ਕਿਤੇ ਮਹਿੰਗੀ ਨਾ ਪੈ ਜਾਵੇ ਛੋਟੇ ਬੱਚਿਆਂ ਨੂੰ ਇਹ ਸਵਾਦ ਦੀ 'ਚੁਸਕੀ' - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 25 March 2017

ਕਿਤੇ ਮਹਿੰਗੀ ਨਾ ਪੈ ਜਾਵੇ ਛੋਟੇ ਬੱਚਿਆਂ ਨੂੰ ਇਹ ਸਵਾਦ ਦੀ 'ਚੁਸਕੀ'

  • ਨਿੱਕੜੀਆਂ ਜਿੰਦਗੀਆਂ ਨਾਲ ਸ਼ਰੇਆਮ ਹੋ ਰਿਹਾ ਹੈ ਖਿਲਵਾੜ
  • ਪ੍ਰਸ਼ਾਸ਼ਨ ਦੀ ਮਿਲੀਭੁਗਤ ਜਾਂ ਫਿਰ ਪ੍ਰਸ਼ਾਸ਼ਨ ਸੁੱਤਾ ਕੁੰਭਕਰਨੀਂ ਦੀ ਨੀਂਦ
ਜਲਾਲਾਬਾਦ, 25 ਮਾਰਚ (ਬਬਲੂ ਨਾਗਪਾਲ)-ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਗਰਮੀ ਤੋਂ ਰਾਹਤ ਦਿਵਾਉਣ ਦੇ ਲਈ ਵੱਖ ਵੱਖ ਪ੍ਰਕਾਰ ਦੇ ਕੋਲਡ ਡ੍ਰਿਕਸ ਰੂਪੀ ਪਦਾਰਥ ਬਜ਼ਾਰਾਂ ਵਿੱਚ ਅਤੇ ਮੁਹੱਲੇ ਦੀਆਂ ਦੁਕਾਨਾਂ 'ਤੇ ਆਉਣੇ ਵੀ ਸ਼ੁਰੂ ਹੋ ਗਏ ਹਨ। ਇਸ ਕੋਲਡ ਡ੍ਰਿਕਸ ਦੀ ਲਾਈਨ ਵਿੱਚ ਸ਼ਾਮਿਲ ਹੈ ਛੋਟੇ ਛੋਟੇ ਬੱਚਿਆਂ ਦੀ ਮਨਪਸੰਦ ਸਵਾਦ ਦੀ 'ਚੁਸਕੀ'। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਵਾਦ ਦੀ 'ਚੁਸਕੀ' ਦੀ, ਜਿਸਨੂੰ ਛੋਟੇ ਛੋਟੇ ਬੱਚੇ ਗਰਮੀ ਨੂੰ ਦੂਰ ਭਜਾਉਣ ਦੇ ਲਈ ਬੜੇ ਹੀ ਸ਼ੌਂਕ ਦੇ ਨਾਲ ਪੀਂਦੇ ਹਨ। ਇਹ ਸਵਾਦ ਦੀ 'ਚੁਸਕੀ' ਸ਼ਹਿਰ ਦੇ ਮੁਹੱਲਿਆਂ ਵਿੱਚ ਬਣੀਆਂ ਦੁਕਾਨਾਂ ਤੋਂ 1 ਜਾਂ ਫਿਰ 2 ਰੁਪਏ ਵਿੱਚ ਹੀ ਮਿਲ ਜਾਂਦੀ ਹੈ ਅਤੇ ਇਹ 'ਚੁਸਕੀ' ਵੱਖ ਵੱਖ ਸੁਆਦ ਜਿਸ ਵਿੱਚ ਕੋਕਾ-ਕੋਲਾ, ਫੈਂਟਾ, ਲਿਮਕਾ ਜਾਂ ਫਿਰ ਕੋਈ ਹੋਰ ਖੱਟੇ-ਮਿੱਠੇ ਸਵਾਦ ਵਿੱਚ ਮਿਲਦੀ ਹੈ। ਲੇਕਿਨ ਸਵਾਲ ਇਹ ਹੈ ਕਿ ਇਹ ਸਵਾਦ ਦੀ 'ਚੁਸਕੀ' ਛੋਟੇ ਛੋਟੇ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਤਾਂ ਨਹੀਂ ਕਰ ਰਹੀ, ਜਾਂ ਫਿਰ ਕਿਤੇ ਨਿੱਕੜਿਆਂ ਨੂੰ ਮਹਿੰਗੀ ਨਾ ਪੈ ਜਾਵੇ ਇਹ ਸਵਾਦ ਦੀ ਚੁਸਕੀ'।
ਸਥਾਨਕ ਸ਼ਹਿਰ ਦੇ ਇੱਕ ਮੁਹੱਲੇ ਵਿੱਚ ਸਥਿਤ ਦੁਕਾਨ ਤੋਂ ਜਦੋਂ ਇੱਕ ਛੋਟੇ ਬੱਚੇ ਵੱਲੋਂ ਇਹ ਸਵਾਦ ਦੀ 'ਚੁਸਕੀ' ਖਰੀਦੀ ਗਈ ਤਾਂ ਦੇਖਣ ਨੂੰ ਮਿਲਿਆ ਕਿ ਇਸ 'ਚੁਸਕੀ' ਨੂੰ ਬਣਾਉਣ ਵਾਲੇ ਕਿਸ ਤਰਾਂ ਛੋਟੇ ਛੋਟੇ ਬੱਚਿਆਂ ਦੀਆਂ ਜਿੰਦਗੀਆਂ ਦੇ ਨਾਲ ਖੇਡ ਰਹੇ ਹਨ। ਜਦੋਂ ਉਕਤ 'ਚੁਸਕੀ' ਨੂੰ ਨਜ਼ਦੀਕ ਤੋਂ ਦੇਖਿਆ ਗਿਆ ਤਾਂ ਉਕਤ 'ਚੁਸਕੀ' ਵਿੱਚ ਹਰੇ ਰੰਗ ਦੀ ਦਲਦਲ ਅਤੇ ਮਰੇ ਹੋਏ ਕੀੜੇ ਮਕੌੜੇ ਨਜ਼ਰ ਆ ਰਹੇ ਸਨ। ਜੇਕਰ ਉਕਤ 'ਚੁਸਕੀ' ਨੂੰ ਬੱਚਾ ਪੀਂਦਾ ਹੈ ਤਾਂ ਇਹ ਹਰੇ ਰੰਗ ਦੀ ਦਲਦਲ ਅਤੇ ਮਰੇ ਹੋਏ ਕੀੜੇ ਉਸਦੇ ਅੰਦਰ ਚੱਲੇ ਜਾਣਗੇ ਅਤੇ ਬੱਚਾ ਅਨੇਕਾਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਵੇਗਾ।
ਸਥਾਨਕ ਸ਼ਹਿਰ ਦੇ ਇੱਕ ਦੁਕਾਨਦਾਰ ਵੱਲੋਂ ਨਾਮ ਨਾਂ ਛੱਪਣ ਦੀ ਸੂਰਤ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਸ਼ਹਿਰ ਅੰਦਰ 3 ਦਰਜਨ ਦੇ ਕਰੀਬ 'ਚੁਸਕੀਆਂ' ਬਣਾਉਣ ਵਾਲੀਆਂ ਫੈਕਟਰੀਆਂ ਚੱਲ ਰਹੀਆਂ ਹਨ ਅਤੇ 'ਚੁਸਕੀਆਂ' ਬਣਾਉਣ ਵਾਲੇ ਲੋਕ ਸੇਲਜ਼ਮੈਨਾਂ ਨੂੰ ਸਥਾਨਕ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਵਿੱਚ ਬਣੀਆਂ ਦੁਕਾਨਾਂ 'ਤੇ ਵੇਚਣ ਲਈ ਭੇਜਦੇ ਹਨ। ਇਨਾਂ 'ਚੁਸਕੀਆਂ' 'ਤੇ ਨਾ ਤਾਂ ਕੋਈ ਮਾਰਕਾ ਲੱਗਿਆ ਹੈ ਅਤੇ ਨਾ ਹੀ 'ਚੁਸਕੀਆਂ ਬਣਾਉਣ ਵਾਲਿਆਂ ਦਾ ਨਾਮ ਜਾਂ ਫਿਰ ਪਤਾ, ਇਸ ਤੋਂ ਇਲਾਵਾ ਇਨਾਂ ਚੁਸਕੀਆਂ 'ਤੇ ਨਾ ਤਾਂ ਪੈਕਿੰਗ ਕਰਨ ਵਾਲੀ ਤਰੀਕ ਪਾਈ ਹੁੰਦੀ ਹੈ ਅਤੇ ਨਾ ਹੀ ਇਸ ਚੁਸਕੀ ਨੂੰ ਕਦੋਂ ਤੱਕ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਜਿਸ ਕਰਕੇ ਇਹ ਪਤਾ ਨਹੀਂ ਲੱਗਦਾ ਕਿ ਇਹ 'ਚੁਸਕੀ' ਕਿੰਨੇ ਦਿਨ ਜਾਂ ਫਿਰ ਕਿੰਨੇ ਮਹੀਨੇ ਪੁਰਾਣੀ ਹੈ। ਉਕਤ ਦੁਕਾਨਦਾਰ ਨੇ ਦੱਸਿਆ ਇਹ 'ਚੁਸਕੀਆਂ' ਬਣਾਉਣ ਵਾਲੇ ਲੋਕ ਬਿਨਾਂ ਕਿਸੇ ਲਾਇਸੰਸ ਤੋਂ ਗੰਦੇ ਪਾਣੀ ਦਾ ਇਸਤੇਮਾਲ ਕਰਕੇ 'ਚੁਸਕੀਆਂ' ਤਿਆਰ ਕਰਦੇ ਹਨ ਅਤੇ ਬੱਚਿਆਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ। ਉਕਤ ਦੁਕਾਨਦਾਰ ਨੇ ਦੱਸਿਆ ਕਿ ਸੇਲਜ਼ਮੈਨ ਸਾਨੂੰ 'ਚੁਸਕੀਆਂ' ਦਾ 20 ਰੁਪਏ ਦਾ ਪੈਕਟ ਦਿੰਦੇ ਹਨ ਅਤੇ ਇੱਕ ਪੈਕਟ ਦੇ ਵਿੱਚ 40 ਤੋਂ 45 'ਚੁਸਕੀਆਂ' ਹੁੰਦੀਆਂ ਹਨ।
ਕਿਸ ਤਰਾਂ ਤਿਆਰ ਹੁੰਦੀ ਹੈ ਸਵਾਦ ਦੀ 'ਚੁਸਕੀ'
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਸਵਾਦ ਦੀ 'ਚੁਸਕੀ' ਨੂੰ ਤਿਆਰ ਕਰਨ ਵਾਲੇ ਲੋਕ ਇੱਕ ਵੱਡੀ ਸਾਰੀ ਪਾਣੀ ਵਾਲੀ ਟੈਂਕੀ ਦੇ ਵਿੱਚ ਪਾਣੀ ਪਾਉਂਦੇ ਹਨ ਅਤੇ ਉਕਤ ਪਾਣੀ ਵਿੱਚ ਕੈਮੀਕਲ ਰੂਪੀ 'ਸਕਰੀਨ' ਮਿਲਾਉਂਦੇ ਹਨ। ਜੋ ਕਿ ਬੱਚਿਆਂ ਦੀ ਸਿਹਤ ਲਈ ਬਹੁਤ ਹੀ ਖਤਰਨਾਕ ਹੈ ਅਤੇ ਇਸ ਤੋਂ ਬਾਅਦ ਉਕਤ ਪਾਣੀ ਵਿੱਚ ਵੱਖ ਵੱਖ ਪ੍ਰਕਾਰ ਦੇ ਫਲੇਵਰ ਬਣਾਉਣ ਦੇ ਲਈ ਕੈਮੀਕਲ ਰੰਗ ਪਾਇਆ ਜਾਂਦਾ ਹੈ ਅਤੇ ਇਸ 'ਚੁਸਕੀ' ਨੂੰ ਪਲਾਸਟਿਕ ਦੇ ਲਿਫਾਫੇ ਰੂਪੀ ਬਣੀ ਇੱਕ ਲੰਮੀ ਪਾਈਪ ਵਿੱਚ ਪੈਕ ਕਰ ਦਿੱਤਾ ਜਾਂਦਾ ਹੈ। ਜਿਸ ਨਾਲ ਇਹ ਸਵਾਦ ਦੀ 'ਚੁਸਕੀ' ਤਿਆਰ ਹੋ ਜਾਂਦੀ ਹੈ।
'ਕੀ ਕਹਿਣਾ ਹੈ ਜ਼ਿਲਾ ਫਾਜ਼ਿਲਕਾ ਦੇ ਸਿਵਲ ਸਰਜਨ ਸੁਰਿੰਦਰ ਕੁਮਾਰ ਦਾ'
ਇਸ ਸੰਬੰਧੀ ਜਦੋਂ ਜ਼ਿਲਾ ਫਾਜ਼ਿਲਕਾ ਦੇ ਸਿਵਲ ਸਰਜਨ ਸੁਰਿੰਦਰ ਕੁਮਾਰ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਹ ਕਿਹਾ ਕਿ ਉਹ ਜਲਦ ਹੀ ਜ਼ਿਲਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਸੰਬੰਧੀ ਕਹਿਣਗੇ। ਉਨਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਇੱਕ ਟੀਮ ਦਾ ਗਠਨ ਕੀਤਾ ਜਾਵੇਗਾ ਅਤੇ ਇਲਾਕੇ ਵਿੱਚ ਚੱਲ ਰਹੀਆਂ 'ਚੁਸਕੀਆਂ' ਬਣਾਉਣ ਵਾਲੀਆਂ ਫੈਕਟਰੀ ਦੇ ਲਾਇਸੰਸ ਚੈਕ ਕੀਤੇ ਜਾਣਗੇ ਅਤੇ ਉਨਾਂ ਫੈਕਟਰੀਆਂ ਵਿੱਚ ਬਣ ਵਾਲੀਆਂ ਵਸਤੂਆਂ ਦੇ ਸੈਂਪਲ ਲਏ ਜਾਣਗੇ। ਜੇਕਰ ਇਸ ਦੌਰਾਨ ਕਿਸੇ ਵੀ ਵਸਤੂ ਨੂੰ ਬਣਾਉਣ ਦੇ ਲਈ ਘਟੀਆ ਮਟੀਰੀਅਲ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਸਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆਂ ਨਹੀਂ ਜਾਵੇਗਾ।

No comments:

Post Top Ad

Your Ad Spot