ਸੁਲੱਖਣ ਸਰਹੱਦੀ ਅਤੇ ਮੋਹਨ ਸ਼ਰਮਾ 'ਕੇਵਲ ਵਿੱਗ ਐਵਾਰਡ-2016' ਨਾਲ ਸਨਮਾਨਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 5 December 2016

ਸੁਲੱਖਣ ਸਰਹੱਦੀ ਅਤੇ ਮੋਹਨ ਸ਼ਰਮਾ 'ਕੇਵਲ ਵਿੱਗ ਐਵਾਰਡ-2016' ਨਾਲ ਸਨਮਾਨਿਤ

ਕੇਵਲ ਵਿੱਗ ਐਵਾਰਡ-2016 ਸਮਾਰੋਹ ਦੌਰਾਨ ਸੁਲੱਖਣ ਸਰਹੱਦੀ ਅਤੇ ਮੋਹਨ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ
ਜਲੰਧਰ 5 ਦਸੰਬਰ (ਜਸਵਿੰਦਰ ਆਜ਼ਾਦ)- ਪ੍ਰਮੁੱਖ ਪੱਤਰਕਾਰ, ਸਾਹਿਤ ਪ੍ਰੇਮੀ ਅਤੇ 'ਜਨਤਾ ਸੰਸਾਰ' ਮੈਗਜ਼ੀਨ ਦੇ ਫਾਊਂਡਰ ਸੰਪਾਦਕ ਸਵਰਗੀ ਸ੍ਰੀ ਕੇਵਲ ਵਿੱਗ ਦੀ ਯਾਦ ਵਿਚ ਸਥਾਪਿਤ 'ਕੇਵਲ ਵਿੱਗ ਐਵਾਰਡ-2016' ਦਾ ਮੁੱਖ ਸਮਾਗਮ ਕੇ.ਐੱਲ. ਸਹਿਗਲ ਮੈਮੋਰੀਅਲ ਹਾਲ, ਜਲੰਧਰ ਵਿਖੇ ਹੋਇਆ। ਕੇਵਲ ਵਿੱਗ ਫਾਊਂਡੇਸ਼ਨ ਦੇ ਮੁੱਖੀ ਜਤਿੰਦਰ ਮੋਹਨ ਵਿੱਗ ਨੇ ਦੱਸਿਆ ਕਿ ਇਸ ਵਾਰ ਪੰਜਾਬੀ ਗ਼ਜ਼ਲ ਦੇ ਸੁਹਿਰਦ ਹਸਤਾਖਰ ਸ੍ਰੀ ਸੁਲੱਖਣ ਸਰਹੱਦੀ ਨੂੰ ਬਤੌਰ ਸਰਵੋਤਮ ਸ਼ਾਇਰ ਅਤੇ ਪ੍ਰਮੁੱਖ ਵਾਰਤਕ ਲਿਖਾਰੀ ਸ੍ਰੀ ਮੋਹਨ ਸ਼ਰਮਾ ਨੂੰ ਬਤੌਰ ਸਰਵੋਤਮ ਲੇਖਕ ਇਹ ਯਾਦਗਾਰੀ ਐਵਾਰਡ ਪ੍ਰਦਾਨ ਕੀਤੇ ਗਏ। ਉਹਨਾਂ ਅੱਗੇ ਦੱਸਿਆ ਕਿ ਹਰ ਸਾਲ ਸਵਰਗੀ ਸ੍ਰੀ ਕੇਵਲ ਵਿੱਗ ਦੀ ਬਰਸੀ ਦੇ ਅਵਸਰ 'ਤੇ ਇਹ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ, ਇਸ ਵਾਰ ਸ੍ਰੀ ਕੇਵਲ ਵਿੱਗ ਦੀ 24ਵੀਂ ਬਰਸੀ ਦੇ ਅਵਸਰ 'ਤੇ ਸਵਰਗੀ ਸ੍ਰੀ ਕੇਵਲ ਵਿੱਗ ਨੂੰ ਭਾਵਪੂਰਨ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸ੍ਰੀ ਵਿੱਗ ਇਕ ਬਹੁਪੱਖੀ ਸ਼ਖ਼ਸੀਅਤ ਸਨ, ਜਿਨਾਂ ਨੇ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ ਤੇ ਉਹ ਪੱਤਰਕਾਰੀ ਦੇ ਖੇਤਰ ਵਿਚ 25-30 ਸਾਲ ਸਰਗਰਮੀ ਨਾਲ ਵਿਚਰਦੇ ਰਹੇ ਸਨ। ਉਨਾਂ ਦੀ ਯਾਦ ਵਿਚ 'ਕੇਵਲ ਵਿੱਗ ਐਵਾਰਡ' ਸੰਨ 1994 ਵਿਚ ਸਥਾਪਿਤ ਕੀਤਾ ਸੀ, ਜੋ ਹਰ ਸਾਲ ਦੋ ਪ੍ਰਮੁੱਖ ਲਿਖਾਰੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ।
ਸਮਾਗਮ ਦਾ ਸ਼ੁੱਭ ਆਰੰਭ ਸ਼ਮਾਂ ਰੌਸ਼ਨ ਕਰਕੇ ਹੋਇਆ, ਉਪਰੰਤ ਪ੍ਰਸਿੱਧ ਧਾਰਮਿਕ ਗਾਇਕ ਭਾਈ ਹਰਜਿੰਦਰ ਸਿੰਘ ਨੇ ਇਕ ਧਾਰਮਿਕ ਸ਼ਬਦ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਗਾਇਕਾ ਰੰਜਨਾ ਭੱਟੀ ਨੇ ਸਾਹਿਤਕ ਅੰਦਾਜ਼ ਵਿਚ ਆਪਣੀ ਗਾਇਕੀ ਨਾਲ ਸਮਾਂ ਬੰਨਿਆ, ਉਭਰ ਰਹੇ ਨੌਜਵਾਨ ਗਾਇਕ ਅਨਮੋਲ ਜ਼ੀਰਵੀ ਨੇ ਸੁਲੱਖਣ ਸਰਹੱਦੀ ਦੀਆਂ ਰਚਨਾਵਾਂ ਨੂੰ ਸੁਰ ਲੈਅ ਵਿਚ ਪੇਸ਼ ਕੀਤਾ। ਪ੍ਰਧਾਨਗੀ ਮੰਡਲ ਵਿਚ ਡਾ. ਮਨਦੀਪ ਕੁਮਾਰ ਬਾਤਿਸ਼ (ਆਈ.ਆਰ.ਐਸ.) ਅਸਿਸਟੈਂਟ ਕਮਿਸ਼ਨਰ, ਸੈਂਟਰਲ ਐਕਸਾਈਜ਼ ਐਂਡ ਸਰਵਿਸ ਟੈਕਸ, ਸ੍ਰ. ਸੁਰਜੀਤ ਸਿੰਘ ਅਰੋੜਾ (ਏ.ਜੀ.ਐਮ.) ਸਟੇਟ ਬੈਂਕ ਆਫ਼ ਇੰਡੀਆ, ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਵਿਜੇ ਹੰਸ, ਉੱਘੇ ਕਾਂਗਰਸੀ ਆਗੂ ਸ਼ਿਵ ਕੰਵਰ ਸਿੰਘ ਸੰਧੂ, ਅਵਤਾਰ ਸਿੰਘ ਉਮਰਾਨੰਗਲ (ਚੀਫ ਇੰਜੀਨੀਅਰ ਸੇਵਾ ਮੁਕਤ), ਯੋਗਾ ਆਚਾਰੀਆ ਵਰਿੰਦਰ ਸ਼ਰਮਾ, ਸਤਨਾਮ ਸਿੰਘ ਬਿੱਟਾ (ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ), ਆਮ ਆਦਮੀ ਪਾਰਟੀ ਦੇ ਆਗੂ ਡਾ. ਸੰਜੀਵ ਸ਼ਰਮਾ, ਅਹਿਮਦੀਆ ਮੁਸਲਿਮ ਜਮਾਤ ਦੇ ਸ੍ਰੀ ਤਨਵੀਰ ਅਹਿਮਦ ਖਾਦਿਮ ਸੁਸ਼ੋਭਿਤ ਸਨ।
ਕੇਵਲ ਵਿੱਗ ਫਾਊਂਡੇਸ਼ਨ ਦੇ ਮੁੱਖੀ ਜਤਿੰਦਰ ਮੋਹਨ ਵਿੱਗ ਨੇ ਸਮਾਗਮ ਵਿਚ ਪੁੱਜੇ ਸਭ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਸ ਐਵਾਰਡ ਨੇ ਸਾਹਿਤਕ ਹਲਕਿਆਂ ਵਿਚ ਆਪਣੀ ਵਿਲੱਖਣ ਪਹਿਚਾਣ ਸਥਾਪਿਤ ਕੀਤੀ ਹੈ ਤੇ ਹੁਣ ਤੱਕ 53 ਪ੍ਰਮੁੱਖ ਸ਼ਖ਼ਸੀਅਤਾਂ ਨੂੰ ਇਸ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਫਾਊਂਡੇਸ਼ਨ ਵਲੋਂ ਸ੍ਰੀ ਸੰਗਤ ਰਾਮ ਨੇ ਸਨਮਾਨਿਤ ਸ਼ਖ਼ਸੀਅਤ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸੁਲੱਖਣ ਸਰਹੱਦੀ ਨੇ ਆਪਣੀਆਂ ਸਾਹਿਤਕ ਘਾਲਣਾਵਾਂ ਦੀ ਬਦੌਲਤ ਆਪਣਾ ਵੱਖਰਾ ਸਥਾਨ ਬਣਾਇਆ ਹੋਇਆ ਹੈ, ਪੰਜਾਬੀ ਗ਼ਜ਼ਲ ਦੀ ਸਿਰਜਣਾ ਵਿਚ ਉਹ ਪਿਛਲੇ 50 ਸਾਲਾਂ ਤੋਂ ਸਰਗਰਮੀ ਨਾਲ ਵਿਚਰ ਰਹੇ ਹਨ। ਸਰਹੱਦੀ ਨੇ ਪੰਜਾਬੀ ਨਾਲੋਂ ਦਲੇਰੀ ਨਾਲ ਰੂੜੀਵਾਦੀ ਰਵਾਇਤਾਂ ਨੂੰ ਤੋੜ ਕੇ ਪੰਜਾਬੀ ਗ਼ਜ਼ਲ ਨੂੰ ਪੰਜਾਬੀ ਬਣਾਇਆ ਹੈ। 42 ਕਿਤਾਬਾਂ ਦੇ ਲੇਖਕ ਸਰਹੱਦੀ ਨੇ ਪੰਜਾਬੀ ਗ਼ਜ਼ਲ ਦੇ 'ਪਿੰਗਲ ਤੇ ਅਰੂਜ਼ ਸੰਦਰਭ ਕੋਸ਼' ਇਕ ਖੋਜ ਭਰਪੂਰ 818 ਸਫ਼ਿਆਂ ਦੀ ਪੁਸਤਕ ਦੀ ਸਿਰਜਣਾ ਕਰਕੇ ਇਤਿਹਾਸ ਸਿਰਜ ਦਿੱਤਾ ਹੈ।
ਉਹਨਾਂ ਨੇ ਦੂਜੀ ਸ਼ਖ਼ਸੀਅਤ ਬਾਰੇ ਦੱਸਿਆ ਕਿ ਨਿਰੰਤਰ ਸਾਧਨਾਂ ਅਤੇ ਸੰਘਰਸ਼ ਦਾ ਨਾਂ ਹੀ ਮੋਹਨ ਸ਼ਰਮਾ ਹੈ। ਜੋ 1969 ਤੋਂ ਲੈ ਕੇ 1992 ਤੱਕ ਇਕ ਆਦਰਸ਼ ਅਧਿਆਪਕ ਵਜੋਂ ਵੱਖ-ਵੱਖ ਸਕੂਲਾਂ ਵਿਚ ਸੇਵਾ ਕਰਦੇ ਰਹੇ ਸਨ, 1992 ਵਿਚ ਉਹ ਅਧਿਆਪਕ ਤੋਂ ਜਿਲਾ ਬੱਚਤ ਅਫ਼ਸਰ ਨਿਯੁਕਤ ਹੋ ਗਏ। ਫਰਵਰੀ 2006 ਵਿਚ ਸੇਵਾ ਮੁਕਤ ਹੋਣ ਉਪਰੰਤ ਮੋਹਨ ਸ਼ਰਮਾ ਨੇ ਆਪਣੀ ਜ਼ਿੰਦਗੀ ਵਿਚ ਖੜੋਤ ਨਹੀਂ ਲਿਆਂਦੀ, ਸਗੋਂ ਪੰਜਾਬ ਵਿਚ ਵਹਿ ਰਹੇ ਛੇਵੇਂ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਉਣ ਲਈ ਮੋਹਰੀ ਭੂਮਿਕਾ ਨਿਭਾਈ। ਹੁਣ ਤੱਕ ਉਹ 19 ਕਿਤਾਬਾਂ ਲਿਖ ਚੁੱਕੇ ਹਨ, ਜਿਨਾਂ ਵਿਚੋਂ 6 ਕਿਤਾਬਾਂ ਨਸ਼ਿਆਂ ਦੇ ਖ਼ਿਲਾਫ਼ ਲੋਕਾਂ ਨੂੰ ਮਾੜੇ ਪ੍ਰਭਾਵ ਤੋਂ ਸੁਚੇਤ ਕਰਦੀਆਂ ਹਨ। ਇਸ ਮੌਕੇ 'ਤੇ ਸ਼ਹਿਰ ਦੇ ਪਤਵੰਤੇ, ਲਿਖਾਰੀ, ਸ਼ਾਇਰ ਤੇ ਬੁੱਧੀਜੀਵੀ ਭਾਰੀ ਗਿਣਤੀ ਵਿਚ ਮੌਜੂਦ ਸਨ। ਸਮਾਗਮ ਦਾ ਮੰਚ ਸੰਚਾਲਨ ਸੁਖਪ੍ਰੀਤ ਕੌਰ ਨੇ ਸਾਹਿਤਕ ਅੰਦਾਜ਼ ਵਿਚ ਕੀਤਾ।

No comments:

Post Top Ad

Your Ad Spot