, ਵਰਿੰਦਰ ਸ਼ਰਮਾ, ਯਾਦਵਿੰਦਰ ਸਿੰਘ, ਰਛਪਾਲ ਸਿੰਘ ਭੰਡਾਲ, ਭੁਪਿੰਦਰ ਸਿੰਘ ਭਿੰਦਾ, ਮੁਕੇਸ਼ ਕੋਹਲੀ, ਰਾਕੇਸ਼ ਮਹਾਜਨ, ਭਾਗ ਸਿੰਘ ਸੁੰਮਨ  ਸਮੇਤ ਬਹੁਤ ਸਾਰੇ ਆਗੂ ਹਾਜ਼ਰ ਸਨ।

No comments:

Post Top Ad

Your Ad Spot