ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਕੌਮ ਨੂੰ ਸਮਰਪਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 6 November 2016

ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਕੌਮ ਨੂੰ ਸਮਰਪਿਤ

 • ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਪੰਜਾਬੀ ਸਦਾ ਹੀ ਕੁਰਬਾਨੀ ਦੇਣ ਲਈ ਤਿਆਰ-ਬਾਦਲ
 • ਬਾਦਲ ਨੇ ਕੌਮੀ ਆਜ਼ਾਦੀ ਸੰਘਰਸ਼ ਵਿਚ ਪੰਜਾਬੀਆਂ ਦੀ ਮਹਾਨ ਦੇਣ ਨੂੰ ਮੂਰਤੀਮਾਨ ਕਰਦੀ ਯਾਦਗਾਰ ਨੂੰ ਇਕ ਨਿਮਾਣਾ ਯਤਨ ਦੱਸਿਆ
 • ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਡਾ. ਹਮਦਰਦ ਦੀ ਭਰਵੀਂ ਸ਼ਲਾਘਾ
 • ਸੂਬਾ ਸਰਕਾਰ ਵੱਲੋਂ ਸਥਾਪਤ ਯਾਦਗਾਰਾਂ ਦੀ ਮਹੱਤਤਾ ਦਾ ਜ਼ਿਕਰ ਕੀਤਾ
 • ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਸਥੱਲ 10 ਦਸੰਬਰ ਨੂੰ ਸਮਰਪਿਤ ਕੀਤੀ ਜਾਵੇਗੀ
 • ਯਾਦਗਾਰ ਸਦੀਵੀ ਤੌਰ 'ਤੇ ਲੋਕ ਮਨਾਂ ਵਿਚ ਵਸੀ ਰਹੇਗੀ-ਸੁਖਬੀਰ ਸਿੰਘ ਬਾਦਲ
 • ਅਕਾਲੀ-ਭਾਜਪਾ ਸਰਕਾਰ ਦਾ ਮੁੱਖ ਮਕਸਦ ਪੰਜਾਬ ਦੀ ਤਰੱਕੀ ਲਈ ਲਗਾਤਾਰ ਕੋਸ਼ਿਸ਼ ਕਰਨਾ
 • ਮੁਗਲਾਂ ਤੋਂ ਅੰਗਰੇਜਾਂ ਤੱਕ ਪੰਜਾਬੀਆਂ ਨੇ ਅਜ਼ਾਦੀ ਦੀ ਲੜਾਈ ਵਿੱਚ ਸੱਭ ਤੋਂ ਵੱਧ ਯੋਗਦਾਨ ਪਾਇਆ
 • ਡਾ. ਹਮਦਰਦ ਨੇ ਯਾਦਗਾਰ ਨੂੰ ਮੁਕੰਮਲ ਕਰਨ ਲਈ ਮੁੱਖ ਮੰਤਰੀ ਵੱਲੋਂ ਦਿੱਤੇ ਉਤਸ਼ਾਹ ਦੀ ਸ਼ਲਾਘਾ ਕੀਤੀ
 • ਕੌਮੀ ਆਜ਼ਾਦੀ ਸੰਘਰਸ਼ ਵਿਚ ਪੰਜਾਬੀਆਂ ਦੇ ਲਾਮਿਸਾਲ ਯੋਗਦਾਨ ਨੂੰ ਚੇਤੇ ਕੀਤਾ
 • ਸਾਂਪਲਾ ਵੱਲੋਂ ਦੋਆਬੇ ਦੀ ਪਵਿੱਤਰ ਧਰਤੀ ਉੱਤੇ ਇਸ ਮਾਣਮੱਤੇ ਪ੍ਰਾਜੈਕਟ ਨੂੰ ਸਥਾਪਤ ਕਰਨ ਲਈ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਡਾ. ਹਮਦਰਦ ਦਾ ਧੰਨਵਾਦ
ਕਰਤਾਰਪੁਪਰ (ਜਲੰਧਰ) 6 ਨਵੰਬਰ (ਜਸਵਿੰਦਰ ਆਜ਼ਾਦ)- ਕੌਮੀ ਆਜ਼ਾਦੀ ਲਹਿਰ ਵਿਚ ਪੰਜਾਬੀਆਂ ਦੀਆਂ ਲਾਮਿਸਾਲ ਕੁਰਬਾਨੀਆਂ ਨੂੰ ਚੇਤੇ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਪੰਜਾਬੀ ਸਦਾ ਹੀ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ। ਅੱਜ ਇੱਥੇ ਉਤਮ ਨਮੂਨੇ ਦੀ ਜੰਗ-ਏ-ਆਜ਼ਾਦੀ ਯਾਦਗਾਰ ਦੇ ਪਹਿਲੇ ਪੜਾਅ ਨੂੰ ਕੌਮ ਨੂੰ ਸਮਰਪਿਤ ਕਰਨ ਉਪਰੰਤ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਮੁਲਕ ਦੀ ਕੁੱਲ ਆਬਾਦੀ ਦਾ ਮਹਿਜ਼ ਢਾਈ ਫੀਸਦੀ ਹਿੱਸਾ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਕੌਮੀ ਆਜ਼ਾਦੀ ਸੰਘਰਸ਼ ਵਿਚ 80 ਫੀਸਦੀ ਕੁਰਬਾਨੀਆਂ ਦਿੱਤੀਆਂ ਅਤੇ ਫਾਂਸੀ, ਜੇਲਾਂ ਅਤੇ ਦੇਸ਼ ਨਿਕਾਲੇ ਵਰਗੀਆਂ ਔਖੀਆਂ ਸਜ਼ਾਵਾਂ ਭੁਗਤ ਕੇ ਮੋਹਰੀ ਰੋਲ ਨਿਭਾਇਆ। ਉਨਾਂ ਕਿਹਾ ਕਿ ਪੰਜਾਬੀਆਂ ਨੂੰ ਇਤਿਹਾਸ ਸਿਰਜਣ ਲਈ ਜਾਣਿਆ ਜਾਂਦਾ ਹੈ ਪਰ ਉਹ ਆਪਣੀਆਂ ਮਹਾਨ ਕੁਰਬਾਨੀਆਂ ਦੇ ਅਮੀਰ ਵਿਰਸੇ ਨੂੰ ਸੰਭਾਲਣ ਵੱਲ ਧਿਆਨ ਨਹੀਂ ਦਿੰਦੇ। ਉਨਾਂ ਕਿਹਾ ਕਿ ਜੰਗ-ਏ-ਆਜ਼ਾਦੀ ਦੀ ਸਥਾਪਨਾ ਰਾਹੀਂ ਸੂਬਾ ਸਰਕਾਰ ਨੇ ਇੱਕ ਨਿਮਾਣਾ ਜਿਹਾ ਯਤਨ ਕੀਤਾ ਹੈ ਤਾਂ ਕਿ ਕੌਮੀ ਆਜ਼ਾਦੀ ਲਹਿਰ ਦੌਰਾਨ ਸਾਡੇ ਮਹਾਨ ਦੇਸ਼ ਭਗਤਾਂ ਤੇ ਆਜ਼ਾਦੀ ਦੇ ਪਰਵਾਨੀਆਂ ਵੱਲੋਂ ਮੁਲਕ ਨੂੰ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਕੀਤੀਆਂ ਲਾਮਿਸਾਲ ਕੁਰਬਾਨੀਆਂ ਦਾ ਪਾਸਾਰ ਕੀਤਾ ਸਕੇ।
ਪੰਜਾਬੀਆਂ ਦੀ ਬਹਾਦਰੀ ਅਤੇ ਜਜ਼ਬੇ ਦੀ ਅਮਿੱਟ ਭਾਵਨਾ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸਵੈ-ਕੁਰਬਾਨੀ ਦਾ ਜਜ਼ਬਾ ਪੰਜਾਬੀਆਂ ਨੂੰ ਆਪਣੇ ਮਹਾਨ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਮਿਲਿਆ ਹੈ ਜਿਨਾਂ ਨੇ ਮਦਦਹੀਣ ਤੇ ਮਾਸੂਮ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਨਿਆਂ, ਜ਼ਬਰ ਤੇ ਦਮਨ ਖਿਲਾਫ ਲੜਾਈ ਲੜੀ। ਸਦੀਆਂ ਤੋਂ ਸਾਡੀਆਂ ਰੱਖਿਆ ਸੈਨਾਵਾਂ ਦੀ ਸੂਰਬੀਰਤਾ ਨੂੰ ਵਡਿਆਉਂਦਿਆਂ ਸ. ਬਾਦਲ ਨੇ ਕਿਹਾ ਕਿ ਸਾਡੇ ਬਹਾਦਰ ਸੈਨਿਕਾਂ ਦਾ ਜੁਝਾਰੂ ਜਜ਼ਬਾ ਮਹਾਨ ਗੁਰੂ ਸਾਹਿਬਾਨ ਪਾਸੋਂ ਗੁੜਤੀ ਵਿਚ ਮਿਲਿਆ ਹੈ ਜਿਸ ਕਰਕੇ ਪੰਜਾਬ ਨੂੰ ਦੇਸ਼ ਦੀ ਖੜਗ ਭੁਜਾ ਵਜੋਂ ਜਾਣਿਆ ਜਾਂਦਾ ਹੈ। ਸ. ਬਾਦਲ ਨੇ ਨਾਇਕ ਕਰਮ ਸਿੰਘ, ਮੇਜਰ ਸੋਮ ਨਾਥ ਸ਼ਰਮਾ, ਜੋਗਿੰਦਰ ਸਿੰਘ, ਜਨਰਲ ਹਰਬਖ਼ਸ਼ ਸਿੰਘ, ਏਅਰ ਚੀਫ ਮਾਰਸ਼ਲ ਅਰਜਨ ਸਿੰਘ, ਲੈਫਟੀਨੈਂਟ ਜਨਰਲ ਜੇ.ਐਸ. ਅਰੋੜਾ, ਕੈਪਟਨ ਬਾਨਾ ਸਿੰਘ ਵਰਗੇ ਮਹਾਨ ਪੰਜਾਬੀ ਸੈਨਿਕਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਚੇਤੇ ਕੀਤਾ ਜਿਨਾਂ ਨੇ ਆਪਣੇ ਵਿਲੱਖਣ ਯੋਗਦਾਨ ਰਾਹੀਂ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ।
ਮੁੱਖ ਮੰਤਰੀ ਨੇ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਇਹ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕਰਨ ਲਈ ਵਧਾਈ ਦਿੱਤੀ। ਡਾ. ਹਮਦਰਦ ਵੱਲੋਂ ਦੋ ਸਾਲ ਦੇ ਸਮੇਂ ਵਿਚ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ ਆਪਣਾ ਕੀਮਤੀ ਸਮਾਂ ਕੱਢਣ ਲਈ ਸ਼ਲਾਘਾ ਕਰਦਿਆਂ ਸ. ਬਾਦਲ ਨੇ ਆਖਿਆ ਕਿ ਡਾ. ਹਮਦਰਦ ਦੀ ਸਖ਼ਤ ਮਿਹਨਤ ਤੇ ਸਮਰਪਿਤ ਭਾਵਨਾ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ। ਸ. ਬਾਦਲ ਨੇ ਡਾ. ਬਰਜਿੰਦਰ ਸਿੰਘ ਹਮਦਰਦ ਦੀ ਯੋਗ ਅਗਵਾਈ ਵਿਚ ਜੰਗ-ਏ-ਆਜ਼ਾਦੀ ਫਾਊਂਡੇਸ਼ਨ ਦੀ ਕਾਰਜਕਾਰਨੀ ਕਮੇਟੀ ਦੇ ਯਤਨਾਂ ਨੂੰ ਸਲਾਹਿਆ ਜਿਨਾਂ ਨੇ ਇਸ ਵਿਸ਼ਵ ਪੱਧਰੀ ਯਾਦਗਾਰ ਨੂੰ ਸਥਾਪਤ ਕਰਕੇ ਉਨਾਂ (ਸ. ਬਾਦਲ) ਦੇ ਜੀਵਨ ਦੇ ਇਸ ਸੁਪਨੇ ਨੂੰ ਹਕੀਕਤ ਵਿਚ ਬਦਲ ਦਿੱਤਾ। ਇਹ ਯਾਦਗਾਰ ਕੌਮੀ ਆਜ਼ਾਦੀ ਲਹਿਰ ਵਿਚ ਪੰਜਾਬੀਆਂ ਦੀ ਲਾਮਿਸਾਲ ਕੁਰਬਾਨੀਆਂ ਨੂੰ ਮੂਰਤੀਮਾਨ ਕਰੇਗੀ।
ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਜੰਗ-ਏ-ਆਜ਼ਾਦੀ ਯਾਦਗਾਰ ਸ਼ਹੀਦਾਂ ਖਾਸਕਰ ਪੰਜਾਬ ਦੇ ਯੋਧਿਆਂ ਵਲੋਂ ਆਪਣੀ ਮਾਤ ਭੂਮੀ ਨੂੰ ਬਰਤਾਨਵੀ ਸਾਮਰਾਜਵਾਦ ਤੋਂ ਮੁਕਤ ਕਰਵਾਉਣ ਲਈ ਕੀਤੀਆਂ ਕੁਰਬਾਨੀਆਂ ਦੀ ਗਾਥਾ ਨੂੰ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਏਗੀ। ਉਨਾਂ ਕਿਹਾ ਕਿ ਵਿਸ਼ਵ ਦਰਜੇ ਦੀ ਇਹ ਯਾਦਗਾਰ ਸਵੈ ਮਾਣ, ਸੁਹਜ ਅਤੇ ਸ਼ਿਲਪਕਾਰੀ ਨੂੰ ਰੂਪਮਾਨ ਕਰਦੀ ਹੈ। ਸ.ਬਾਦਲ ਨੇ ਕਿਹਾ ਕਿ ਬਹੁਤ ਮਾਣ ਦੀ ਗੱਲ ਹੈ ਕਿ ਭਾਰਤ ਦੀ ਆਜ਼ਾਦੀ ਲਈ ਚੱਲੀਆਂ ਲਹਿਰਾਂ ਕੂਕਾ ਲਹਿਰ, ਗਦਰ ਲਹਿਰ, ਕਾਮਾਗਾਟਾ ਮਾਰੂ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ ਅਤੇ ਹੋਰ ਲਹਿਰਾਂ ਦੀ ਅਗਵਾਈ ਬਹਾਦਰ ਪੰਜਾਬੀਆਂ ਵਲੋ ਕੀਤੀ ਗਈ। ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦਾਂ ਨੂੰ ਸਜਦਾ ਕਰਦਿਆਂ ਸ.ਬਾਦਲ ਨੇ ਕਿਹਾ ਕਿ ਜੰਗ ਏ ਆਜ਼ਾਦੀ ਯਾਦਗਾਰ ਮੁਲਕ ਖਾਤਿਰ ਕੀਤੀਆਂ ਗਈਆਂ ਕੁਰਬਾਨੀਆਂ ਅਤੇ ਸ਼ਹੀਦਾਂ ਨੂੰ ਸਰਧਾਂਜ਼ਲੀ ਹੋਵੇਗੀ। ਉਨਾਂ ਕਿਹਾ ਕਿ ਇਹ ਯਾਦਗਾਰ ਆਉਣ ਵਾਲੀਆਂ ਪੀੜੀਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਚਾਨਣ ਮੁਨਾਰੇ ਦੀ ਭੂਮਿਕਾ ਨਿਭਾਏਗੀ। ਇਸ ਯਾਦਗਾਰ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਵਲ ਉਹੀ ਕੌਮਾਂ ਆਪਣੀ ਨਰੋਈ ਹਸਤੀ ਬਚਾ ਕੇ ਰੱਖਦੀਆਂ ਹਨ ਜੋ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਦੀਆਂ ਹਨ ਜਦਕਿ ਜੋ ਕੌਮਾ ਅਪਣੀ ਵਿਰਾਸਤ ਨੂੰ ਅਣਦੇਖਾ ਕਰਦੀਆਂ ਹਨ ਉਨਾਂ ਦੀ ਹੋਂਦ ਮਿੱਟ ਜਾਂਦੀ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਆਪਣੀ ਇਸੇ ਸੋਚ 'ਤੇ ਚੱਲਦਿਆ ਪਹਿਲਾਂ ਹੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖਾਲਸਾ ਯਾਦਗਾਰ, ਕਾਹਨੂੰਵਾਨ ਅਤੇ ਕੁੱਪ ਰੋਹੀੜਾ ਵਿਖੇ ਛੋਟੇ ਤੇ ਵੱਡੇ ਘੱਲੂਘਾਰਿਆਂ ਦੀ ਯਾਦਗਾਰ, ਬਾਬਾ ਬੰਦਾ ਸਿੰਘ ਬਹਾਦਰ ਮੈਮੌਰੀਅਲ ਚੱਪੜਚਿੱੜੀ ਸਥਾਪਿਤ ਕਰਵਾਈਆਂ ਹਨ। ਉਨਾਂ ਕਿਹਾ ਕਿ ਂਇਸੇ ਤਰਾ ਵਾਰ ਹੀਰੋਜ਼ ਮੈਮੋਰੀਅਲ ਯਾਦਗਾਰ ਪਹਿਲਾਂ ਹੀ ਕੌਮ ਨੂੰ ਸਮਰਪਿਤ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਭਗਵਾਨ ਵਾਲਮੀਕ ਤੀਰਥ ਸਥੱਲ 10 ਦਸੰਬਰ ਨੂੰ ਮਾਨਵਤਾ ਨੂੰ ਸਮਰਪਿਤ ਕੀਤਾ ਜਾਵੇਗਾ। ਸ.ਬਾਦਲ ਨੇ ਕਿਹਾ ਕਿ ਫਤਿਹਗੜ ਸਾਹਿਬ ਵਿਖੇ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ , ਸ੍ਰੀ ਆਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਯਾਦਗਾਰ ਅਤੇ ਹੁਸ਼ਿਆਰਪੁਰ ਦੇ ਖੁਰਾਲਗੜ ਵਿਖੇ ਗੁਰੂ ਰਵਿਦਾਸ ਜੀ ਯਾਦਗਾਰ ਜਲਦ ਹੀ ਸਮਰਪਿਤ ਕੀਤੀਆਂ ਜਾਣਗੀਆਂ।
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਯਾਦਗਾਰ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਸਦੀਵੀ ਤੌਰ 'ਤੇ ਵਸੀ ਰਹੇਗੀ ਅਤੇ ਆਉਣ ਵਾਲੀ ਨਸਲਾਂ ਨੂੰ ਅਜ਼ਾਦੀ ਦੀ ਲੜਾਈ ਦੇ ਸ਼ਹੀਦਾਂ ਨੂੰ ਯਾਦ ਕਰਨ ਦੀ ਪ੍ਰੇਰਣਾ ਦੇਵੇਗੀ। ਅਜ਼ਾਦੀ ਦੇ ਅੰਦੋਲਨ ਵਿਚ ਪੰਜਾਬੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਲੋਕਾਂ ਨੇ ਅੰਗਰੇਜਾਂ ਦੀ ਹਕੂਮਤ ਤੋਂ ਦੇਸ਼ ਨੂੰ ਅਜ਼ਾਦ ਕਰਾਉਣ ਲਈ ਸੱਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਉਨਾਂ ਇਹ ਵੀ ਕਿਹਾ ਕਿ ਭਾਵੇਂ ਫਾਂਸੀ ਦੇ ਰੱਸੇ ਚੁੰਮਣ ਦੀ ਗੱਲ ਹੋਵੇ, ਉਮਰ ਕੈਦ ਦੀ ਸਜਾ ਜਾਂ ਜੇਲਾਂ ਦੀਆਂ ਸਖਤੀਆਂ ਬਰਦਾਸ਼ਤ ਕਰਨ ਦੀ ਗੱਲ ਹੋਵੇ, ਪੰਜਾਬੀਆਂ ਨੇ ਹਮੇਸ਼ਾਂ ਹਰ ਗੱਲ ਵਿਚ ਮੋਹਰੀ ਹੋ ਕੇ ਕੁਰਬਾਨੀ ਕੀਤੀ। ਸ਼੍ਰੋਮਣੀ ਅਕਾਲੀ ਦਲ ਨੂੰ ਸਾਰੇ ਪੰਜਾਬੀਆਂ ਦੀ ਸੱਚੀ ਪ੍ਰਤੀਨਿਧ ਜਮਾਤ ਦਸਦੇ ਹੋਏ ਉਨਾਂ ਕਿਹਾ ਕਿ ਜਿਥੇ ਇਕ ਪਾਸੇ ਪਾਰਟੀ ਨੇ ਅੰਗਰੇਜਾਂ ਖਿਲਾਫ ਬਹਾਦਰੀ ਨਾਲ ਲੜਾਈ ਲੜੀ ਉੱਥੇ ਹੀ ਅਜ਼ਾਦੀ ਤੋਂ ਬਾਅਦ ਵੀ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਕਰਨ ਵਿਚ ਵੀ ਪਾਰਟੀ ਨੇ ਮੋਹਰੀ ਰੋਲ ਅਦਾ ਕੀਤਾ।
ਉਪ ਮੁੱਖ ਮੰਤਰੀ ਨੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੁਆਰਾ ਪੰਜਾਬ ਪ੍ਰਤੀ ਦਿੱਤੀਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿਥੇ ਇਕ ਪਾਸੇ ਮੁੱਖ ਮੰਤਰੀ ਜੀ ਨੇ ਸਮੂਹ ਧਰਮਾਂ ਦੀਆਂ ਯਾਦਗਾਰਾਂ ਉਸਾਰ ਕੇ ਪੰਜਾਬ ਦੇ ਅਮੀਰ ਵਿਰਸੇ ਨੂੰ ਬਚਾਉਣ ਦਾ ਉਪਰਾਲਾ ਕੀਤਾ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੂੰ ਬੇਹੱਦ ਗਤੀਸ਼ੀਲ ਅਗਵਾਈ ਦਿੱਤੀ ਜਿਸ ਕਾਰਨ ਸਰਕਾਰ ਨੇ ਕਈ ਲੋਕ ਹਿੱਤਕਾਰੀ ਕਦਮ ਚੁੱਕੇ ਜਿਨਾਂ ਵਿਚ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣਾ, ਕਿਸਾਨਾਂ ਨੂੰ ਮੁਫਤ ਬਿਜਲੀ ਦੇਣਾ, ਹਰੇਕ ਐਸਸੀ ਪਰਿਵਾਰ ਨੂੰ 200 ਯੂਨਿਟ ਬਿਜਲੀ ਮੁਫਤ ਦੇਣਾ, ਸ਼ਗਨ ਸਕੀਮ, ਆਟਾ-ਦਾਲ ਸਕੀਮ, ਕਿਸਾਨਾਂ ਅਤੇ ਵਪਾਰੀਆਂ ਲਈ ਸਿਹਤ ਬੀਮਾ, ਮੈਰੀਟੋਰੀਅਸ ਸਕੂਲ ਅਤੇ ਵਧੀਆ ਸੜਕੀ ਢਾਂਚਾ ਆਦਿ ਸ਼ਾਮਲ ਹਨ। ਉਨਾਂ ਇਹ ਵੀ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਨੇ ਹਮੇਸ਼ਾਂ ਹੀ ਪੰਜਾਬ ਦੇ ਹਿੱਤਾਂ ਦਾ ਖਿਆਲ ਰੱਖਿਆ ਹੈ ਅਤੇ ਸੂਬੇ ਲਈ ਮਹਾਨ ਕੁਰਬਾਨੀਆਂ ਕੀਤੀਆਂ ਹਨ।
ਪੰਜਾਬ ਦੀ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀ ਪ੍ਰਤੀਬੱਧਤਾ ਮੁੜ ਦੋਹਰਾਉਂਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਸਮੂਚਾ ਵਿਕਾਸ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀ ਛੱਡੇਗੀ। ਇਸ ਮੌਕੇ ਉਨਾਂ ਸ. ਬਰਜਿੰਦਰ ਸਿੰਘ ਹਮਦਰਦ ਦਾ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਵਿਚ ਮੋਹਰੀ ਰੋਲ ਨਿਭਾਉਣ ਉੱਤੇ ਧੰਨਵਾਦ ਵੀ ਕੀਤਾ। ਇਸ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਅਤੇ ਜੰਗ-ਏ-ਆਜ਼ਾਦੀ ਯਾਦਗਾਰ ਫਾਊਂਡੇਸ਼ਨ ਦੇ ਮੈਂਬਰ ਸਕੱਤਰ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਲਗਾਤਾਰ ਦਿੱਤੇ ਗਏ ਉਤਸ਼ਾਹ ਸਦਕਾ ਹੀ ਇਹ ਮਾਣਮੱਤੀ ਯਾਦਗਾਰ ਦੋ ਸਾਲਾਂ ਦੇ ਰਿਕਾਰਡ ਸਮੇਂ ਵਿਚ ਕੌਮ ਨੂੰ ਸਮਰਪਿਤ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾ ਸਕਿਆ ਹੈ। ਡਾ. ਹਮਦਰਦ ਨੇ ਕਿਹਾ ਕਿ ਇਹ ਉਨਾਂ ਲਈ ਵੀ ਮਾਣ ਵਾਲੇ ਪਲ ਹਨ ਕਿ ਇਸ ਪ੍ਰਾਜੈਕਟ ਨੂੰ ਅੱਜ ਸ਼ਾਨਦਾਰ ਤਰੀਕੇ ਨਾਲ ਕੌਮ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਉਨਾਂ ਆਖਿਆ ਕਿ ਇਹ ਯਾਦਗਾਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਚਾਨਣ ਮੁਨਾਰਾ ਬਣ ਕੇ ਉਨਾਂ ਨੂੰ ਰਾਸ਼ਟਰਵਾਦ ਤੇ ਦੇਸ਼ ਭਗਤੀ ਦੇ ਮਾਰਗ 'ਤੇ ਚਲਣ ਲਈ ਪ੍ਰੇਰਿਤ ਕਰਦੀ ਰਹੇਗੀ।
ਕੌਮੀ ਆਜ਼ਾਦੀ ਸੰਘਰਸ਼ ਵਿਚ ਪੰਜਾਬੀਆਂ ਦੇ ਲਾਮਿਸਾਲ ਯੋਗਦਾਨ ਨੂੰ ਚੇਤੇ ਕਰਦਿਆਂ ਡਾ. ਹਮਦਰਦ ਨੇ ਆਖਿਆ ਕਿ ਅੰਡੇਮਾਨ ਤੇ ਨਿਕੋਬਾਰ ਵਿਚ ਕੁੱਲ 2646 ਭਾਰਤੀਆਂ ਨੂੰ ਜਲਾਵਤਨ ਕੀਤਾ ਗਿਆ ਸੀ ਜਿਨਾਂ ਵਿਚੋਂ 2147 ਪੰਜਾਬੀ ਸਨ। ਇਸੇ ਤਰਾਂ ਉਨਾਂ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਵੱਲੋਂ ਬਣਾਈ ਇੰਡੀਅਨ ਨੈਸ਼ਨਲ ਆਰਮੀ ਦੇ 20,000 ਸੈਨਿਕਾਂ ਵਿਚੋਂ 12,000 ਪੰਜਾਬੀ ਸਨ। ਉਨਾਂ ਕਿਹਾ ਕਿ ਨਾਮਧਾਰੀ ਲਹਿਰ ਦੌਰਾਨ 86 ਯੋਧੇ ਸ਼ਹੀਦ ਹੋਏ ਅਤੇ 21 ਨੂੰ ਅੰਡੇਮਾਨ ਨਿਕੋਬਾਰ ਭੇਜਿਆ ਗਿਆ ਜਾਂ ਉਮਰ ਕੈਦ ਦਿੱਤੀ ਗਈ। ਉਨਾਂ ਕਿਹਾ ਕਿ ਗਦਰ ਲਹਿਰ ਦੌਰਾਨ 202 ਦੇਸ਼ ਭਗਤਾਂ ਨੂੰ ਸ਼ਹੀਦੀ ਮਿਲੀ ਜਦਕਿ 315 ਨੂੰ ਉਮਰ ਕੈਦ ਜਾਂ ਅੰਡੇਮਾਨ ਨਿਕੋਬਾਰ ਭੇਜ ਦਿੱਤਾ ਗਿਆ। ਡਾ. ਹਮਦਰਦ ਨੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ, ਹਰੀ ਕ੍ਰਿਸ਼ਨ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਦਮ ਸਿੰਘ, ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ ਵਰਗੇ ਆਜ਼ਾਦੀ ਦੇ ਪਰਵਾਨਿਆਂ ਦੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਚੇਤੇ ਕਰਾਉਂਦਿਆਂ ਦੱਸਿਆ ਕਿ ਅਕਾਲੀ ਲਹਿਰ, ਬੱਬਰ ਅਕਾਲੀ, ਕੂਕਾ, ਗਦਰ ਤੇ ਹੋਰ ਅਜਿਹੀਆਂ ਲਹਿਰਾਂ ਸਦਕਾ ਹੀ ਅੱਜ ਅਸੀਂ ਸਾਰੇ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਇਸ ਮੌਕੇ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਆਜ਼ਾਦੀ ਘੁਲਾਟੀਆਂ ਦੀ ਦੋਆਬੇ ਦੀ ਪਵਿੱਤਰ ਧਰਤੀ 'ਤੇ ਇਸ ਮਹਾਨ ਯਾਦਗਾਰ ਨੂੰ ਸਥਾਪਤ ਕਰਨ ਲਈ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਡਾ. ਹਮਦਰਦ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਇਨਾਂ ਉਪਰਾਲਿਆਂ ਨਾਲ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਦੇ ਸ਼ਾਨਦਾਰ ਇਤਿਹਾਸ ਦੀ ਸੰਭਾਲ ਕਰਨ ਅਤੇ ਆਪਣੇ ਅਮੀਰ ਵਿਰਸੇ ਤੋਂ ਸੇਧ ਲੈ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਗਠਜੋੜ ਸਰਕਾਰ ਦੇ ਹਿੱਸੇ ਆਇਆ ਹੈ। ਸ੍ਰੀ ਸਾਂਪਲਾ ਨੇ ਵੱਖ-ਵੱਖ ਯਾਦਗਾਰਾਂ ਸਥਾਪਤ ਕਰਕੇ ਸੂਬੇ ਦੇ ਅਮੀਰ ਸੱਭਿਆਚਾਰਕ ਵਿਰਸੇ ਦੇ ਪਾਸਾਰ ਲਈ ਕੀਤੇ ਅਹਿਮ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਸੁਤੰਤਰਤਾ ਸੰਗਰਾਮੀਆਂ ਅਤੇ ਉਨਾਂ ਦੇ ਵਾਰਸਾਂ ਨੂੰ ਸ਼ਾਲ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਉੱਘੇ ਫਿਲਮ ਨਿਰਦੇਸ਼ਕ ਸ੍ਰੀ ਸ਼ਿਆਮ ਬੈਨੇਗਲ ਅਤੇ ਵਿਸ਼ਵ ਪ੍ਰਸਿੱਧ ਆਰਕੀਟੈਕਟ ਸ੍ਰੀ ਰਾਜ ਰਾਵੇਲ ਵੱਲੋਂ ਇਸ ਯਾਦਗਾਰ ਲਈ ਪਾਏ ਯੋਗਦਾਨ ਲਈ ਉਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ।
ਇਸ ਮੌਕੇ ਮੁੱਖ ਤੌਰ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਜੱਥੇਦਾਰ ਅਜੀਤ ਸਿੰਘ ਕੋਹਾੜ ਤੇ ਸੋਹਣ ਸਿੰਘ ਠੰਡਲ, ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਤੇ ਸੁਖਦੇਵ ਸਿਘ ਢੀਂਡਸਾ, ਵਿਧਾਇਕ ਕੇ.ਡੀ. ਭੰਡਾਰੀ, ਬੀਬੀ ਜਗੀਰ ਕੌਰ, ਬੀਬੀ ਮਹਿੰਦਰ ਕੌਰ ਜੋਸ਼, ਅਵਿਨਾਸ਼ ਚੰਦਰ, ਸਰਵਣ ਸਿੰਘ ਫਿਲੌਰ, ਪਵਨ ਕੁਮਾਰ ਟੀਨੂੰ, ਜੋਗਿੰਦਰ ਸਿੰਘ ਜੀਂਦੂ, ਚੌਧਰੀ ਨੰਦ ਲਾਲ, ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਮੈਂਬਰ ਪਾਰਲੀਮੈਂਟ ਤਰਲੋਚਨ ਸਿੰਘ, ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ, ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ, ਯੂਥ ਅਕਾਲੀ ਦਲ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਮਾਰਕਫੈੱਡ ਦੇ ਚੇਅਰਮੈਨ ਜਰਨੈਲ ਸਿੰਘ ਵਾਹਦ, ਅਕਾਲੀ ਆਗੂ ਦਰਬਾਰਾ ਸਿੰਘ ਗੁਰੂ, ਸੇਠ ਸੱਤਪਾਲ ਮੱਲ, ਜਥੇਦਾਰ ਰਜਿੰਦਰ ਸਿੰਘ ਨਾਗਰਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਐਸ.ਕੇ. ਸੰਧੂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ.ਜੇ.ਐਸ. ਚੀਮਾ, ਸਕੱਤਰ ਸੱਭਿਆਚਾਰਕ ਮਾਮਲੇ ਸ੍ਰੀ ਹੁਸਨ ਲਾਲ, ਪੰਜਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ, ਡੀ.ਆਈ.ਜੀ ਰਾਜਿੰਦਰ ਸਿੰਘ, ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਐਸ.ਐਸ.ਪੀ ਰਾਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

No comments:

Post Top Ad

Your Ad Spot