ਵੇ ਮੈਂ ਤੇਰੀ ਮਾਂ ਦੀ ਬੋਲੀ ਆਂ....' ਭਾਸ਼ਾ ਵਿਭਾਗ ਦੀ ਕਾਰਗੁਜ਼ਾਰੀ ਸਿਰਫ਼ ਖਾਨਾਪੂਰਤੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 20 February 2017

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ....' ਭਾਸ਼ਾ ਵਿਭਾਗ ਦੀ ਕਾਰਗੁਜ਼ਾਰੀ ਸਿਰਫ਼ ਖਾਨਾਪੂਰਤੀ

ਜਲਾਲਾਬਾਦ, 19 ਫਰਵਰੀ (ਬਬਲੂ ਨਾਗਪਾਲ)-ਸਰਕਾਰੀ ਹੁਕਮਾਂ ਮੁਤਾਬਿਕ ਪੰਜਾਬ ਦੀ ਸਰਕਾਰੀ ਅਤੇ ਰਾਜ ਭਾਸ਼ਾ ਪੰਜਾਬੀ ਹੈ, ਪਰ ਪੰਜਾਬ ਤੇ ਰਾਜ ਕਰਦੀਆਂ ਸਰਕਾਰਾਂ ਚਾਹੇ ਉਹ ਕਿਸੇ ਵੀ ਪਾਰਟੀ ਦੀਆਂ ਰਹੀਆਂ ਹੋਣ, ਪਿਛਲੇ 20 ਸਾਲਾਂ ਤੋਂ ਭਾਸ਼ਾ ਦੀ ਤਰੱਕੀ ਅਤੇ ਵਿਕਾਸ ਲਈ ਕਿਸੇ ਨੇ ਵੀ ਗੰਭੀਰ ਉਪਰਾਲੇ ਨਹੀਂ ਕੀਤੇ। ਪਿਛਲੇ 10 ਸਾਲਾਂ ਤੋਂ ਅਕਾਲੀ ਭਾਜਪਾ ਸਰਕਾਰੀ ਜੋ ਖ਼ੁਦ ਨੂੰ ਪੰਜਾਬੀ ਭਾਸ਼ਾ ਦੀ ਅਲੰਬਰਦਾਰ ਮੰਨਦੀ ਹੈ, ਕੋਈ ਅਜਿਹੇ ਮਾਰਕੇ ਨਹੀਂ ਮਾਰ ਸਕੀ। ਜਿਸ ਨੂੰ ਪ੍ਰਾਪਤੀਆਂ ਵਜੋਂ ਮੰਨਿਆ ਜਾਵੇ। ਸਿਰਫ਼ ਦਫ਼ਤਰੀ ਹੁਕਮ ਅਤੇ ਪੱਤਰ ਜ਼ਰੂਰ ਜਾਰੀ ਹੁੰਦੇ ਰਹੇ। ਰਾਜ ਸਰਕਾਰ ਦੇ ਮਹੱਤਵਪੂਰਨ ਦਫ਼ਤਰ ਸਕੱਤਰਕ ਤੋਂ ਲੈ ਕੇ ਜ਼ਿਲਾ ਅਤੇ ਤਹਿਸੀਲ ਦਫ਼ਤਰਾਂ ਤੋਂ ਪੱਤਰ ਵਿਵਹਾਰ ਅੰਗਰੇਜ਼ੀ ਵਿਚ ਹੀ ਹੁੰਦਾ ਰਿਹਾ। ਹਰ ਦਫ਼ਤਰ ਤੋਂ ਅਨੇਕਾਂ ਚਿੱਠੀਆਂ ਅਜੇ ਵੀ ਅੰਗਰੇਜ਼ੀ ਵਿਚ ਜਾਰੀ ਹੋ ਰਹੀਆਂ ਹਨ। ਪੰਜਾਬ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪਿਛਲੇ ਸਮੇਂ ਵਿਚ ਜੋ ਕੁੱਝ ਵਾਪਰਿਆ ਹੈ, ਇੰਝ ਜਾਪਣ ਲੱਗ ਪਿਆ ਹੈ ਕਿ ਪੰਜਾਬੀ ਬੋਲੀ, ਪੰਜਾਬੀ ਪਿੰਡ, ਭਾਸ਼ਾਈ ਮਸਲੇ ਸਿਰਫ਼ ਭਾਸ਼ਣਾਂ ਤੱਕ ਹੀ ਸੀਮਤ ਹਨ। ਪੰਜਾਬੀ ਬੋਲੀ ਦੇ ਵਿਕਾਸ ਦਾ ਮਸਲਾ ਹਾਸ਼ੀਏ 'ਤੇ ਚਲਾ ਗਿਆ ਹੈ। ਭਾਸ਼ਾ ਵਿਭਾਗ ਨੇ ਕਿਸੇ ਸਮੇਂ ਪੰਜਾਬੀ ਲਈ ਰਿਕਾਰਡਤੋੜ ਕੰਮ ਕੀਤਾ ਅਤੇ ਹੁਣ ਬਿਮਾਰ ਜਿਹਾ ਨਜ਼ਰ ਆ ਰਿਹਾ ਹੈ। ਨਾ ਹੀ ਅਮਲਾ, ਨਾ ਪੈਸਾ ਹੈ, ਨਾ ਹੀ ਭਾਸ਼ਾ ਪ੍ਰਤੀ ਪ੍ਰਤੀਬੱਧਤਾ ਹੈ। ਜਿਸ ਕਾਰਨ ਇਸ ਅਦਾਰਾ ਆਪਣੀ ਹੋਂਦ ਗਵਾਉਂਦਾ ਜਾ ਰਿਹਾ ਹੈ। ਬਹੁਤੇ ਜ਼ਿਲਿਆਂ ਅੰਦਰ ਭਾਸ਼ਾ ਵਿਭਾਗ ਦੀ ਕਾਰਗੁਜ਼ਾਰੀ ਮਹਿਜ਼ ਖਾਨਾਪੂਰਤੀ ਹੈ। ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜ਼ਿਲਾ ਫ਼ਾਜ਼ਿਲਕਾ ਨੂੰ ਹੋਂਦ ਵਿਚ ਆਏ 5 ਸਾਲਾਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਇੱਥੇ ਭਾਸ਼ਾ ਦੀ ਪ੍ਰਫੁੱਲਤਾ ਲਈ ਕੋਈ ਦਫ਼ਤਰ ਨਹੀਂ ਹੈ। ਫ਼ਿਰੋਜਪੁਰ ਸਥਿਤ ਦਫ਼ਤਰ ਨੇ ਵੀ ਇੱਥੇ ਕਦੇ ਕੋਈ ਸਰਗਰਮੀ ਨਹੀਂ ਵਿਖਾਈ। ਇਸ ਹਾਲਤ ਵਿਚ ਭਾਸ਼ਾਈ ਪ੍ਰਫੁੱਲਤਾ ਦਾ ਮਸਲਾ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਜਦੋਂ ਹਰਭਜਨ ਮਾਨ ਨੇ ਇਹ ਗੀਤ 'ਮੈਨੂੰ ਇੰਝ ਨਾ ਮਨੋ ਵਿਸਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ' ਗਾਇਆ ਸੀ ਤਾਂ ਪੰਜਾਬ ਦੇ ਲੋਕਾਂ ਨੇ ਉਸ ਨੂੰ ਸਿਰ 'ਤੇ ਬਿਠਾ ਲਿਆ ਸੀ। ਭਾਸ਼ਾ ਵਿਭਾਗ ਦੀ ਪੰਜਾਬੀ ਪ੍ਰਤੀ ਅਜਿਹੀ ਬੇਰੁਖ਼ੀ ਤੇ ਆਪਣੇ ਤਿੱਖੇ ਪ੍ਰਤੀਕਰਮ ਵਿਚ ਉੱਘੇ ਵਿੱਦਿਅਕ ਚਿੰਤਕ ਪ੍ਰਿੰਸੀਪਲ ਹੰਸ ਰਾਜ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਭਾਸ਼ਾ ਦੇ ਮਸਲੇ ਤੇ ਸਿਆਸੀ ਪਾਰਟੀਆਂ ਅੰਦਰ ਸੰਜੀਦਗੀ ਨਹੀਂ। ਲੇਖਕਾਂ, ਗੀਤਕਾਰਾਂ, ਕਲਾਕਾਰਾਂ, ਵਿਦਵਾਨਾਂ ਅਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਇਸ ਹਾਲਤ ਵਿਚ ਹੋਰ ਵੱਧ ਗਈ ਹੈ। ਉਨਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਅਲੰਬਰਦਾਰੀ ਕਰਦੀ ਸਰਕਾਰ ਫ਼ਾਜ਼ਿਲਕਾ ਜ਼ਿਲੇ ਅੰਦਰ ਭਾਸ਼ਾ ਵਿਭਾਗ ਦਾ ਦਫ਼ਤਰ ਹੀ ਨਹੀਂ ਖੋਲ ਸਕੀ। ਹੋਰ ਤਾਂ ਹੋਰ, ਪੰਜਾਬੀ ਭਾਸ਼ਾ ਪ੍ਰਤੀ ਜ਼ਿਲੇ ਵਿਚ ਕੀ ਉਪਰਾਲੇ ਹੋਣੇ ਸਨ। ਉਨਾਂ ਕਿਹਾ ਕਿ ਪੰਜਾਬੀ ਭਾਸ਼ਾ ਜੋ ਕਿ ਸਾਡੇ ਗੁਰੂਆਂ, ਸੂਫ਼ੀ ਸੰਤਾਂ ਦੇ ਮੂੰਹੋਂ ਉਚਰੀ ਹੋਈ ਹੈ, ਦੇ ਵਿਚ ਆ ਰਹੀ ਗਿਰਾਵਟ ਨੂੰ ਉੱਚਾ ਚੁੱਕਣ ਲਈ ਸਾਨੂੰ ਸਭ ਨੂੰ ਵੱਡਾ ਹੰਭਲਾ ਮਾਰਨਾ ਪਵੇਗਾ।

No comments:

Post Top Ad

Your Ad Spot