ਮੁੱਦਤਾਂ ਤੋਂ ਬਣੇ ਮੰਡੀ ਰੋੜਾਂਵਾਲੀ ਦੇ ਰੇਲਵੇ ਸਟੇਸ਼ਨ ਦੀ ਹਾਲਤ ਬਦਤਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 21 March 2017

ਮੁੱਦਤਾਂ ਤੋਂ ਬਣੇ ਮੰਡੀ ਰੋੜਾਂਵਾਲੀ ਦੇ ਰੇਲਵੇ ਸਟੇਸ਼ਨ ਦੀ ਹਾਲਤ ਬਦਤਰ

ਝਗੜੇ ਵਿੱਚ ਔਰਤ ਜ਼ਖਮੀ
ਮੰਡੀ ਰੋੜਾਂਵਾਲੀ ਦੇ ਨੀਵੇਂ ਪਲੇਟਫਾਰਮ ਦੇ ਗੱਡੀ ਦੇ ਰੁਕਣ ਦਾ ਇੰਤਜ਼ਾਰ ਕਰਦੇ ਯਾਤਰੀ।
ਜਲਾਲਾਬਾਦ, 20 ਮਾਰਚ (ਬਬਲੂ ਨਾਗਪਾਲ)- ਫ਼ਾਜ਼ਿਲਕਾ ਤੋਂ ਸ੍ਰੀ ਮੁਕਤਸਰ ਸਾਹਿਬ ਰੇਲ ਮਾਰਗ ਤੇ ਵਸੀ ਮੰਡੀ ਰੋੜਾਂਵਾਲੀ (ਅਮੀਨ ਗੰਜ) ਦੇ ਰੇਲਵੇ ਸਟੇਸ਼ਨ 52 ਸੀ. ਈ ਨੂੰ 100 ਦੇ ਕਰੀਬ ਪਿੰਡ ਲੱਗਦੇ ਹਨ। ਇਸ ਸਟੇਸ਼ਨ ਤੋਂ ਵੱਡੀ ਗਿਣਤੀ 'ਚ ਹਰ ਰੋਜ਼ ਲੋਕ ਰੇਲ ਗੱਡੀ ਰਾਹੀਂ ਵੱਖ-ਵੱਖ ਸ਼ਹਿਰਾਂ ਫ਼ਾਜਿਲਕਾ, ਸ੍ਰੀ ਗੰਗਾਨਗਰ, ਅਬੋਹਰ, ਜਲਾਲਾਬਾਦ, ਫ਼ਿਰੋਜਪੁਰ, ਜਲੰਧਰ, ਸ੍ਰੀ ਅੰਮ੍ਰਿਤਸਰ ਸਾਹਿਬ, ਮੋਗਾ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਕੋਟਕਪੂਰਾ, ਬਠਿੰਡਾ, ਰਿਵਾੜੀ, ਦਿੱਲੀ ਆਦਿ ਸ਼ਹਿਰਾਂ ਨੂੰ ਆਉਂਦੇ ਜਾਂਦੇ ਹਨ। ਇਸ ਮੰਡੀ ਦਾ ਰੇਲਵੇ ਸਟੇਸ਼ਨ ਬਹੁਤ ਨੀਵਾਂ ਹੋਣ ਕਾਰਨ ਰੇਲ ਗੱਡੀ 'ਤੇ ਚੜਨ ਸਮੇਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਲੋਕ ਭੀੜ ਕਾਰਨ ਚੱਲਦੀ ਰੇਲ ਗੱਡੀ 'ਤੇ ਚੜਨ ਸਮੇਂ ਹਾਦਸੇ ਦਾ ਸ਼ਿਕਾਰ ਵੀ ਹੋ ਚੁੱਕੇ ਹਨ, ਨਤੀਜਨ ਆਪਣੇ ਹੱਥ, ਪੈਰ ਆਦਿ ਕਟਵਾ ਚੁੱਕੇ ਹਨ। ਇਸ ਲਈ ਇਹ ਨੀਵਾਂ ਸਟੇਸ਼ਨ ਲੋਕਾਂ ਲਈ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਮੰਡੀ ਰੋੜਾਂਵਾਲੀ ਦੇ ਰੇਲਵੇ ਸਟੇਸ਼ਨ ਦੀ ਬੁਕਿੰਗ 3 ਲੱਖ ਰੁਪਏ ਪ੍ਰਤੀ ਮਹੀਨਾ ਦੇ ਕਰੀਬ ਹੈ, ਜੋ ਮੇਨ ਸ਼ਹਿਰਾਂ ਨੂੰ ਛੱਡ ਕੇ ਚੱਕ ਬਨਵਾਲਾ, ਚੱਕ ਪੱਖੇ ਵਾਲਾ, ਮੰਡੀ ਲੱਖੇਵਾਲੀ, ਭਾਗਸਰ, ਬੱਲਮਗੜ, ਚੜੇਵਾਨ, ਬਰੀਵਾਲਾ, ਵਾਂਦਰ ਜਟਾਣਾ ਆਦਿ ਤੋਂ ਕਾਫੀ ਜ਼ਿਆਦਾ ਹੈ ਪਰ ਲੋਕਾਂ ਲਈ ਇਸ ਰੇਲਵੇ ਸਟੇਸ਼ਨ 'ਤੇ ਵਿਭਾਗ ਵੱਲੋਂ ਪੀਣ ਵਾਲੇ ਪਾਣੀ ਤੇ ਗਰਮੀ ਸਮੇਂ ਛਾਂ ਆਦਿ ਦੀ ਕੋਈ ਸੁਵਿਧਾ ਨਹੀਂ ਦਿੱਤੀ ਗਈ। ਆਜ਼ਾਦੀ ਤੋਂ ਪਹਿਲਾਂ ਦੇ ਚੱਲਦੇ ਇਸ ਰੇਲਵੇ ਟਰੈਕ 'ਤੇ ਰੇਲ ਵਿਭਾਗ ਵੱਲੋਂ ਕਣਕ, ਝੋਨੇ ਆਦਿ ਦੀ ਢੋਆ-ਢੁਆਈ ਲਈ ਪਲੇਟੀ ਬਣਾਈ ਗਈ ਸੀ, ਜਿੱਥੋਂ ਮਾਲ ਗੱਡੀ ਰਾਹੀਂ ਕਣਕ, ਝੋਨਾ ਤੇ ਚਾਵਲ ਆਦਿ ਲੋਡ ਕਰਕੇ ਦੂਸਰੇ ਸ਼ਹਿਰਾਂ ਨੂੰ ਦਿੱਤਾ ਜਾਂਦਾ ਸੀ। ਰੇਲਵੇ ਵਿਭਾਗ ਵੱਲੋਂ ਇਸ ਸਟੇਸ਼ਨ ਤੋਂ ਮਾਲ ਦੀ ਢੋਆ ਢੁਆਈ ਲਈ ਬਣੀ ਪਲੇਟੀ (ਲੋਡਿੰਗ ਪੁਆਇੰਟ) ਨੂੰ ਕਾਫੀ ਸਮੇਂ ਤੋਂ ਖਤਮ ਕਰਕੇ ਜਿੱਥੇ ਗਰੀਬ ਲੋਕਾਂ ਦੇ ਰੁਜ਼ਗਾਰ ਨੂੰ ਲੱਤ ਮਾਰੀ ਗਈ ਹੈ, ਉੱਥੇ ਮੰਡੀ ਵਿਚ ਬਣੇ ਝੋਨਾ ਛਡਾਈ ਸ਼ੈਲਰ ਵੀ ਬੰਦ ਹੋ ਗਏ ਹਨ, ਜਿਸ ਨਾਲ ਮੰਡੀ ਦੀ ਤਰੱਕੀ ਰੁਕੀ ਹੈ ਅਤੇ ਲੋਕਾਂ ਦੀ ਬੇਰੁਜ਼ਗਾਰੀ ਵਿਚ ਵੱਡਾ ਵਾਧਾ ਹੋਇਆ ਹੈ। ਮੰਡੀ ਨਿਵਾਸੀ ਸੇਠ ਜੀਤ ਲਾਲ ਦਾ ਕਹਿਣਾ ਹੈ ਕਿ ਮੰਡੀ ਦੇ ਰੇਲਵੇ ਸਟੇਸ਼ਨ ਤੋਂ ਕਰਾਸਿੰਗ ਪੁੱਟੀ ਜਾਣ ਕਾਰਨ ਇਸ ਸਟੇਸ਼ਨ ਤੇ ਫ਼ਾਜ਼ਿਲਕਾ ਤੋਂ ਸਵੇਰੇ 2 ਵਜੇ ਦਿੱਲੀ ਨੂੰ ਚੱਲਦੀ ਰੇਲਗੱਡੀ ਵੀ ਨਹੀਂ ਰੁਕਦੀ, ਜਿਸ ਕਾਰਨ ਦਿੱਲੀ ਸਮੇਤ ਹੋ ਸ਼ਹਿਰਾਂ ਨੂੰ ਜਾਣ ਵਾਲੇ ਵਪਾਰੀਆਂ ਅਤੇ ਆਮ ਯਾਤਰੀਆਂ ਨੂੰ ਸਿੱਧਾ ਦਿੱਲੀ ਜਾਣ ਵਾਲੀ ਗੱਡੀ ਦਾ ਲਾਭ ਨਹੀਂ ਮਿਲ ਰਿਹਾ ਹੈ। ਜੇਕਰ ਇਥੇ ਫਿਰ ਤੋਂ ਦੁਬਾਰਾ ਮਹਿਕਮਾ ਡਬਲ ਕਰਾਸਿੰਗ ਬਣਾ ਕੇ ਦਿੱਲੀ ਨੂੰ ਜਾਣ ਵਾਲੀ ਰੇਲ ਗੱਡੀ ਦਾ ਠਹਿਰਾਅ ਕਰੇ ਤਾਂ ਜਿੱਥੇ ਰੇਲ ਵਿਭਾਗ ਦੀ ਆਮਦਨ ਵਿਚ ਵੱਡਾ ਵਾਧਾ ਹੋ ਸਕਦਾ ਹੈ, ਉਥੇ ਮੰਡੀ ਰੋੜਾਂਵਾਲੀ ਦੀ ਰੁਕੀ ਹੋਈ ਤਰੱਕੀ ਨੂੰ ਫਿਰ ਤੋਂ ਨਵੀਆਂ ਲੀਹਾਂ 'ਤੇ ਲਿਆਂਦਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਮੰਡੀ ਰੋੜਾਂਵਾਲੀ ਦੇ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਲਈ ਪਿਛਲੀ ਕਾਂਗਰਸ ਦੀ ਕੇਂਦਰ ਸਰਕਾਰ ਸਮੇਂ ਜਨਵਰੀ 2014 ਵਿਚ ਡੀ. ਆਰ. ਐਮ ਨਰੇਸ਼ ਚੰਦਰ ਗੋਇਲ ਨੇ ਆਪਣੀ ਟੀਮ ਸਮੇਤ ਜਿਸ ਵਿਚ ਆਰ. ਡੀ. ਐਮ ਹੈੱਡਕੁਆਟਰ ਐਚ. ਆਰ ਰਾਓ, ਟਰੈਫ਼ਿਕ ਇੰਚਾਰਜ ਕ੍ਰਿਸ਼ਨ ਕੁਮਾਰ, ਐਸ. ਡੀ. ਈ. ਐਨ ਹੈੱਡ ਕੁਆਟਰ ਸੁਸ਼ੀਲ ਕੁਮਾਰ, ਏ. ਡੀ. ਐਨ ਪੀ. ਸੀ ਗਰਗ, ਐਸ. ਐਸ. ਈ ਗੋਪਾਲ ਕ੍ਰਿਸ਼ਨ, ਐਸ. ਐਸ. ਡੀ ਸ਼੍ਰੀ ਮੁਕਤਸਰ ਸਾਹਿਬ ਪਰਮਿੰਦਰ ਸਿੰਘ ਸਮੇਤ ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਾਰ-ਵਾਰ ਦੌਰਾ ਕੀਤਾ ਗਿਆ ਸੀ, ਜਿਸ ਤੋਂ ਲੋਕਾਂ ਨੂੰ ਇਸ ਸਟੇਸ਼ਨ ਨੂੰ ਉੱਚਾ ਅਤੇ ਆਧੁਨਿਕ ਬਣਾਉਣ ਦੀ ਆਸ ਬੱਝੀ ਸੀ, ਜਿਸ ਨੂੰ ਅਜੇ ਤੱਕ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ। ਲੋਕਾਂ ਦੀ ਇਸ ਮੰਗ ਨੂੰ ਵਿਭਾਗ ਤੇ ਸਰਕਾਰਾਂ ਨੇ ਅਜੇ ਤੱਕ ਲਟਕਾਇਆ ਹੋਇਆ ਹੈ। ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਲੋਕਲ ਸਭ ਸਟੇਸ਼ਨਾਂ ਤੋਂ ਵੱਧ ਆਮਦਨ ਵਾਲੇ ਇਸ ਸਟੇਸ਼ਨ ਨੂੰ ਉੱਚਾ ਕਰਕੇ ਪੀਣ ਵਾਲੇ ਪਾਣੀ, ਛਾਂ ਆਦਿ ਦਾ ਪ੍ਰਬੰਧ ਕੀਤਾ ਜਾਵੇ ਅਤੇ ਦੁਬਾਰਾ ਪਲੇਟੀ (ਲੋਡਿੰਗ ਪੁਆਇੰਟ) ਬਣਾ ਕੇ ਇਸ ਮੰਡੀ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਜਾਵੇ।

No comments:

Post Top Ad

Your Ad Spot