ਹੁਸ਼ਿਆਰਪੁਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਕਰਨ 'ਤੇ ਪਰਚਾ ਦਰਜ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 6 May 2017

ਹੁਸ਼ਿਆਰਪੁਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਕਰਨ 'ਤੇ ਪਰਚਾ ਦਰਜ

  • ਠੇਕੇਦਾਰ ਆਪਣੀ ਨਿਰਧਾਰਤ ਖੱਡ ਤੋਂ ਬਾਹਰ ਵੀ ਕਰ ਰਿਹਾ ਸੀ ਨਿਕਾਸੀ
  • ਜ਼ਿਲੇ ਵਿੱਚ ਨਜਾਇਜ਼ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 6 ਮਈ (ਜਸਵਿੰਦਰ ਆਜ਼ਾਦ)- ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਗੈਰ-ਕਾਨੂੰਨੀ ਮਾਈਨਿੰਗ ਦੇ ਇਕ ਕੇਸ ਵਿੱਚ ਸਬੰਧਤ ਖੱਡ ਦੇ ਠੇਕੇਦਾਰ, ਮੈਨੇਜਰ ਅਤੇ ਮੁਨਸ਼ੀ ਸਮੇਤ ਕੰਮ ਕਰਦੇ ਹੋਰ ਕਰਿੰਦਿਆਂ ਉਪਰ ਮਾਈਨਰ ਮਿਨਰਲ ਰੂਲਜ਼ ਐਂਡ ਡਿਵੈਲਪਮੈਂਟ ਐਕਟ 1957 ਦੀ ਧਾਰਾ 21 (ਆਈ) ਮਾਈਨਰ ਮਿਨਰਲ ਦੀ ਚੋਰੀ (ਆਈ.ਪੀ.ਸੀ. ਦੀ ਧਾਰਾ 379) ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਲਈ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ 1986 ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਉਨਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਨੋਡਲ ਅਫ਼ਸਰ ਮਾਈਨਿੰਗ ਸ੍ਰੀ ਇਕਬਾਲ ਸਿੰਘ ਸੰਧੂ ਦੀ ਅਗਵਾਈ ਹੇਠ ਟੀਮ ਵਲੋਂ ਪਿੰਡ ਬਸੀ ਗੁਲਾਮ ਹੂਸੈਨ ਦੀ ਖੱਡ ਦਾ ਮੌਕਾ ਦੇਖਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਟੀਮ ਵਿੱਚ ਮਾਈਨਿੰਗ ਅਫ਼ਸਰ, ਤਹਿਸੀਲਦਾਰ, ਹਲਕਾ ਕਾਨੂੰਗੋ, ਪਟਵਾਰੀ ਅਤੇ ਜ਼ਿਲਾ ਉਦਯੋਗ ਕੇਂਦਰ ਦੇ ਅਧਿਕਾਰੀ ਸ਼ਾਮਲ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਸੀ ਗੁਲਾਮ ਹੂਸੈਨ ਦੀ ਖੱਡ ਮਿਤੀ 15 ਫਰਵਰੀ 2016 ਤੋਂ ਠੇਕੇਦਾਰ ਸ੍ਰੀ ਪਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ ਨੂੰ ਪੰਜ ਸਾਲ ਲਈ ਮਾਈਨਰ ਮਿਨਰਲ ਨਿਕਾਸੀ ਲਈ ਠੇਕੇ 'ਤੇ ਦਿੱਤੀ ਹੋਈ ਹੈ ਅਤੇ ਇਸ ਖੱਡ ਦਾ ਕੁੱਲ ਰਕਬਾ 46.29 ਹੈਕਟੇਅਰ (ਲਗਭਗ 116 ਏਕੜ) ਹੈ। ਉਨਾਂ ਦੱਸਿਆ ਕਿ ਇਸ ਖੱਡ ਦੀ ਹੱਦ ਪਿੰਡ ਸ਼ੇਰਪੁਰ ਬਾਹਤੀਆਂ ਦੀ ਹੱਦ ਨਾਲ ਲੱਗਦੀ ਹੈ, ਜਦਕਿ ਸਬੰਧਤ ਠੇਕੇਦਾਰ ਇਸ ਨਿਸ਼ਾਨਦੇਹੀ ਕੀਤੇ ਹੋਏ ਰਕਬੇ ਵਿੱਚੋਂ ਹੀ ਨਿਕਾਸੀ ਕਰ ਸਕਦਾ ਹੈ। ਉਨਾਂ ਦੱਸਿਆ ਕਿ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਕਿ ਠੇਕੇਦਾਰ ਆਪਣੀ ਨਿਰਧਾਰਤ ਖੱਡ ਤੋਂ ਬਾਹਰ ਵੀ ਨਿਕਾਸੀ ਕਰ ਰਿਹਾ ਹੈ। ਉਨਾਂ ਦੱਸਿਆ ਕਿ ਮੌਕੇ 'ਤੇ ਟੀਮ ਵਲੋਂ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਸ ਖੱਡ ਦੀ ਹੱਦ ਦੇ ਨਾਲ ਪਿੰਡ ਸ਼ੇਰਪੁਰ ਬਾਹਤੀਆਂ ਦਾ ਰਕਬਾ ਹੈ ਅਤੇ ਪਿੰਡ ਸ਼ੇਰਪੁਰ ਬਾਹਤੀਆਂ ਵਿੱਚ ਤਾਜ਼ੀ ਨਿਕਾਸੀ ਹੋਈ ਸੀ। ਨਿਕਾਸੀ ਲਈ ਵਰਤੀਆਂ ਗਈਆਂ ਕਹੀਆਂ ਬਗੈਰਾ ਮੌਕੇ 'ਤੇ ਮੌਜੂਦ ਸਨ।
ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪਟਵਾਰੀ ਦੇ ਦੱਸਣ ਅਨੁਸਾਰ ਜੋ ਗੈਰ-ਕਾਨੂੰਨੀ ਨਿਕਾਸੀ ਵਾਲਾ ਰਕਬਾ ਅਕਸ ਸਿਜਰਾ ਵਿੱਚ ਦਰਸਾਇਆ ਗਿਆ ਹੈ, ਇਸ ਵਿੱਚ ਟਰੱਕਾਂ ਦੇ ਆਉਣ-ਜਾਣ ਲਈ ਕੇਵਲ ਬਸੀ ਗੁਲਾਮ ਹੂਸੈਨ ਦੀ ਲੀਗਲ ਖੱਡ ਵਿੱਚੋਂ ਹੀ ਜਾਣਾ ਪੈਂਦਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਇਹ ਗੈਰ-ਕਾਨੂੰਨੀ ਨਿਕਾਸੀ ਵੀ ਪਿੰਡ ਦੇ ਠੇੇਕੇਦਾਰ ਵਲੋਂ ਹੀ ਕੀਤੀ ਜਾ ਰਹੀ ਹੈ ਕਿਉਂਕਿ ਕੋਈ ਲੀਗਲ ਠੇਕੇਦਾਰ ਇਹ ਨਹੀਂ ਚਾਹੇਗਾ ਕਿ ਗੈਰ-ਕਾਨੂੰਨੀ ਨਿਕਾਸੀ ਉਸ ਦੀ ਖੱਡ ਦੇ ਨਾਲ-ਨਾਲ ਹੁੰਦੀ ਰਹੇ। ਉਨਾਂ ਦੱਸਿਆ ਕਿ ਬਸੀ ਗੁਲਾਮ ਹੂਸੈਨ ਖੱਡ ਦੇ ਠੇਕੇਦਾਰ ਪਰਮਜੀਤ ਸਿੰਘ ਤੋਂ ਇਲਾਵਾ ਮੈਨੇਜਰ, ਮੁਨਸ਼ੀ ਸਮੇਤ ਉਥੇ ਕੰਮ ਕਰਦੇ ਹੋਰ ਕਰਿੰਦਿਆਂ ਵਿਰੁੱਧ ਐਫ.ਆਈ.ਆਰ. ਨੰਬਰ 73 ਮਿਤੀ 6 ਮਈ 2017 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਨਜਾਇਜ਼ ਮਾਈਨਿੰਗ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।  ਉਨਾਂ ਦੱਸਿਆ ਕਿ ਨਜਾਇਜ਼ ਮਾਈਨਿੰਗ ਸਬੰਧੀ ਸੂਚਨਾ ਜਿੱਥੇ ਪੰਜਾਬ ਸਰਕਾਰ ਵਲੋਂ ਤਿਆਰ ਕੀਤੇ ਆਨ ਲਾਈਨ ਪੋਰਟਲ 'ਪੀਬੀਗਰਾਮਜ਼ਆਨਲਾਈਨਪੋਰਟਲ' ÒPBGRAMS ONLINE PORTALÓ 'ਤੇ ਦਿੱਤੀ ਜਾ ਸਕਦੀ ਹੈ, ਉਥੇ ਨੋਡਲ ਅਫ਼ਸਰ (ਮਾਈਨਿੰਗ) ਨੂੰ ਹੈਲਪ ਲਾਈਨ ਨੰਬਰ 01882-220302 'ਤੇ ਵੀ ਦਿੱਤੀ ਜਾ ਸਕਦੀ ਹੈ। ਉਕਤ ਤੋਂ ਇਲਾਵਾ ਸਬੰਧਤ ਖੇਤਰ ਦੇ ਐਸ.ਐਚ.ਓ, ਐਸ.ਡੀ.ਐਮਜ਼ ਅਤੇ ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਨੂੰ ਵੀ ਸੂਚਨਾ ਦਿੱਤੀ ਜਾ ਸਕਦੀ  ਹੈ। ਉਨਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਬਿਲਕੁੱਲ ਗੁਪਤ ਰੱਖਿਆ ਜਾਵੇਗਾ। ਉਨਾਂ ਦੱਸਿਆ ਕਿ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਭਵਿੱਖ ਵਿੱਚ ਵੀ ਛਾਪੇਮਾਰੀ ਜਾਰੀ ਰਹੇਗੀ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿਚੋਂ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਕਾਫੀ ਗੰਭੀਰ ਹੈ। ਉਨਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੇਵਲ ਸਰਕਾਰ ਵਲੋਂ ਨਿਲਾਮ ਕੀਤੀਆਂ ਗਈਆਂ ਲੀਗਲ ਖੱਡਾਂ ਵਿੱਚੋਂ ਹੀ ਮਾਈਨਰ ਮਿਨਰਲ ਦੀ ਨਿਕਾਸੀ ਨਿਯਮਾਂ ਅਨੁਸਾਰ ਕੀਤੀ ਜਾ ਸਕਦੀ ਹੈ।

No comments:

Post Top Ad

Your Ad Spot