ਨਹਿਰੀ ਪਾਣੀ ਦੀ ਘਾਟ ਕਾਰਨ ਫ਼ਾਜ਼ਿਲਕਾ ਦਾ ਸਰਹੱਦੀ ਇਲਾਕਾ ਧਾਰ ਰਿਹੈ ਮਾਰੂਥਲ ਦਾ ਰੂਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 9 March 2017

ਨਹਿਰੀ ਪਾਣੀ ਦੀ ਘਾਟ ਕਾਰਨ ਫ਼ਾਜ਼ਿਲਕਾ ਦਾ ਸਰਹੱਦੀ ਇਲਾਕਾ ਧਾਰ ਰਿਹੈ ਮਾਰੂਥਲ ਦਾ ਰੂਪ

ਜਲਾਲਾਬਾਦ, 9 ਮਾਰਚ (ਬਬਲੂ ਨਾਗਪਾਲ)- ਪੰਜਾਬ ਤੇ ਹਰਿਆਣਾ ਦੇ ਵਿਚਕਾਰ ਨਹਿਰੀ ਪਾਣੀ ਦੀ ਵੰਡ ਨੂੰ ਲੈ ਕੇ ਸਤਲੁਜ ਯਮੁਨਾ ਲਿੰਕ ਨਹਿਰ ਬਨਾਉਣ ਸਬੰਧੀ ਇਸ ਸਮੇਂ ਜਿੱਥੇ ਮਾਮਲਾ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ 'ਚ ਚਲ ਰਿਹਾ ਹੈ, ਉਥੇ ਹੀ ਗੁਆਂਢੀ ਸੂਬਾ ਹਰਿਆਣਾ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਬਣਾ ਕੇ ਪੰਜਾਬ ਤੋਂ ਹੋਰ ਪਾਣੀ ਲੈਣ ਲਈ ਬਜ਼ਿਦ ਹੈ, ਉਥੇ ਹੀ ਪੰਜ ਦਰਿਆਵਾਂ ਦੀ ਧਰਤੀ ਕਹਾਉਂਦੇ ਪੰਜਾਬ ਅੰਦਰ ਫ਼ਾਜ਼ਿਲਕਾ ਦਾ ਸਰਹੱਦੀ ਇਲਾਕਾ ਨਹਿਰੀ ਪਾਣੀ ਦੀ ਘਾਟ ਕਾਰਨ ਜਮੀਨ ਦੀ ਉਪਜਾਊ ਸ਼ਕਤੀ ਤੋਂ ਵਿਹੂਣਾ ਹੁੰਦਾ ਜਾ ਰਿਹਾ ਹੈ ਤੇ ਫ਼ਾਜ਼ਿਲਕਾ ਇਲਾਕੇ 'ਚ ਚੱਲਦੀਆਂ ਛਿਮਾਹੀ ਨਹਿਰਾਂ ਪਾਣੀ ਨੂੰ ਤਰਸ ਰਹੀਆਂ ਹਨ ਤੇ ਕਿਸਾਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹੈ। ਹਿੰਦ-ਪਾਕਿਸਤਾਨ ਅੰਤਰ ਰਾਸ਼ਟਰੀ ਸਰਹੱਦ ਤੋਂ ਲੈ ਕੇ ਅਬੋਹਰ ਦੇ ਇਲਾਕੇ ਬਾਰੇ ਕੇ ਆਦਿ ਤੱਕ ਛਿਮਾਹੀ ਨਹਿਰਾਂ ਸਿੰਚਾਈ ਲਈ ਵਰਤੀਆਂ ਜਾਂਦੀਆਂ ਹਨ। ਇਹ ਛਿਮਾਹੀ ਨਹਿਰਾਂ ਬਾਲਿਆਂ ਵਾਲੀ ਹੈੱਡ ਤੋਂ ਨਿਕਲਦੀ ਈਸਟਰਨ ਕੈਨਾਲ ਜੋ ਕਿ ਚੱਕ ਪੱਖੀ ਹੈੱਡ 'ਤੇ ਆ ਪੁੱਜਦੀ ਹੈ। ਇੱਥੋਂ ਫ਼ਾਜ਼ਿਲਕਾ ਨਹਿਰ, ਸਦਰਨ ਨਹਿਰ ਤੇ ਜੰਡ ਵਾਲਾ ਮਾਈਨਰ ਨਿਕਲਦੇ ਹਨ। ਇਨਾਂ ਨਹਿਰਾਂ ਤੋਂ ਅੱਗੋਂ ਹੋਰ ਮਾਈਨਰ ਨਿਕਲਦੇ ਹਨ, ਜੋ ਸਰਹੱਦੀ ਪਿੰਡਾਂ ਤੱਕ ਪਹੁੰਚ ਕਰਦੇ ਹਨ। ਇਨਾਂ ਨਹਿਰਾਂ ਦੇ ਚੱਲਣ ਦਾ ਸਮਾਂ 15 ਅਪ੍ਰੈਲ ਤੋਂ 15 ਅਕਤੂਬਰ ਤੱਕ ਹੈ। ਪਿਛਲੇ ਕਾਫ਼ੀ ਸਮੇਂ ਤੋਂ ਇਨਾਂ ਨਹਿਰਾਂ ਵਿਚ ਕਦੇ ਵੀ 15 ਅਪ੍ਰੈਲ ਤੱਕ ਪਾਣੀ ਨਹੀਂ ਪੁੱਜਿਆ। ਦੇਰੀ ਨਾਲ ਪੁੱਜਿਆ ਪਾਣੀ ਵੀ ਕਦੇ ਪੂਰੀ ਮਾਤਰਾ 'ਚ ਨਹੀਂ ਆਉਂਦਾ। ਚੱਕ ਪੱਖੀ ਹੈੱਡ ਵਰਕਸ ਤੇ ਪੁਰਾਣੇ ਸਿੰਚਾਈ ਸਿਸਟਮ ਮੁਤਾਬਿਕ 1000 ਕਿਉਸਿਕ ਪਾਣੀ ਦੀ ਸਮਰੱਥਾ ਹੈ। ਜਦਕਿ ਬਾਲਿਆਂ ਵਾਲੀ ਹੈੱਡ ਤੋਂ ਰਸਤੇ 'ਚ ਆਉਂਦੇ ਗੁਰੂ ਹਰਸਹਾਏ, ਜਲਾਲਾਬਾਦ ਹਲਕਿਆਂ ਦੀ ਜ਼ਮੀਨ ਲਈ ਈਸਟਰਨ ਕੈਨਾਲ 'ਚੋਂ ਨਹਿਰਾਂ ਫੁੱਟਦੀਆਂ ਹਨ। ਚੱਕ ਪੱਖੀ ਹੈੱਡ ਵਰਕਸ 'ਤੇ ਪੂਰਾ ਪਾਣੀ ਨਾ ਪੁੱਜਣ ਦਾ ਕਾਰਨ ਜਲਾਲਾਬਾਦ ਤੇ ਗੁਰੂ ਹਰਸਹਾਏ ਹਲਕਿਆਂ ਅੰਦਰ, ਸਰਕਾਰ ਜਿਸ ਮਰਜ਼ੀ ਪਾਰਟੀ ਦੀ ਹੋਵੇ, ਹਾਕਮ ਧਿਰਾਂ ਦੇ ਆਗੂ ਮਨਮਰਜ਼ੀ ਨਾਲ ਈਸਟਰਨ ਕੈਨਾਲ 'ਚੋਂ ਪਾਣੀ ਚੋਰੀ ਕਰਦੇ ਹਨ। ਜਿਸ ਦਾ ਖ਼ਮਿਆਜ਼ਾ ਫ਼ਾਜ਼ਿਲਕਾ ਇਲਾਕੇ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਈਸਟਰਨ ਕੈਨਾਲ ਤੇ ਰਾਜਸਥਾਨ ਗੰਗ ਕੈਨਾਲ ਜੋ ਕਿ ਹੁਸੈਨੀਵਾਲਾ ਹੈੱਡ ਵਰਕਸ ਤੋਂ ਨਿਕਲਦੀਆਂ ਹਨ ਤੇ ਬਾਲਿਆਂ ਵਾਲੀ ਹੈੱਡ ਵਰਕਸ 'ਤੇ ਆ ਕੇ ਇਨਾਂ ਦਾ ਮੇਲ ਹਰੀਕੇ ਹੈੱਡ ਵਰਕਸ ਤੋਂ ਨਿਕਲਣ ਵਾਲੀਆਂ ਨਹਿਰਾਂ ਨਾਲ ਹੋ ਜਾਂਦਾ ਹੈ। ਇੱਥੇ ਬਾਲਿਆਂ ਵਾਲੀ ਹੈੱਡ 'ਤੇ ਰਾਜਸਥਾਨ ਸਿੰਚਾਈ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਬੈਠੇ ਹਨ। ਉਹ ਰਾਜਸਥਾਨ ਦੇ ਪਾਣੀ ਦਾ ਹਿੱਸਾ, ਜੋ ਪੰਜਾਬ ਮੁਫ਼ਤ ਰਾਜਸਥਾਨ ਨੂੰ ਦੇ ਰਿਹਾ ਹੈ, ਪੂਰਾ ਕਰ ਲੈਂਦੇ ਹਨ ਤੇ ਬਾਕੀ ਬਚਦਾ ਪਾਣੀ ਈਸਟਰਨ ਕੈਨਾਲ 'ਚ ਛੱਡ ਦਿੰਦੇ ਹਨ। ਜਿਸ ਕਾਰਨ ਫ਼ਾਜ਼ਿਲਕਾ, ਜੋ ਕਿ ਟੇਲਾਂ 'ਤੇ ਪੈਂਦਾ ਹੈ, 'ਤੇ ਪੂਰਾ ਪਾਣੀ ਨਹੀਂ ਪਹੁੰਚਦਾ ਤੇ ਕਿਸਾਨਾਂ ਦੀ ਬਰਬਾਦੀ ਦਾ ਕਾਰਨ ਬਣਦਾ ਹੈ। ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਕਰਨੀ ਖੇੜਾ ਤੋਂ ਐਡਵੋਕੇਟ ਲਖਵਿੰਦਰ ਹਾਂਡਾ, ਚਿਮਨੇ ਵਾਲਾ ਤੋਂ ਐਡਵੋਕੇਟ ਰਣਜੀਤ ਸਿੰਘ ਧਾਲੀਵਾਲ, ਅਭੁੱਨ ਤੋਂ ਗੁਰਵੰਤ ਸਿੰਘ ਬਰਾੜ, ਪਿੰਡ ਪੱਕਾ ਚਿਸ਼ਤੀ ਤੋਂ ਅਰੂੜ ਸਿੰਘ, ਗੁਰਮੇਜ ਸਿੰਘ ਸਿੱਧੂ, ਲਛਮਣ ਸਿੰਘ ਆਦਿ ਦਾ ਕਹਿਣਾ ਹੈ ਕਿ ਧਰਤੀ ਹੇਠਲਾ ਪਾਣੀ ਚਿੱਟਾ ਅਤੇ ਕਾਲਾ ਕੱਲਰ ਪੈਦਾ ਕਰਦਾ ਹੈ, ਜੋ ਫਸਲਾਂ ਲਈ ਨੁਕਸਾਨ ਦਾਇਕ ਹੁੰਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਹੀ ਹਾਲ ਚੱਲਦਾ ਰਿਹਾ ਤਾਂ ਆਉਣ ਵਾਲੇ ਸਾਲਾਂ 'ਚ ਫ਼ਾਜ਼ਿਲਕਾ ਦਾ ਸਰਹੱਦੀ ਇਲਾਕਾ ਮਾਰੂਥਲ ਦਾ ਰੂਪ ਧਾਰਨ ਕਰ ਜਾਵੇਗਾ। ਕੀ ਹੈ ਇਸ ਦਾ ਹੱਲ-ਫ਼ਾਜ਼ਿਲਕਾ ਇਲਾਕੇ ਦੀ ਖੇਤੀ ਯੋਗ ਜਮੀਨ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਸੇਵਾਮੁਕਤ ਸਿੰਚਾਈ ਵਿਭਾਗ ਦੇ ਅਧਿਕਾਰੀਆਂ, ਪੜੇ-ਲਿਖੇ ਅਗਾਂਹਵਧੂ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰਾਂ ਫ਼ਾਜ਼ਿਲਕਾ ਇਲਾਕੇ ਅੰਦਰ ਅਰਨੀਵਾਲਾ ਖੇਤਰ 'ਚ 12 ਮਾਸੀ ਨਹਿਰਾਂ ਨਾਲ ਖੇਤਾਂ ਦੀ ਸਿੰਚਾਈ ਹੁੰਦੀ ਹੈ, ਉਸੇ ਤਰਜ਼ 'ਤੇ ਜੇਕਰ ਫ਼ਾਜ਼ਿਲਕਾ ਦੇ ਸਰਹੱਦੀ ਖੇਤਰ ਦੀ ਲੱਖਾਂ ਏਕੜ ਭੂਮੀ ਨੂੰ ਮਾਰੂਥਲ ਬਣਨ ਤੋਂ ਬਚਾਉਣਾ ਹੈ ਤਾਂ ਈਸਟਰਨ ਕੈਨਾਲ ਨੂੰ 12 ਮਾਸੀ (ਸਾਰਾ ਸਾਲ ਚੱਲਣ ਵਾਲੀਆਂ) ਨਹਿਰਾਂ 'ਚ ਤਬਦੀਲ ਕੀਤਾ ਜਾਵੇ ਤਾਂ ਹੀ ਫ਼ਾਜ਼ਿਲਕਾ ਇਲਾਕੇ ਦੇ ਲੱਖਾਂ ਏਕੜ ਜਮੀਨ ਬੰਜਰ ਹੋਣੋਂ ਬਚ ਸਕਦੀ ਹੈ। ਨਹਿਰਾਂ ਦੀ ਸਫ਼ਾਈ-ਪੰਜਾਬ ਸਰਕਾਰ ਵੱਲੋਂ ਹਰ ਸਾਲ ਸੀਜ਼ਨ ਤੋਂ ਪਹਿਲਾਂ ਨਹਿਰਾਂ ਦੀ ਸਫ਼ਾਈ ਕਰਵਾਈ ਜਾਂਦੀ ਸੀ। ਪਰ ਹੁਣ ਨਹਿਰਾਂ ਦੀ ਸਫ਼ਾਈ ਸਿਰਫ਼ ਸਿਆਸੀ ਆਗੂਆਂ ਦੇ ਬਿਆਨਾਂ ਤੱਕ ਸੀਮਤ ਰਹਿ ਗਈ ਹੈ। ਇੱਕ ਗੱਲ ਤਾਂ ਨਹਿਰਾਂ ਦੀ ਸਫ਼ਾਈ ਹੁੰਦੀ ਨਹੀਂ, ਜੇ ਸਫ਼ਾਈ ਹੋਵੇ ਤਾਂ ਠੇਕੇਦਾਰ ਸਿਆਸੀ ਆਗੂਆਂ ਦੀ ਸ਼ਹਿ 'ਤੇ ਕੁੱਤੇ ਤੇ ਕੁੱਤਾ ਮਾਰ ਦੀ ਕਹਾਵਤ ਪੂਰੀ ਕਰ ਬਿੱਲਾਂ ਦੀ ਵਸੂਲੀ ਕਰ ਲੈਂਦੇ ਹਨ।

ਪਿੰਡ ਸੜੀਆਂ ਵਿਖੇ ਕਣਕ ਦੀ ਸਿੰਚਾਈ ਲਈ ਡੀਜ਼ਲ ਦੀ ਵਰਤੋਂ ਕਰਦੇ ਕਿਸਾਨ। ਨਹਿਰੀ ਪਾਣੀ ਦੀ ਘਾਅ ਕਾਰਨ ਧਰਤੀ ਹੇਠਲੇ ਪਾਣੀ ਦੇ ਲੱਗਣ ਨਾਲ ਖ਼ਰਾਬ ਹੋਈ ਕਣਕ ਦੀ ਫ਼ਸਲ। ਸਫ਼ਾਈ ਦੀ ਮੰਗ ਕਰਦੀ ਈਸਟਰਨ ਕੈਨਾਲ। ਫ਼ਾਜ਼ਿਲਕਾ ਦੇ ਨੇੜੇ ਚੱਕ ਪੱਖੀ ਹੈੱਡ ਵਰਕਸ, ਜਿੱਥੋਂ ਸਦਰਨ ਜੰਡਵਾਲਾ ਅਤੇ ਫ਼ਾਜ਼ਿਲਕਾ ਨਹਿਰਾਂ ਨਿਕਲਦੀਆਂ ਹਨ, ਦੀ ਮਾੜੀ ਹਾਲਤ ਦਾ ਦ੍ਰਿਸ਼

No comments:

Post Top Ad

Your Ad Spot