ਸਭ ਤੋਂ ਪਹਿਲਾਂ ਬਾਦਲ ਤੇ ਕੈਪਟਨ ਦਾ ਕਾਲਾ ਧਨ ਕੱਢਣ ਮੋਦੀ-ਕੇਜਰੀਵਾਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 22 November 2016

ਸਭ ਤੋਂ ਪਹਿਲਾਂ ਬਾਦਲ ਤੇ ਕੈਪਟਨ ਦਾ ਕਾਲਾ ਧਨ ਕੱਢਣ ਮੋਦੀ-ਕੇਜਰੀਵਾਲ

  • ਪੰਜਾਬ ਵਿੱਚ ਕੈਂਸਰ ਦੇ ਮਰੀਜਾਂ ਦਾ ਮੁਫਤ ਇਲਾਜ ਕਰਾਉਣ ਦਾ ਕੀਤਾ ਐਲਾਨ
  • ਪੂਰੀ ਤਰਾਂ ਇੱਕਮਿੱਕ ਹਨ ਬਾਦਲ ਤੇ ਕੈਪਟਨ ਅਮਰਿੰਦਰ-ਕੇਜਰੀਵਾਲ
ਨਿਹਾਲ ਸਿੰਘ ਵਾਲਾ (ਮੋਗਾ) 22 ਮਈ (ਬਿਊਰੋ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰਾਂ ਕੋਲ ਬੇਸ਼ੁਮਾਰ ਕਾਲਾ ਧਨ ਅਤੇ ਬੇਨਾਮੀ ਜਾਇਦਾਦਾਂ ਹੋਣ ਦਾ ਗੰਭੀਰ ਦੋਸ਼ ਲਗਾਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਮਾਂਬੱਧ ਕਾਰਵਾਈ ਮੰਗੀ।
ਨਿਹਾਲਸਿੰਘ ਵਾਲਾ ਵਿਖੇ ਭਾਰੀ ਇਕੱਠ ਵਾਲੀ ਪੰਜਾਬ ਇਨਕਲਾਬ ਰੈਲੀ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਬਾਦਲ ਅਤੇ ਕੈਪਟਨ ਦੀ ਕਾਲੀ ਕਮਾਈ ਜਨਤਕ ਕਰਨ ਲਈ ਦੋ ਮਹੀਨਿਆਂ ਦੀ ਮੋਹਲਤ ਦਿੱਤੀ। ਉਨਾਂ ਕਿਹਾ, "ਮੋਦੀ ਜੀ ਬਾਦਲ ਅਤੇ ਕੈਪਟਨ ਦਾ ਕਾਲਾ ਧਨ ਕੱਢੋ, ਅਸੀਂ ਤੁਹਾਡੇ ਨਾਲ ਹਾਂ। ਜੇ ਨਹੀਂ ਕੱਢੋਗੇ ਤਾਂ 2 ਮਹੀਨਿਆਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਇਨਾਂ ਦੀ ਲੁੱਟ ਦੀ ਕਮਾਈ ਅਤੇ ਜਾਇਦਾਦ ਦਾ ਭਾਂਡਾ ਫੋੜੇਗੀ।"
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਅਤੇ ਕੰਗਾਲ ਕਰ ਦਿੱਤਾ। ਉਨਾਂ ਕਿਹਾ ਕਿ 2002 ਵਿੱਚ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਸ਼ਾਹੀ ਪਰਿਵਾਰ ਦੀਵਾਲੀਆ ਹੋਣ ਦੇ ਕਿਨਾਰੇ ਸੀ। ਇਨਾਂ ਕੋਲ ਮੋਤੀ ਮਹਿਲ ਉਤੇ ਕਲੀ ਕਰਾਉਣ ਲਈ ਵੀ ਪੈਸੇ ਨਹੀਂ ਸਨ। ਮੁੱਖ ਮੰਤਰੀ ਬਣਦਿਆਂ ਹੀ ਕੈਪਟਨ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਅਤੇ ਕੁੱਟਿਆ। ਐਨਾ ਕਾਲੀ ਕਮਾਈ ਇਕੱਠੀ ਕਰ ਲਈ ਕਿ 26 ਜੁਲਾਈ 2005 ਨੂੰ ਮਹਾਰਾਣੀ ਪ੍ਰਨੀਤ, ਪੁੱਤਰ ਰਣਇੰਦਰ ਸਿੰਘ ਨੇ ਸਵਿਟਜਰੈਂਡ ਦੇ ਸਵਿਸ ਬੈਂਕ ਵਿੱਚ ਅਪਣੇ ਖਾਤੇ ਖੋਲੇ ਅਤੇ ਜਿੰਨਾ ਚਿਰ ਸਰਕਾਰ ਰਹੀ, ਇਨਾਂ ਖਾਤਿਆਂ ਵਿੱਚ ਕਰੋੜਾਂ ਰੁਪਏ ਲਗਾਤਾਰ ਜਮਾਂ ਹੁੰਦੇ ਰਹੇ। ਅਰਵਿੰਦ ਕੇਜਰੀਵਾਲ ਨੇ ਪ੍ਰਨੀਤ ਕੌਰ, ਰਣਇੰਦਰ ਅਤੇ ਉਨਾਂ ਦੇ ਟ੍ਰਸਟ ਦੇ ਸਵਿੱਸ ਬੈਂਕ ਖਾਤਿਆਂ ਦੇ ਅਕਾਉਂਟ ਨੰਬਰ ਵੀ ਮੰਚ ਤੋਂ ਦੋ ਵਾਰ ਦੱਸੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਤੋਂ ਬਾਅਦ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟਣ ਦੀ ਵਾਰੀ ਬਾਦਲਾਂ ਦੀ ਆ ਗਈ। ਰੇਤਾ, ਬਜਰੀ, ਟ੍ਰਾਂਸਪੋਰਟ, ਕੇਬਲ, ਸੜਕਾਂ, ਹੋਟਲ ਸਭ ਉਤੇ ਕਬਜਾ ਕਰ ਲਿਆ। ਘਰ-ਘਰ ਨਸ਼ਾ ਪਹੁੰਚਾ ਦਿੱਤਾ। ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਜੋਕ ਵਾਂਗ ਚੂਸ ਗਏ। ਉਨਾਂ ਨਾਲ ਹੀ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨਾਂ ਦਾ ਕਾਲਾ ਧਨ ਕਿਉਂ ਨਹੀਂ ਦਿਸਦਾ। ਇਸ ਲਈ ਕਾਲੇ ਧਨ ਅਤੇ ਬੇਨਾਮੀ ਜਾਇਦਾਦਾਂ ਖਿਲਾਫ ਮੋਦੀ ਦੀ ਮੁਹਿੰਮ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਸ਼ੁਰੂ ਹੋਣੀ ਚਾਹੀਦੀ ਹੈ, ਜੋ ਰਲ ਕੇ ਪੰਜਾਬ ਨੂੰ ਲੁੱਟ ਰਹੇ ਹਨ ਅਤੇ ਇੱਕ ਦੂਜੇ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਵਾਪਿਸ ਲੈ ਰਹੇ ਹਨ।
ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਨਸ਼ੇ ਦਾ ਸਰਗਨਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਕਾਂਗਰਸ ਦੀ ਮਨਮੋਹਨ ਸਿੰਘ ਸਰਕਾਰ ਨੇ ਮਜੀਠੀਆ ਖਿਲਾਫ ਕਾਰਵਾਈ ਕਿਓਂ ਨਹੀਂ ਕੀਤੀ ਅਤੇ ਉਨਾਂ ਖੁਦ (ਕੈਪਟਨ ਅਮਰਿੰਦਰ ਸਿੰਘ) ਨੇ ਮਜੀਠੀਏ ਨੂੰ ਬਚਾਉਣ ਲਈ ਵਕਾਲਤ ਕਿਓਂ ਕੀਤੀ। ਉਨਾਂ ਦੱਸਿਆ ਕਿ ਬਾਦਲ ਅਤੇ ਕੈਪਟਨ ਐਨਾ ਇੱਕਮਿੱਕ ਹਨ ਕਿ ਅੱਜਕਲ ਬਾਦਲ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਭਰ ਵਿੱਚ ਹੋਰਡਿੰਗਸ ਲਗਵਾ ਰਹੇ ਹਨ।  ਤਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨੂੰ ਰੋਕਿਆ ਜਾਵੇ। ਇਸ ਲਈ ਤੁਹਾਨੂੰ ਸਭ ਨੂੰ ਇਹ ਲੜਾਈ ਖੁਦ ਲੜਨੀ ਪਵੇਗੀ, ਤਾਂਕਿ ਇਨਾਂ ਲੁਟੇਰਿਆਂ ਨੂੰ ਹਮੇਸ਼ਾਂ ਲਈ ਸੱਤਾ ਤੋਂ ਦੂਰ ਕੀਤਾ ਜਾ ਸਕੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਦਿੱਲੀ ਵਾਂਗ ਲੋਕ ਹਿੱਤਕਾਰੀ ਸੇਵਾਵਾਂ ਦਿੱਤੀਆਂ ਜਾਣਗੀਆਂ। ਸਾਰੇ ਪਿੰਡਾਂ ਵਿੱਚ ਸਰਕਾਰੀ ਪਿੰਡ ਕਲੀਨਿਕ ਖੋਲ ਕੇ ਮੁਫਤ ਟੈਸਟ, ਦਵਾਈਆਂ ਅਤੇ ਡਾਕਟਰ ਮੁਹੱਈਆ ਕੀਤੇ ਜਾਣਗੇ। ਕੈਂਸਰ ਦੇ ਮਰੀਜਾਂ ਲਈ ਪੰਜਾਬ ਅੰਦਰ ਹੀ ਸਰਕਾਰੀ ਹਸਪਤਾਲ ਖੋਲ ਕੇ ਸਾਰਾ ਇਲਾਜ ਮੁਫਤ ਕੀਤਾ ਜਾਵੇਗਾ, ਤਾਂਕਿ ਕਿਸੇ ਕੈਂਸਰ ਦੇ ਮਰੀਜ ਨੂੰ ਇਲਾਜ ਲਈ ਬੀਕਾਨੇਰ ਜਾਣ ਦੀ ਜਰੂਰਤ ਨਾ ਪਵੇ ਅਤੇ ਘਰ ਦੇ ਗਹਿਣੇ-ਗੱਟੇ ਤੇ ਜਮੀਨਾਂ ਨਾ ਵੇਚਣੀਆਂ ਪੈਣ।
ਉਨਾਂ ਕਿਹਾ ਕਿ ਸਰਕਾਰ ਤੋਂ ਇੱਕ ਮਹੀਨੇ ਦੇ ਵਿੱਚ ਨਸ਼ੇ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਜੇਲਾਂ ਵਿੱਚ ਸੁੱਟਿਆ ਜਾਵੇਗਾ, ਜੋ ਕੇਵਲ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈ। ਬਾਦਲਾਂ ਵੱਲੋਂ ਨਸ਼ੇ ਦੇ ਮਰੀਜਾਂ ਖਿਲਾਫ ਫਰਜੀ ਪਰਚੇ ਵਾਪਿਸ ਲਏ ਜਾਣਗੇ। ਰੇਤੇ ਬਜਰੀ ਦੇ ਸਾਰੇ ਠੇਕੇ ਅਤੇ ਬਾਦਲਾਂ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਹਥਿਆਏ ਸਾਰੇ ਬੱਸ ਰੂਟ ਕੈਂਸਲ ਕਰਕੇ ਬੇਰੋਜਗਾਰਾਂ ਨੂੰ ਵੰਡੇ ਜਾਣਗੇ।
ਕੈਪਟਨ ਅਮਰਿੰਦਰ ਸਿੰਘ ਵੱਲੋਂ 50 ਲੱਖ ਨੌਜਵਾਨਾਂ ਨੂੰ ਸਮਾਰਟ ਫੋਨ ਵੰਡਣ ਦੇ ਐਲਾਨ ਉਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਵੱਲੋਂ ਵੋਟਾਂ ਲਈ ਨੌਜਵਾਨਾਂ ਨੂੰ ਭ੍ਰਿਸ਼ਟ ਕਰਨ ਦੀ ਅਸਫਲ ਕੋਸ਼ਿਸ਼ ਹੈ, ਪ੍ਰੰਤੂ ਸਾਡੀ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਵੇਗੀ, ਰੋਜਗਾਰ ਦੇਵੇਗੀ, ਜਿਸ ਨਾਲ ਉਹ ਬੇਸ਼ੱਕ 100 ਸਮਾਰਟ ਫੋਨ ਖਰੀਦ ਲੈਣ। ਅਰਵਿੰਦ ਕੇਜਰੀਵਾਲ ਨੇ ਦਲਿਤਾਂ ਉਤੇ ਹੋ ਰਹੇ ਅੱਤਿਆਚਾਰਾਂ ਦਾ ਸਖਤ ਨੋਟਿਸ ਲੈਂਦੇ ਹੋਏ ਕਿਹਾ ਕਿ ਉਨਾਂ ਦੀ ਸਰਕਾਰ ਚ ਦਲਿਤਾਂ ਨੂੰ ਨਿਆਂ ਦਿੱਤਾ ਜਾਵੇਗਾ। ਦੋ ਸਾਲਾਂ ਦੇ ਅੰਦਰ ਪੰਜਾਬ ਦੇ ਕਿਸਾਨਾਂ ਨੂੰ ਕਰਜਾ ਮੁਕਤ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਤੇ ਵਰਦਿਆਂ ਕੇਜਰੀਵਾਲ ਨੇ ਕਿਹਾ ਕਿ ਬਾਦਲ ਢਾਈ ਸਾਲਾਂ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਚਮਚਾਗਿਰੀ ਕਰ ਰਹੇ ਹਨ, ਪ੍ਰੰਤੂ ਪੰਜਾਬ ਲਈ ਕੁੱਝ ਨਹੀਂ ਲੈ ਸਕੇ। ਉਨਾਂ ਨਾਲ ਹੀ ਕਿਹਾ ਕਿ ਸਾਡੀ ਸਰਕਾਰ ਬਣਨ ਉਤੇ ਅਸੀਂ ਪੰਜਾਬ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪੈਰਾਂ ਵਿੱਚ ਪੈਣਾ ਪਿਆ ਤਾਂ ਪਵਾਂਗੇ, ਨਹੀਂ ਤਾਂ ਪੰਜਾਬ ਦੇ ਹੱਕ ਲੜ ਕੇ ਲਵਾਂਗੇ। ਉਨਾਂ ਕਿਹਾ ਕਿ ਸਾਨੂੰ ਮਿਨਤ ਵੀ ਕਰਨੀ ਆਉਂਦੀ ਹੈ, ਲੋੜ ਪੈਣ ਉਤੇ ਆਪਣੇ ਹੱਕ ਖੋਹਣੇ ਵੀ ਆਉਂਦੇ ਹਨ। ਉਨਾਂ ਕਿਹਾ ਕਿ ਇਹ ਧਰਮ ਯੁੱਧ ਹੈ। ਆਮ ਆਦਮੀ ਪਾਰਟੀ ਕੋਲ ਕੁੱਝ ਵੀ ਨਹੀਂ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਇਹ ਚੋਣ ਖੁਦ ਲੜਨੀ ਪਵੇਗੀ। ਇਸ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਨਿਹਾਲਸਿੰਘ ਵਾਲਾ ਤੋਂ ਉਮੀਦਵਾਰ ਮਨਦੀਪ ਸਿੰਘ ਪੱਤਰਕਾਰ, ਕੋਟਕਪੂਰਾ ਤੋਂ ਉਮੀਦਵਾਰ ਕੁਲਤਾਰ ਸਿੰਘ, ਬਾਘਾਪੁਰਾਣਾ ਤੋਂ ਉਮੀਦਵਾਰ ਗੁਰਵਿੰਦਰ ਸਿੰਘ ਕੰਗ, ਫਰੀਦਕੋਟ ਜੋਨ ਦੇ ਕੋਆਰਡੀਨੇਟਰ ਦਲਬੀਰ ਸਿੰਘ ਢਿੱਲੋਂ ਅਤੇ ਹੋਰ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ।

No comments:

Post Top Ad

Your Ad Spot