![]() |
ਸਰਕਾਰੀ ਐਮਆਰ ਕਾਲਜ |
ਫਾਜ਼ਿਲਕਾ 16 ਮਾਰਚ (ਬਬਲੂ ਨਾਗਪਾਲ)-ਸਰਹੱਦੀ ਇਲਾਕੇ ਦਾ ਸਭ ਤੋਂ ਪੁਰਾਣਾ ਸਰਕਾਰੀ ਐਮ.ਆਰ. ਕਾਲਜ ਸਮੇਂ ਸਮੇਂ ਦੀਆਂ ਸਰਕਾਰਾਂ ਦੀ ਬੇਰੁਖ਼ੀ ਕਾਰਨ ਆਪਣੀ ਮਾੜੀ ਹਾਲਤ 'ਤੇ ਅੱਥਰੂ ਵਹਾ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਕਾਲਜ ਵਿਚ ਨਾ ਤਾਂ ਪੱਕੇ ਪ੍ਰੋਫੈਸਰ ਹਨ ਅਤੇ ਨਾ ਹੀ ਪ੍ਰਿੰਸੀਪਲ। ਜਿਸ ਕਾਰਨ ਵਿਦਿਆਰਥੀਆਂ ਦਾ ਆਰਥਿਕ ਸ਼ੋਸ਼ਣ ਕਰਕੇ ਉਨਾਂ ਤੋਂ ਹਜ਼ਾਰਾਂ ਰੁਪਏ ਪੀ.ਟੀ.ਏ. ਫ਼ੰਡ ਦੇ ਰੂਪ ਵਿਚ ਲੈ ਕੇ ਵਿਦਿਆਰਥੀਆਂ ਨੂੰ ਪੜਾਉਣ ਲਈ ਪ੍ਰੋਫੈਸਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਹਰ ਸਾਲ ਕਾਲਜ ਵਿਚ ਦਾਖ਼ਲਿਆਂ ਦੌਰਾਨ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਧਰਨੇ ਮੁਜਾਹਰੇ ਕਰਨੇ ਪੈਂਦੇ ਹਨ। ਆਜ਼ਾਦੀ ਤੋਂ ਪਹਿਲਾਂ ਸਥਾਪਿਤ ਹੋਏ ਇਸ ਕਾਲਜ 'ਚ ਇਸ ਵੇਲੇ ਸਰਹੱਦੀ ਪਿੰਡਾਂ ਤੇ ਸ਼ਹਿਰ ਦੇ ਕਰੀਬ 3 ਹਜ਼ਾਰ ਦੇ ਕਰੀਬ ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹਨ। ਇਨਾਂ ਵਿਦਿਆਰਥੀਆਂ ਨੂੰ ਪੜਾਉਣ ਲਈ ਇਸ ਸਮੇਂ ਕਾਲਜ ਵਿਚ ਮਨਜ਼ੂਰਸ਼ੁਦਾ 35 ਪ੍ਰੋਫੈਸਰਾਂ ਦੀਆਂ ਪੋਸਟਾਂ ਵਿਚੋਂ ਸਿਰਫ 3 ਪ੍ਰੋਫੈਸਰ ਹੀ ਕੰਮ ਕਰ ਰਹੇ ਹਨ, ਜਦੋਂ ਕਿ ਬਾਕੀ 32 ਪ੍ਰੋਫੈਸਰਾਂ ਦੀਆਂ ਪੋਸਟਾਂ ਪਿਛਲੇ ਲੰਬੇ ਸਮੇਂ ਤੋਂ ਖ਼ਾਲੀ ਪਈਆਂ ਹਨ। ਇਸ ਤੋਂ ਇਲਾਵਾ ਬਾਕੀ ਪ੍ਰੋਫੈਸਰ ਪੀ.ਟੀ.ਏ. ਫੰਡ 'ਤੇ ਰੱਖੇ ਗਏ ਹਨ। ਇਸ ਤੋਂ ਇਲਾਵਾ ਕਾਲਜ ਨੂੰ ਚਲਾਉਣ ਲਈ ਦਫ਼ਤਰੀ ਕਰਮਚਾਰੀ, ਲੈਬ ਟੈਕਨੀਸ਼ੀਅਨ ਤੇ ਸਫਾਈ ਲਈ ਹੋਰ ਦਰਜਾ ਚਾਰ ਦੀਆਂ ਪੋਸਟਾਂ ਖ਼ਾਲੀ ਪਈਆਂ ਹਨ। ਕਾਲਜ 'ਚ ਵਿਦਿਆਰਥੀਆਂ ਦੇ ਪੀਣ ਦਾ ਪਾਣੀ, ਪਖਾਨੇ ਆਦਿ ਦਾ ਵੀ ਪ੍ਰਬੰਧ ਨਹੀ ਹੈ, ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ੂ ਬੈਠਣ ਲਈ ਫ਼ਰਨੀਚਰ ਤੇ ਕਮਰਿਆਂ ਦੀ ਵੱਡੀ ਕਮੀ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਆਪਣੀਆਂ ਕਲਾਸਾਂ ਖੁੱਲੇ ਆਸਮਾਨ ਹੇਠ ਲਗਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਪੰਜਾਬ ਸਰਕਾਰ ਵੱਲੋਂ 1983 'ਚ ਜਦੋਂ ਇਸ ਕਾਲਜ ਨੂੰ ਆਪਣੇ ਅਧੀਨ ਲਿਆ ਗਿਆ ਸੀ ਤਾਂ ਲੋਕਾਂ ਨੂੰ ਇਹ ਉਮੀਦ ਸੀ ਕਿ ਸ਼ਾਇਦ ਇਸ ਕਾਲਜ ਦਾ ਵੱਡਾ ਸੁਧਾਰ ਹੋਵੇਗਾ, ਪਰ ਆਏ ਦਿਨ ਇਸ ਕਾਲਜ ਦਾ ਹਾਲ ਮਾੜਾ ਹੁੰਦਾ ਗਿਆ। ਸਰਕਾਰ ਵੱਲੋਂ ਕਾਲਜ ਨੂੰ ਆਪਣੇ ਅਧੀਨ ਲੈਣ ਤੋਂ ਬਾਅਦ ਪਿਛਲੇ ਲੰਬੇ ਸਮੇਂ ਤੋਂ ਇੱਥੇ ਕੋਈ ਵੀ ਸਥਾਈ ਪ੍ਰਿੰਸੀਪਲ ਨਿਯੁਕਤ ਨਹੀਂ ਕੀਤਾ ਗਿਆ। ਜੇਕਰ ਵਿਭਾਗ ਵੱਲੋਂ ਕਿਸੇ ਪ੍ਰਿੰਸੀਪਲ ਦੀ ਬਦਲੀ ਇੱਥੇ ਕੀਤੀ ਵੀ ਗਈ ਤਾਂ ਉਹ ਕਾਲਜ ਦਾ ਮਾਹੌਲ ਦੇਖ ਕੇ ਆਪਣੀ ਬਦਲੀ ਇੱਥੋਂ ਕਰਵਾ ਲੈਂਦਾ ਹੈ। ਅੱਜ ਫ਼ਾਜ਼ਿਲਕਾ ਇਲਾਕਾ ਪੰਜਾਬ ਦੇ ਬਾਕੀ ਸ਼ਹਿਰਾਂ ਤੋਂ ਸਿੱਖਿਆ ਖੇਤਰ ਵਿਚ ਪੂਰੀ ਤਰਾਂ ਪੱਛੜ ਚੁੱਕਿਆ ਹੈ। ਸਥਾਨਕ ਲੋਕਾਂ ਨੇ ਪੰਜਾਬ ਵਿਚ ਬਣੀ ਨਵੀਂ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਾਲਜ ਪ੍ਰੋਫੈਸਰਾਂ ਦੀ ਸਥਾਈ ਭਰਤੀ ਕਰਕੇ ਇੱਥੋਂ ਪ੍ਰੋਫੈਸਰਾਂ ਦੀ ਕਮੀ ਨੂੰ ਪੂਰਾ ਕਰਦਿਆਂ ਜਲਦੀ ਤੋਂ ਜਲਦੀ ਸਥਾਈ ਪ੍ਰੋਫੈਸਰਾਂ ਦੀ ਨਿਯੁਕਤੀ ਕੀਤੀ ਜਾਵੇ।
No comments:
Post a Comment