ਨਿਊਜ਼ੀਲੈਂਡ ਵਿੱਚ ਪਹਿਲੀ ਪੰਜਾਬੀ ਔਰਤ ਸ੍ਰੀਮਤੀ ਰਾਜਵੰਤ ਕੌਰ ਬਣੀ 'ਵਹੀਕਲ ਇੰਸਪੈਕਟਰ' - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 14 April 2017

ਨਿਊਜ਼ੀਲੈਂਡ ਵਿੱਚ ਪਹਿਲੀ ਪੰਜਾਬੀ ਔਰਤ ਸ੍ਰੀਮਤੀ ਰਾਜਵੰਤ ਕੌਰ ਬਣੀ 'ਵਹੀਕਲ ਇੰਸਪੈਕਟਰ'

ਲਾਈਟ ਵਹੀਕਲਾਂ ਨੂੰ ਵਾਰੰਟ ਆਫ ਫਿੱਟਨੈਸ ਨਾਲ ਕਰੇਗੀ ਪਾਸ
 
ਆਕਲੈਂਡ 14 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਪੂਰੀ ਦੁਨੀਆ ਜਿੱਥੇ ਇਕ ਗਲੋਬਲ ਪਿੰਡ ਬਣ ਕੇ ਰਹਿ ਗਈ ਹੈ ਉਥੇ ਪੰਜਾਬੀ ਪਰਿਵਾਰ ਵੀ ਪੂਰੀ ਦੁਨੀਆ ਦੇ ਵਿਚ ਸ਼ਾਨਾਮੱਤੀ ਇਤਿਹਾਸ ਸਿਰਜ ਰਹੇ ਹਨ। ਵਿਦੇਸ਼ਾਂ ਦੇ ਵਿਚ ਪਤੀ-ਪਤਨੀ ਦੀ ਮਿਹਨਤ ਵੱਡੇ ਕਾਰੋਬਾਰਾਂ ਨੂੰ ਜਨਮ ਦਿੰਦੀ ਹੈ। ਇਕ ਅਜਿਹੀ ਹੀ ਉਦਾਹਰਣ ਪੇਸ਼ ਕੀਤੀ ਹੈ ਨਿਊਜ਼ੀਲੈਂਡ ਵਸਦੀ ਇਕ ਪੰਜਾਬਣ ਸ੍ਰੀਮਤੀ ਰਾਜਵੰਤ ਕੌਰ ਨੇ। ਨਿਊਜ਼ੀਲੈਂਡ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਔਰਤ ਨੂੰ ਨਿਊਜ਼ੀਲੈਂਡ ਟਰਾਂਸਪੋਰਟ ਅਥਾਰਟੀ ਵੱਲੋਂ 'ਵਹੀਕਲ ਇੰਸਪੈਕਟਰ' ਦਾ ਲਾਇਸੰਸ ਪ੍ਰਾਪਤ ਹੋਇਆ ਹੈ। ਇਹ ਯੋਗਤਾ ਹੁਣ ਤੱਕ ਬਹੁਤੇ ਪੁਰਸ਼ਾਂ ਦੇ ਹਿੱਸੇ ਹੀ ਆਈ ਹੈ ਅਤੇ ਦੇਸ਼ ਦੇ ਵਿਚ ਬਹੁਤ ਘੱਟ ਔਰਤਾਂ ਹੋਣਗੀਆਂ ਜਿਨਾਂ ਕੋਲ ਇਹ ਲਾਇਸੰਸ ਹੋਵੇ। ਇਹ ਵੀ ਹੋ ਸਕਦਾ ਹੈ ਕਿ ਰਾਜਵੰਤ ਕੌਰ ਸ਼ਾਇਦ ਦੁਨੀਆ ਦੇ ਵਿਚ ਪਹਿਲੀ ਪੰਜਾਬੀ ਔਰਤ ਹੋਵੇ ਜਿਸਨੂੰ ਅਜਿਹਾ ਲਾਇਸੰਸ ਪ੍ਰਾਪਤ ਹੋਇਆ ਹੋਵੇ। ਸ੍ਰੀਮਤੀ ਰਾਜਵੰਤ ਕੌਰ ਨੇ ਆਪਣੇ ਪਤੀ ਸ. ਕੰਵਲਜੀਤ ਸਿੰਘ (ਲੁਧਿਆਣਾ) ਦੇ ਨਾਲ ਸੰਨ 2010 ਦੇ ਵਿਚ ਉਨਾਂ ਦੀ ਮਕੈਨੀਕਲ ਵਰਕਸ਼ਾਪ ਏ-1 ਆਟੋਵਰਕਸ ਹੇਸਟਿੰਗਜ਼ ਦੇ ਵਿਚ ਹੱਥ ਵਟਾਉਣਾ ਸ਼ੁਰੂ ਕੀਤਾ ਸੀ। ਪਹਿਲਾਂ ਉਹ ਦਫਤਰ ਦਾ ਕੰਮ ਵੇਖਦੀ ਪਰ ਬਾਅਦ ਵਿਚ ਉਹ ਰਿਪੇਅਰ ਵਾਲੇ ਪਾਸੇ ਐਸੀ ਆਈ ਕਿ ਤਜ਼ਰਬੇ ਅਤੇ ਲਿਖਤੀ ਟੈਸਟਾਂ ਦੇ ਰਾਹੀਂ ਉਹ ਕੀਮਤੀ ਲਾਇਸੰਸ ਪ੍ਰਾਪਤ ਕਰ ਲਿਆ ਜਿਹੜਾ ਕਿ ਆਮ ਤੌਰ 'ਤੇ ਮਕੈਨੀਕਲ ਪੜਾਈ ਕਰਨ ਬਾਅਦ ਲਗਪਗ 3 ਸਾਲ ਦਾ ਹੋਰ ਸਮਾਂ ਅਪਰਿੰਟਸ਼ਿਪ ਕਰਨ ਬਾਅਦ ਮਿਲਦਾ ਹੈ। ਸ੍ਰੀਮਤੀ ਰਾਜਵੰਤ ਕੌਰ ਹੁਣ ਲਾਈਟ ਵਹੀਕਲਾਂ ਦੀ ਚੈਕਿੰਗ ਕਰਨ ਬਾਅਦ 'ਵਾਰੰਟ ਆਫ ਫਿਟਨੈਸ' ਸਟਿੱਕਰ ਜਾਰੀ ਕਰ ਸਕੇਗੀ। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਉਹ ਹੁਣ ਗੱਡੀਆਂ ਪਾਸ ਕਰਨ ਜਾਂ ਨਾ ਕਰਨ ਦਾ ਹੱਕ ਰੱਖੇਗੀ। ਇਸ ਵੇਲੇ ਉਹ ਹੇਸਟਿੰਗਜ਼ ਸ਼ਹਿਰ ਵਿਖੇ 'ਏ 1 ਆਟੋਵਰਕਸ' ਵਿਖੇ ਆਪਣੇ ਪਤੀ ਦੇ ਨਾਲ ਸਾਰਾ ਮਕੈਨੀਕਲ ਕੰਮ ਕਰਦੀ ਹੈ। ਉਨਾਂ ਦੇ ਪਤੀ ਦੇ ਕੋਲ ਵੀ ਅਜਿਹਾ ਲਾਇਸੰਸ ਪਹਿਲਾਂ ਹੀ ਹੈ। ਉਨਾਂ ਦੀ ਇਸ ਪ੍ਰਾਪਤੀ ਤੋਂ ਪੂਰੇ ਵਿਸ਼ਵ ਵਿਚ ਵਸਦੀਆਂ ਭਾਰਤੀ ਮਹਿਲਾਵਾਂ ਨੂੰ ਇਹ ਸੁਨੇਹਾ ਜ਼ਰੂਰ ਜਾਂਦਾ ਹੈ ਕਿ ਬੀਬੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ, ਪਰ ਕੁਝ ਕਰਨ ਦਾ ਜ਼ਜਬਾ ਜਰੂਰ ਹੋਣਾ ਚਾਹੀਦਾ ਹੈ। ਸ੍ਰੀਮਤੀ ਰਾਜਵੰਤ ਕੌਰ ਅੰਮ੍ਰਿਤਧਾਰੀ ਹਨ ਅਤੇ ਇਹ ਪਰਿਵਾਰ ਇਲਾਕੇ ਵਿਚ ਕਾਫੀ ਸਤਿਕਾਰ ਰੱਖਦਾ ਹੈ।
ਵਧਾਈ: ਹੇਸਟਿੰਗ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਸ. ਜਰਨੈਲ ਸਿੰਘ ਜੇ.ਪੀ. ਹੋਰਾਂ ਨੇ ਉਨਾਂ ਨੂੰ ਇਸ ਪ੍ਰਾਪਤੀ ਉਤੇ ਵਧਾਈ ਦਿੱਤੀ ਹੈ। ਨਿਊਜ਼ੀਲੈਂਡ ਵਸਦੇ ਸਮੁੱਚੇ ਭਾਰਤੀ ਭਾਈਚਾਰੇ ਅਤੇ ਪੰਜਾਬੀ ਮੀਡੀਆ ਵੱਲੋਂ ਸ੍ਰੀਮਤੀ ਰਾਜਵੰਤ ਕੌਰ ਅਤੇ ਉਨਾਂ ਦੇ ਪਤੀ ਸ. ਕੰਵਲਜੀਤ ਸਿੰਘ ਨੂੰ ਬਹੁਤ-ਬਹੁਤ ਵਧਾਈ।

No comments:

Post Top Ad

Your Ad Spot