ਬਬਾਣੀਆਂ ਕਹਾਣੀਆਂ ਪੁਤ ਸਪੂਤਿ ਕਰੇਨਿ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 21 November 2016

ਬਬਾਣੀਆਂ ਕਹਾਣੀਆਂ ਪੁਤ ਸਪੂਤਿ ਕਰੇਨਿ

ਲੇਖਿਕਾ
ਗੁਰਬਾਣੀ ਵਿਚੋਂ ਲਈ ਇਹ ਉਪਰੋਕਤ ਸਤਰ ਇਕ ਮਹੱਤਵਪੂਰਨ ਜੀਵਨ ਜਾਚ ਵੱਲ ਇਸ਼ਾਰਾ ਕਰਦੀ ਹੈ। ਜਿਸ ਜੀਵਨ ਜਾਂਚ ਨੂੰ ਅਪਣਾ ਕੇ ਅਸੀਂ ਕੇਵਲ ਆਪਣੇ ਆਪ ਨੂੰ ਹੀ ਚੰਗਾ ਨਹੀਂ ਬਣਾ ਸਕਦੇ ਸਗੋਂ ਆਉਣ ਵਾਲੀਆਂ ਪੀੜੀਆਂ ਵੀ ਚੰਗੇ ਸਪੂਤਿ ਹੋਣ ਦਾ ਦਾਹਵਾ ਕਰ ਸਕਦੀਆਂ ਹਨ।  ਇਹ ਜੀਵਨ ਜਾਚ ਹੈ ਆਪਣੇ ਵਡੇਰਿਆਂ, ਪੀਰ ਪੈਗੰਬਰਾਂ, ਰਾਹਨੁਮਾਵਾਂ ਅਤੇ ਗੁਰੂਆਂ ਦੇ ਜੀਵਨ ਦੀਆਂ ਕਹਾਣੀਆਂ, ਉਹਨਾਂ ਦੇ ਅਮੋਲਕ ਬਚਨਾਂ ਨੂੰ ਆਪਣੇ ਪ੍ਰੀਵਾਰ ਅਤੇ ਸਮਾਜ ਸਾਹਮਣੇ ਲਿਆਉਣਾ। ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਉਹਨਾਂ ਦੇ ਪੁਰਬਾਂ ਨੂੰ ਉਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰੀਏ।  ਇਸ ਪਰੰਪਰਾ ਨੂੰ ਸਿੱਖ ਕੌਮ ਨੇ ਅਪਨਾਇਆ ਜਿਸ ਦੀ ਜਾਚ ਉਹਨਾਂ ਨੇ ਸਿੱਖ ਗੁਰੂਆਂ ਤੋਂ ਸਿੱਖੀ।
ਸੁਹਿਰਦਤਾ, ਦ੍ਰਿੜਤਾ, ਨਿਰਭੈਤਾ, ਨਿਮਰਤਾ, ਪਿਆਰ ਤੇ ਕੁਰਬਾਨੀ ਦੀ ਗੁੜਤੀ ਉਹਨਾਂ ਨੂੰ ਆਪਣੇ ਵਡੇਰਿਆਂ ਤੋਂ ਮਿਲੀ।  ਹਰ ਤਰਾਂ ਆਜ਼ਾਦ ਰਹਿਣ ਦੀ ਭਾਵਨਾ ਉਹਨਾਂ ਨੂੰ ਵਿਰਸੇ ਵਿਚ ਹੀ ਮਿਲੀ ਹੈ।  ਆਪਣੇ ਵਿਰਸੇ ਨੂੰ ਨਾਲ ਲੈ ਕੇ ਟੁਰਨ ਵਾਲੀ ਇਹ ਕੌਮ ਆਪਣੇ ਗੁਣਾਂ ਕਰਕੇ ਹੀ ਜਿੰਦਾ ਹੈ।  ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਪਿਆਰ ਦ੍ਰਿੜਤਾ ਅਤੇ ਨਿਰਭੈਤਾ ਦਾ ਸਬਕ ਸਿਖਾਇਆ।  ਬਾਬਰ ਦੀ ਫੌਜ ਨੂੰ ''ਪਾਪ ਦੀ ਜੰਵ'' ਕਹਿਣ ਵਾਲੇ, ਦੁਖੀਆਂ ਦੇ ਦਰਦ ਵਿਚ ਦੁਖੀ ਹੋਣ ਵਾਲੇ ਗੁਰੂ ਨਾਨਕ ''ਤੈਂ ਕੀ ਦਰਦ ਨਾ ਆਇਆ'' ਵਰਗਾ ਉਲਾਂਭਾ ਰੱਬ ਨੂੰ ਵੀ ਦੇ ਸਕਦੇ ਹਨ।  ਜੇ ਲੋਕ ਪਿਆਰ ਦੀ ਇਹ ਭਾਵਨਾਂ ਗੁਰੂ ਨਾਨਕ ਦੇਵ ਜੀ ਨੂੰ ਨਾਂ ਹੁੰਦੀ ਤਾਂ ਗੁਰੂ ਅਰਜਨ ਦੇਵ ਜੀ ਵੀ ਤੱਤੀ ਤਵੀ ਤੇ ਬੈਠਣ ਦਾ ਹੌਸਲਾ ਨਾ ਕਰ ਪਾਂਦੇ।  ਗੁਰੂ ਤੇਗ ਬਹਾਦਰ ਜੀ ਵੀ ਹਿੰਦ ਦੀ ਚਾਦਰ ਅਖਵਾਉਣ ਦਾ ਮਾਣ ਨਾ ਪ੍ਰਾਪਤ ਕਰ ਸਕਦੇ।  ਔਰੰਗਜੇਬ ਦੀ ਕੱਟੜਨੀਤੀ ਨੂੰ ਝੁਠਲਾਉਣ ਲਈ, ਇਹ ਦੱਸਣ ਲਈ ਕਿ ਜਾਲਮ ਹਮੇਸ਼ਾਂ ਹਾਰਦਾ ਹੈ, ਮਜ਼ਲੂਮਾਂ ਦੀਆਂ ਆਹਾਂ ਜਾਲਮਾਂ ਦੇ ਇਤਿਹਾਸ ਨੂੰ ਨਿਰਾ ਕਾਲਾ ਹੀ ਨਹੀਂ ਕਰਦੀਆਂ ਸਗੋਂ ਉਹਨਾਂ ਦੇ ਮੱਥੇ ਤੇ ਕਾਲਖ ਦਾ ਇਹੋ ਜਿਹਾ ਟਿੱਕਾ ਲਗਾਉਂਦੀਆਂ ਹਨ, ਜਿਸਨੂੰ ਸਦੀਆਂ ਬੀਤਣ ਤੇ ਵੀ ਧੋਤਾ ਨਹੀਂ ਜਾ ਸਕਦਾ।
ਔਰੰਗਜੇਬ ਦੇ ਜੁਲਮਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ।  ਯਾਰੜੇ ਦੇ ਸੱਥਰ ਨੂੰ ਚੰਗਾ ਕਹਿਣ ਵਾਲੇ ਗੁਰੂ ਗੋਬਿੰਦ ਸਿੰਘ ਵਰਗੇ ਮਹਾਨ ਪੁਰਸ਼ ਨੇ ਪਿਤਾ ਦਾ ਪਿਆਰ ਵਾਰਿਆ, ਸਾਹਿਬਜਾਦੇ ਸ਼ਹੀਦ ਕਰਵਾਏ, ਮਾਂ ਵਿਛੜ ਗਈ, ਪਤਨੀ ਵਿਛੜ ਗਈ, ਮਾਛੀਵਾੜੇ ਦੇ ਜੰਗਲਾਂ ਵਿਚ ਰਾਤਾਂ ਗੁਜਾਰੀਆਂ ਪਰ ਹੌਸਲਾ ਨਹੀਂ ਹਾਰਿਆ, ਦੁੱਖੀ ਨਹੀਂ ਹੋਏੇ, ਚੜਦੀਆਂ ਕਲਾਂ ਵਿਚ ਰਹਿ ਕੇ ਖਾਲਸਾ ਪੰਥ ਨੂੰ ਪੁੱਤਰਾਂ ਦਾ ਰੁਤਬਾ ਦੇਂਦਿਆਂ ਇਹ ਕਿਹਾ,
ਇਨ ਪੁਤਰਨ ਕੇ ਸੀਸ ਪੇ, ਵਾਰ ਦੀਏ ਸੁਤ ਚਾਰ,
ਚਾਰ ਮੁਏ ਤੋਂ ਕਿਆ ਹੁਆ, ਜੀਵਤ ਕਈ ਹਜਾਰ।
ਇਸ ਤਰਾਂ ਆਪਣੀ ਕੌਮ ਲਈ ਦੁੱਖ ਸਹਾਰਦਿਆਂ ਨਿਰਭੈ ਹੋ ਕੇ ਔਰੰਗਜੇਬ ਨੂੰ ਵੰਗਾਰਿਆ।  ਜਫ਼ਰਨਾਮਾ ਲਿਖ ਕੇ ਔਰੰਗਜ਼ੇਬ ਦੀ ਆਤਮਾ ਨੂੰ ਏਨਾ ਝੰਜੋੜਿਆ ਕਿ ਉਸਨੂੰ ਆਪਨੀਆਂ ਗਲਤੀਆਂ ਦਾ ਅਹਿਸਾਸ ਹੋਇਆ, ਉਸਦਾ ਦਿਮਾਗੀ ਤਵਾਜਨ ਵਿਗੜਿਆ ਅਤੇ ਉਸਨੂੰ ਆਪਣਾ ਅੰਤ ਭਿਆਨਕ ਜਾਪਣ ਲੱਗਾ।
ਉਸ ਸਮੇਂ ਲੋੜ ਸੀ ਇਹੋ ਜਿਹੇ ਨੌਜਵਾਨਾਂ ਦੀ ਜੋ ਜੁਲਮ ਦਾ ਟਾਕਰਾ ਕਰ ਸਕਣ, ਕੌਮ ਦੀ ਖਾਤਰ ਆਪਣਾ ਆਪਾ ਵਾਰ ਸਕਣ, ਸ੍ਵੈਮਾਨ ਨਾਲ ਜੀ ਸਕਣ।  ਇਸ ਮੰਤਵ ਦੀ ਪੂਰਤੀ ਲਈ ਗੁਰੂ ਜੀ ਨੇ 1699 ਵਿਚ ਵਿਸਾਖੀ ਵਾਲੇ ਦਿਨ ਭਰੀ ਸੰਗਤ ਵਿਚੋਂ ਪੰਜ ਇਹੋ ਜਿਹੇ ਸਿਖਾਂ ਦੀ ਮੰਗ ਕੀਤੀ ਜੋ ਆਪਣਾ ਸੀਸ ਗੁਰੂ ਜੀ ਅੱਗੇ ਭੇਟ ਕਰ ਸਕਣ।  ਇਹ ਸਿੱਖਾਂ ਦੇ ਹੌਸਲੇ ਅਤੇ ਸਾਹਸ ਦਾ ਇਮਤਿਹਾਨ ਸੀ।  ਗੁਰੂ ਜੀ ਨੇ ਇਹਨਾਂ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਇਕ ਇਕ ਸਿੱਖ ਨੂੰ ਸਵਾ ਸਵਾ ਲੱਖ ਨਾਲ ਮੁਕਾਬਲਾ ਕਰਨ ਦੇ ਯੋਗ ਬਨਾਇਆ।  ਇਹ ਦਿਨ ਖਾਲਸੇ ਦੀ ਸਥਾਪਨਾ ਦਾ ਦਿਨ ਸੀ।  ਇਸ ਦਿਨ ਖਾਲਸੇ ਨੂੰ ਨਵੀਂ ਪਹਿਚਾਣ ਮਿਲੀ, ਪੰਜ ਕਕਾਰਾਂ ਦੀ ਰਹਿਤ-ਮਰਿਯਾਦਾ ਨੂੰ ਨਿਭਾਉਂਦਿਆਂ, ਜ਼ੁਲਮਾਂ ਦਾ ਟਾਕਰਾ ਕਰਨ ਦਾ ਹੌਸਲਾ ਤੇ ਦਲੇਰੀ ਦਾ ਰਸਤਾ ਦਸਿਆ। ਅਣਖ ਨਾਲ ਜੀਣ ਦੀ ਇਹੋ ਜਿਹੀ ਰੂਹ ਫੂਕੀ ਕਿ ਮੀਰ ਮੰਨੂੰ ਵਰਗੇ ਜਾਲਮ ਜੋ ਸਿੱਖ ਕੌਮ ਨੂੰ ਖ਼ਤਮ ਕਰਨਾ ਚਾਹੁੰਦੇ ਸਨ, ਇਹਨਾਂ ਦਾ ਕੁਝ ਵੀ ਵਿਗਾੜ ਨਾ ਸਕੇ।  ਸਗੋਂ ਲਲਕਾਰਦਿਆਂ ਕਹਿੰਦੇ ਰਹੇ:-
ਮੰਨੂੰ ਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ,
ਜਿਉਂ ਜਿਉਂ ਮੰਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ।
ਇਸ ਕੌਮ ਦਾ ਇਤਿਹਾਸ ਵਿਲੱਖਣਤਾ ਦਾ ਪ੍ਰਤੀਕ ਹੈ। ਮੇਰੇ ਖਿਆਲ ਵਿਚ ਦੁਨੀਆ ਦੀ ਕਿਸੇ ਵੀ ਕੌਮ ਨੂੰ ਏਨੇ ਤਸੀਹੇ ਨਹੀਂ ਸਹਿਣੇ ਪਏ ਜਿੰਨੇ ਸਿੱਖ ਕੌਮ ਨੂੰ।  ਆਰਿਆਂ ਨਾਲ ਇਹਨਾਂ ਨੂੰ ਚੀਰਿਆ ਗਿਆ, ਬੰਦ ਬੰਦ ਇਹਨਾਂ ਦੇ ਕੱਟੇ ਗਏ, ਖੋਪਰੀਆਂ ਇਹਨਾਂ ਦੀਆਂ ਲਾਹੀਆਂ ਗਈਆਂ, ਪਰ ਇਹਨਾਂ ਗੁਰੂ ਦੇ ਸਿੱਖਾਂ ਨੇ 'ਸੀ' ਤੱਕ ਨਹੀਂ ਉਚਾਰੀ।  ਇਹਨਾਂ ਕੁਰਬਾਨੀਆਂ ਸਦਕਾ ਹੀ ਇਸ ਕੌਮ ਦਾ ਇਤਿਹਾਸ ਸੁਨਹਿਰੀ ਇਤਿਹਾਸ ਹੈ। ਇਹਨਾਂ ਯੋਧਿਆਂ ਨੇ ਤਾਂ ਕੌਮ ਦੀ ਤਕਦੀਰ ਬਦਲ ਕੇ ਰੱਖ ਦਿੱਤੀ। ਜਦ ਡੁਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੱਪਰ ਲਹਿ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ । ਇਹ ਬਹਾਦਰ ਯੋਧੇ ਕੁਰਬਾਨ ਹੋਣ ਲਈ ਤਾਂ ਤਿਆਰ ਹੋ ਜਾਂਦੇ ਹਨ ਪਰ ਅੱਗੇ ਵੱਧਣ ਤੋਂ ਨਹੀਂ ਝਿਜਕਦੇ। ਅੰਗਰੇਜੀ ਹਕੂਮਤ ਨੇ ਇਸ ਕੌਮ ਨੂੰ ਮਰਜਿਵੜਿਆਂ ਦੀ ਕੌਮ ਸਮਝਕੇ ਆਪਣੇ ਸੁਆਰਥ ਲਈ ਦੂਸਰਿਆਂ ਦੇਸ਼ਾਂ ਵਿਚ ਮਜ਼ਦੂਰੀ ਲਈ ਭੇਜਿਆ ਪਰ ਸਮਾਂ ਪਾ ਕੇ ਇਹਨਾਂ ਨੇ ਆਪਣੇ ਪੈਰਾਂ ਤੇ ਆਪ ਖੜੇ ਹੋਣ ਦੀ ਜਾਚ ਸਿੱਖ ਲਈ। ਗਦਰ ਪਾਰਟੀ ਵਰਗੀਆਂ ਜਥੇਬੰਦੀਆਂ ਨੂੰ ਤਾਕਤਵਰ ਬਨਾਇਆ।  ਆਜ਼ਾਦੀ ਹਾਸਲ ਕਰਨ ਲਈ ਵਧ ਚੜ ਕੇ ਕੁਰਬਾਨੀਆਂ ਦਿੱਤੀਆਂ।  ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਅਤੇ ਭਗਤ ਸਿੰਘ ਵਰਗਿਆਂ ਨੇ ਆਪਣੀਆਂ ਜੁਆਨੀਆਂ ਵਾਰੀਆਂ ਜੁਲਮ ਅਤੇ ਅਤਿਆਚਾਰ ਵੇਖ ਇਹਨਾਂ ਦਾ ਖੂਨ ਖੌਲਦਾ ਹੈ।  ਦੂਜਿਆਂ ਦੇ ਦੁੱਖ ਵੇਖ ਇਹ ਆਪ ਦੁਖੀ ਹੁੰਦੇ ਹਨ।  ਆਪਾ ਵਾਰਨ ਲਈ ਤਿਆਰ ਹੋ ਜਾਂਦੇ ਹਨ, ਕਿਉਂਕਿ ਇਹਨਾਂ ਨੂੰ ਗੁੜਤੀ ਹੀ ਲੋਕ ਪਿਆਰ ਦੀ ਮਿਲੀ ਹੈ। 
ਬਾਹਰਲੇ ਮੁਲਕਾਂ ਵਿਚ ਆ ਕੇ ਇਨਾਂ ਨੇ ਅਣਥੱਕ ਮਿਹਨਤ ਕੀਤੀ ਹੈ।  ਆਪਣੇ ਦੇਸ਼ ਵਿਚ ਰਹਿੰਦੇ ਆਪਣੇ ਪ੍ਰੀਵਾਰਾਂ ਨੂੰ ਖੁਸ਼ਹਾਲ ਕੀਤਾ, ਆਪਣੇ ਪੈਰ ਪੱਕੇ ਕੀਤੇ ਉਥੇ ਆਪਣੇ ਵਿਰਸੇ ਨੂੰ ਵੀ ਨਹੀਂ ਭੁਲਾਇਆ।  ਆਪਣੇ ਗੁਰੂਆਂ ਦੀਆਂ ਕਹਾਣੀਆਂ ਲੋਕਾਂ ਤੱਕ ਪਹੁੰਚਾਣ ਲਈ ਉਹਨਾਂ ਦੇ ਪੁਰਬ ਇਸ ਢੰਗ ਨਾਲ ਮਨਾ ਰਹੇ ਹਨ ਕਿ ਇਕ ਵਾਰੀ ਤਾਂ ਹੈਰਾਨ ਹੋ ਜਾਈਦਾ ਹੈ।  1999 ਵਿਚ ਖਾਲਸਾ ਪੰਥ ਦੇ ਤਿੰਨ ਸੌ ਸਾਲਾ ਸਥਾਪਨਾ ਦਿਵਸ ਤੇ ਮੈਂ ਕੈਲੇਫੋਰਨੀਆਂ (ਅਮਰੀਕਾ) ਵਿਚ ਸਾਂ।  ਸਾਨਫਰਾਂਸਿਸਕੋ ਵਿਚ ਖਾਲਸਾ ਮਾਰਚ ਆਯੋਜਿਤ ਕੀਤੀ ਗਈ ਜਿਸ ਵਿਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ।  ਲੋਕਾਂ ਦਾ ਉਤਸ਼ਾਹ, ਪਿਆਰ, ਲਗਣ ਤੇ ਸੇਵਾ ਭਾਵ ਦੇਖ ਕੇ ਇੰਜ ਲੱਗਾ ਜਿਵੇਂ ਸੱਚ ਮੁੱਚ ਹੀ ਇਹ ਕੌਮ ਆਪਣੇ ਪੁਰਖਾਂ ਦੀ ਇਸ ਕਸਵੱਟੀ ਤੇ ਪੂਰੀ ਉਤਰ ਰਹੀ ਹੈ।  ਸਪੂਤਿ ਹੋਣ ਦਾ ਸਬੂਤ ਦੇ ਰਹੀ ਹੈ।  ਇਸ ਖਾਲਸਾ ਮਾਰਚ ਦਾ ਨਜ਼ਾਰਾ ਦੇਖਣ ਯੋਗ ਸੀ।  ਸੰਤਰੀ ਰੰਗ ਦੀਆਂ ਦਸਤਾਰਾਂ ਅਤੇ ਦੁਪੱਟੇ ਲਈ ਮਾਰਚ ਵਿਚ ਭਾਗ ਲੈਣ ਵਾਲੇ ਗੁਰੂ ਦੇ ਸਿੱਖ ਇਕ ਵਿਲੱਖਣ ਤੇ ਖੂਬਸੂਰਤ ਨਜ਼ਾਰਾ ਬੰਨ ਰਹੇ ਹਨ। 
ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਬਾਹਰਲੇ ਦੇਸ਼ਾਂ ਦੇ ਲੋਕ ਸਾਡੀ ਵਿਸ਼ੇਸ਼ਤਾ ਨੂੰ ਪਹਿਚਾਨਦੇ ਹਨ।  ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਗੁਣਾਂ ਨੂੰ ਤਿਆਗਣ ਦੀ ਬਜਾਇ ਇਹਨਾਂ ਨੂੰ ਹੋਰ ਵੀ ਨਿਖਾਰੀਏ ਤੇ ਆਪਣੇ ਗੁਰੂਆਂ ਦੇ ਪਾਏ ਹੋਏ ਪੂਰਨਿਆਂ ਤੇ ਪੂਰਾ ਉਤਰਣ ਦੀ ਕੋਸ਼ਿਸ਼ ਕਰੀਏ।  ਆਪਣੇ ਹੱਕਾਂ ਦੀ ਰਾਖੀ ਕਰੀਏ।  ਅਸੀਂ ਆਪਣਾ ਦੇਸ਼ ਤਾਂ ਛੱਡਿਆ ਹੀ ਹੈ ਪਰ ਆਪਣੇ ਵਿਰਸੇ ਨੂੰ ਨਾ ਭੁਲਾਈਏ।  ਸਪੂਤ ਹੋਣ ਦਾ ਸਬੂਤ ਪੇਸ਼ ਕਰੀਏ।
-ਬਲਵੰਤ ਕੌਰ ਛਾਬੜਾ, ਕੈਲੇਫੋਰਨੀਆ

No comments:

Post Top Ad

Your Ad Spot