ਅਜਬ ਗਜ਼ਬ ਹੈਰਾਨੀਜਨਕ ਨਵੀਨ ਦੁਨੀਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 17 October 2016

ਅਜਬ ਗਜ਼ਬ ਹੈਰਾਨੀਜਨਕ ਨਵੀਨ ਦੁਨੀਆ

ਕਈ ਵਾਰ ਜ਼ਿੰਦਗੀ ਵਿੱਚ ਕੁੱਝ ਇਹੋ ਜਿਹਾ ਸਮਾਂ ਆ ਜਾਂਦਾ ਹੈ, ਜਦ ਜ਼ਿੰਦਗੀ ਰੁੱਕ ਜਿਹੀ ਜਾਂਦੀ ਹੈ। ਕਈ ਵਾਰ ਇਨਸਾਨ ਦੀ ਇਹ ਹਾਲਤ ਹੋ ਜਾਂਦੀ ਹੈ ਕਿ ਹਰ ਚੀਜ਼ ਹਰ ਥਾਂ, ਹਰ ਤਰ੍ਹਾਂ ਦੇ ਮਨੋਰੰਜਨ, ਹਰ ਤਰ੍ਹਾਂ ਦੇ ਇਨਸਾਨਾਂ ਤੋਂ ਮਨ ਅੱਕ ਜਿਹਾ ਜਾਂਦਾ ਹੈ। ਆਦਮੀ ਘਰ ਬੈਠਾ ਵੀ ਸਕੂਨ ਮਹਿਸੂਸ ਨਹੀਂ ਕਰਦਾ, ਘਰ ਬੈਠੇ ਨੂੰ ਵੀ ਘਰ ਦੀਆਂ ਕੰਧਾਂ ਹੀ ਉਸਨੂੰ ਖਾਣ ਜਿਹੀਆਂ ਲੱਗ ਪੈਂਦੀਆਂ ਹਨ। ਇਹ ਵਕਤ ਬਹੁਤ ਹੀ ਨਿਰਾਸ਼ਾ ਵਾਲਾ ਹੁੰਦਾ ਹੈ। ਘਰ ਵਿੱਚ ਪਿਆ ਨਾਂ ਤਾਂ ਕੰਪਿਊਟਰ ਕੰਮ ਆਉਂਦਾ ਹੈ ਅਤੇ ਨਾਂ ਹੀ ਚਾਲੀ ਇੰਚ ਦਾ ਵੱਡਾ ਟੀ.ਵੀ, ਨਾਂ ਹੀ ਡਿਸ਼ ਟੀ.ਵੀ. ਕੰਮ ਆਉਂਦਾ ਹੈ, ਅਤੇ ਨਾਂ ਹੀ ਲੈਪਟੋਪ, ਬਸ ਨਿਰਾਸ਼ਾ ਦੀ ਭਾਰੀ ਭਰਕਮ ਰਜਾਈ ਹੀ ਆਪਾਂ ਨੂੰ ਲਪੇਟ ਕੇ ਆਪਣੇ ਸਾਹਮਣੇ ਘੁੱਪ ਹਨ੍ਹੇਰਾ ਕਰੀ ਰੱਖਦੀ ਹੈ। ਇਸ ਜਾਲ ਵਿੱਚੋਂ ਨਿਕਲਣ ਦਾ ਸਿਰਫ ਇੱਕ ਹੀ ਉਪਾਅ ਹੈ। ਆਪਣੀਆਂ ਅੱਖਾਂ ਬੰਦ ਕਰੋ ਅਤੇ ਆਪਣੀ ਜ਼ਿੰਦਗੀ ਦੇ ਸੱਭ ਤੋਂ ਪਿਆਰੇ ਪਲਾਂ ਦੀ ਦੁਨੀਆ ਵਿੱਚ ਖੋ ਜਾਵੋ। ਜਦ ਮੈਂ ਵੀ ਇਸ ਘੁਪ ਘਨੇਰੀ ਨਿਰਾਸ਼ਾ ਦੀ ਚਾਦਰ ਵਿੱਚ ਲਪੇਟਿਆ ਜਾਂਦਾ ਹਾਂ, ਤਾਂ ਮੈਂ ਵੀ ਕੁੱਝ ਅਜਿਹਾ ਹੀ ਕਰਦਾ ਹਾਂ। ਇੱਕ ਵਾਰ ਮੈਂ ਕਾਫੀ ਉਦਾਸ ਜਿਹਾ ਮਹਿਸੂਸ ਕਰ ਰਿਹਾ ਸੀ। ਮੈਂ ਆਪਣੀਆਂ ਅੱਖਾਂ ਬੰਦ ਕੀਤੀਆਂ, ਅਤੇ ਪ੍ਰਾਰਥਨਾ ਕੀਤੀ ਹੇ ਕੁਦਰਤ..ਮੈਨੂੰ ਕੁੱਝ ਸਮੇਂ ਲਈ ਆਪਣੀ ਗੋਦ ਵਿੱਚ ਪਾ ਲੈ। ਬਹੁਤ ਥੱਕ ਗਿਆ ਹਾਂ, ਹੁਣ ਕੁੱਝ ਪਲ ਮੈਨੂੰ ਤੁਹਾਡੀ ਗੋਦ ਦੀ ਨਿੱਘ ਮਾਨ ਲੈਣਦੋ। ਮੈਨੂੰ ਲੈ ਜਾਵੋ, ਇਸ ਦੁਨੀਆ ਤੋਂ ਕੁੱਝ ਪਲ ਦੂਰ, ਜਿੱਥੇ ਇਹ ਦੁਨੀਆ ਹੀ ਨਾਂ ਹੋਵੇ, ਮੈਨੂੰ ਭੂਤਕਾਲ ਅਤੇ ਭਵਿੱਖ ਵਿੱਚ ਕੁੱਝ ਇਹੋ ਜਿਹੇ ਪਲ ਦਿਖਾਵੋ, ਜੋ ਮੇਰੇ ਸਾਰੇ ਸਰੀਰ ਦੀ ਰਸਾਇਣ ਵਿਵਸਥਾ ਹੀ ਬਦਲ ਕੇ ਰੱਖ ਦੇਣ। ਇੰਝ ਸੋਚਦੇ ਸੋਚਦੇ ਹੀ ਮੈਂ ਕਿਸੀ ਹੋਰ ਹੀ ਦੁਨੀਆ ਵਿੱਚ ਪਹੁੰਚ ਗਿਆ। ਮੈਂ ਇੱਕ ਛੋਟਾ ਜਿਹਾ ਬੱਚਾ ਬਣ ਚੁੱਕਾ ਸੀ, ਜੋ ਸਕੂਲ਼ ਦੇ ਗਰਾਊਂਡ ਵਿੱਚ ਫੁੱਟਬਾਲ ਖੇਡ ਰਿਹਾ ਸੀ। ਮੈਂ ਆਪਣੇ ਮਿੱਤਰ ਕੋਲੋਂ ਪਾਸ ਮੰਗ ਰਿਹਾ ਸੀ। ਹੈਰਾਨੀ ਵਾਲੀ ਗਲ ਇਹ ਹੈ ਕਿ ਉਸੇ ਹੀ ਵਕਤ ਮੈਂ ਆਪਣੇ ਦਿਮਾਗ ਦੀ ਅਵੱਸਥਾ ਵੀ ਦੇਖ ਰਿਹਾ ਸੀ। ਮੈਂ ਪੂਰੀ ਤਰ੍ਹਾਂ ਖੁਸ਼ ਹੋ ਕੇ ਆਪਣੀ ਖੇਡ ਵਿੱਚ ਇਸ ਕਦਰ ਮਗਨ ਹੋ ਚੁੱਕਾ ਸੀ ਕਿ ਮੈਂ ਖੇਡ ਸੀ ਯਾ ਖੇਡ ਮੈਂ ਕੁੱਝ ਪਤਾ ਨਹੀਂ ਚਲ ਰਿਹਾ ਸੀ। ਉਸ ਵਕਤ ਕੋਈ ਵੀ ਗਲ ਦਿਮਾਗ ਵਿੱਚ ਨਹੀਂ ਚਲ ਰਹੀ ਸੀ, ਨਾਂ ਹੀ ਭਾਰਤ ਪਾਕਿਸਤਾਨ ਸੰਬੰਧਾਂ ਬਾਰੇ ਕੋਈ ਗਲ, ਨਾਂ ਹੀ ਹੋ ਰਹੇ ਭ੍ਰਿਸ਼ਟਾਚਾਰ ਬਾਰੇ ਕੋਈ ਗਲ, ਨਾਂ ਹੀ ਹੋ ਰਹੇ ਭੈੜੇ ਪਤੀੁਪਤਨੀਆਂ ਦੇ ਰਿਸ਼ਤਿਆਂ ਸੰਬੰਧੀਆਂ ਬਾਰੇ ਗਲ, ਨਾਂ ਹੀ ਕੋਈ ਕਰੀਅਰ ਅੱਗੇ ਵਧਾਉਣ ਬਾਰੇ ਗਲ, ਨਾਂ ਹੀ ਕੋਈ ਰਿਸ਼ਤੇਦਾਰੀਆਂ ਨਿਭਾਉਣ ਬਾਰੇ ਕੋਈ ਗਲ। ਉਸ ਵਕਤ ਸਿਰਫ ਇੱਕੋ ਹੀ ਵਿਚਾਰ ਮਨ ਵਿੱਚ ਚਲ ਰਿਹਾ ਸੀ, ਉਹ ਸਿਰਫ ਇਹੋ ਕਿ ਜੋ ਮੇਰੇ ਸਾਹਮਣੇ ਗੋਲ ਬਣਿਆ ਹੈ, ਉਹ ਮੈਂ ਕਿਸ ਤਰ੍ਹਾਂ ਕਰ ਸਕਦਾ ਹਾਂ। ਫਿਰ ਇੱਕ ਦਮ ਮੈਂ ਹੋਰ ਹੀ ਕਿਸੀ ਦੁਨੀਆ ਵਿੱਚ ਪਹੁੰਚ ਗਿਆ। ਮੈਂ ਕੁੱਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਸੱਭ ਕੀ ਹੋ ਰਿਹਾ ਹੈ। ਮੈਂ ਪਾਗਲਾਂ ਵਾਲ ਇੱਧਰ ਉੱਧਰ ਭੱਜਣ ਲਗ ਗਿਆ। ਮੈਨੂੰ ਇੰਝ ਲਗ ਰਿਹਾ ਸੀ ਕਿ ਮੇਰੇ ਵਿੱਚ ਕੋਈ ਵੱਡਾ ਬਦਲਾਅ ਆ ਚੁੱਕਾ ਹੈ। ਮੈਂ ਆਪਣੇ ਆਪ ਨੂੰ ਦੇਖਣਾ ਚਾਹੁੰਦਾ ਸੀ। ਇੱਕ ਜਗ੍ਹਾ ਮੈਨੂੰ ਇੱਕ ਛੋਟੇ ਜਿਹੇ ਬਰਤਨ ਵਿੱਚ ਥੋੜ੍ਹਾ ਪਾਣੀ ਨਜ਼ਰ ਆਇਆ। ਮੈਂ ਉਹ ਪਾਣੀ ਫਟਾਫਟ ਡੋਲ੍ਹਕੇ, ਉਸ ਵਿੱਚ ਆਪਣਾ ਚਿਹਰਾ ਦੇਖਣ ਦੀ ਕੋਸ਼ਸ਼ ਕੀਤੀ। ਆਪਣਾ ਚਿਹਰਾ ਦੇਖ ਕੇ ਮੈਂ ਹੈਰਾਨ ਹੀ ਰਹਿ ਗਿਆ। ਮੈਂ ਕੋਈ ਪੰਦਰ੍ਹਾਂ ਸੋਲ੍ਹਾਂ ਸਾਲਾਂ ਦਾ ਹੋ ਚੁੱਕਾ ਸੀ। ਜਦੋਂ ਮੈਂ ਉੱਠਿਆ ਤਾਂ ਮੈਨੂੰ ਕਿਸੇ ਗਾਣੇ ਅਤੇ ਸਾਜ ਦੀ ਆਵਾਜ਼ ਸੁਣਾਈ ਦਿੱਤੀ। ਮੈਨੂੰ ਉਹ ਸਾਜ ਅਤੇ ਗਾਣਾ ਇੰਨ੍ਹਾਂ ਵਧੀਆ ਲਗਿਆ, ਮੇਰੇ ਪੈਰ ਮੇਰੇ ਤੋਂ ਇਜਾਜ਼ਤ ਲਏ ਬਿੰਨ੍ਹਾਂ ਹੀ ਉਸ ਵਲ ਭੱਜਣ ਲਗ ਪਏ। ਭੱਜਦਾ ਭਜਦਾ ਮੈਂ ਇੱਕ ਵੱਡੇ ਹਾਲ ਵਿੱਚ ਪਹੁੰਚ ਗਿਆ। ਉਹ ਹਾਲ ਬਹੁਤ ਹੀ ਸੋਹਣੀ ਤਰ੍ਹਾਂ ਸਜਾਇਆ ਪਿਆ ਸੀ। ਉਹ ਹਾਲ, ਹਾਲ ਨਹੀਂ, ਧਰਤੀ 'ਤੇ ਸਵਰਗ ਆਇਆ ਜਾਪਦਾ ਸੀ। ਉਸ ਹਾਲ ਵਿੱਚ ਲੜਕੇ ਲੜਕੀਆਂ ਬਹੁਤ ਹੀ ਸੱਭਿਅਕ ਤਰੀਕੇ ਨਾਲ ਨੱਚ ਰਹੇ ਸਨ। ਇੰਝ ਲਗਦਾ ਸੀ ਕਿ ਉਸ ਹਾਲ ਵਿੱਚ ਸਾਰੇ ਹੀ ਇੱਕ ਦੂਜੇ ਨਾਲ ਸੱਚੇ ਪਿਆਰ ਵਿੱਚ ਬੰਧੇ ਹੋਣ। ਇੰਝ ਲਗ ਰਿਹਾ ਸੀ ਕਿ ਉੱਥੇ ਕੋਈ ਇੱਕ ਲੜਕਾ ਇੱਕ ਲੜਕੀ ਦੇ ਪਿਆਰ ਵਿੱਚ ਨਹੀਂ, ਸਗੋਂ ਕਿ ਹਰ ਲੜਕਾ ਹਰ ਲੜਕੀ ਦੇ ਪਿਆਰ ਵਿੱਚ, ਇੱਥੋਂ ਤੱਕ ਕਿ ਉੱਥੋਂ ਦੇ ਵਾਤਾਵਰਨ ਦੇ ਪਿਆਰ ਵਿੱਚ ਹੀ ਰੰਗਿਆ ਪਿਆ ਸੀ। ਉੱਥੇ ਇੱਕ ਹੈਰਾਨੀ ਭਰੀ ਘਟਨਾ ਹੋਰ ਵਾਪਰ ਰਹੀ ਸੀ, ਅਚਾਨਕ ਹੀ ਉੱਥੇ ਨਚਦਾ ਨਚਦਾ ਕੋਈ ਲੜਕਾ ਅਦ੍ਰਿਸ਼ ਹੋ ਜਾਂਦਾ ਅਤੇ ਕਦੇ ਕੋਈ ਲੜਕੀ ਅਦ੍ਰਿਸ਼ ਹੋ ਜਾਂਦੀ ਅਤੇ ਫਿਰ ਉਹ ਲੜਕਾ ਯਾ ਲੜਕੀ ਵਾਪਿਸ ਦੋਬਾਰਾ ਦਿਖਾਈ ਹੀ ਨਾਂ ਦਿੰਦੇ। ਉਹਨਾਂ ਦੀ ਜਗ੍ਹਾਂ ਕੋਈ ਨਵੇਂ ਹੀ ਲੜਕਾ ਅਤੇ ਲੜਕੀ ਹੋਂਦ ਵਿੱਚ ਆ ਜਾਂਦੇ। ਕਿਸੇ ਲੜਕੇ ਯਾ ਲੜਕੀ ਦੇ ਅਦ੍ਰਿਸ਼ ਹੋਣ ਨਾਲ ਕੋਈ ਵੀ ਦੁੱਖੀ ਯਾ ਚਿੰਤਿਤ ਨਹੀਂ ਹੋ ਰਿਹਾ ਸੀ। ਸਾਰੇ ਹੀ ਪਿਆਰ ਵਿੱਚ ਇੰਨ੍ਹੇ ਕੁ ਮਸਤ ਹੋ ਚੁੱਕੇ ਸਨ ਕਿ ਉਹਨਾਂ ਕੋਲ ਚਿੰਤਾ ਕਰਨ ਦਾ ਜਿਵੇਂ ਸਮਾਂ ਹੀ ਨਾਂ ਹੋਵੇ। ਉਹ ਆਪਣੇ ਕਿਸੇ ਇੱਕ ਵੀ ਪਲ ਨੂੰ ਮਹਿਸੂਸ ਕੀਤੇ ਬਿੰਨ੍ਹਾਂ ਛੱਡਣਾ ਨਹੀਂ ਸਨ ਚਾਹੁੰਦੇ। ਇਹ ਵਚਿਤਰ ਨਜ਼ਾਰਾ ਮੈਂ ਬਹੁਤ ਦੇਰ ਤੱਕ ਦੇਖਦਾ ਰਿਹਾ। ਮੈਂ ਇਸ ਨਜ਼ਾਰੇ ਵਿੱਚ ਇਸ ਕਦਰ ਖੋ ਗਿਆ ਕਿ ਮੈਨੂੰ ਕੋਈ ਸੁੱਧੁਬੁੱਧ ਹੀ ਨਾਂ ਰਹੀ। ਕਦ ਮੇਰੇ ਪੈਰ ਅਤੇ ਮੇਰੀਆਂ ਬਾਹਾਂ ਆਪ ਮੁਹਾਰੇ ਹੀ ਨੱਚਣ ਲਗ ਗਈਆਂ, ਪਤਾ ਹੀ ਨਾਂ ਚਲਾ। ਮੇਰੀਆਂ ਅੱਖਾਂ ਇਲਾਹੀ ਨਜ਼ਾਰੇ ਵਿੱਚ ਕਦ ਬੰਦ ਹੋ ਗਈਆਂ ਪਤਾ ਹੀ ਨਾ ਚਲਾ। ਫਿਰ ਮੈਨੂੰ ਇੱਕ ਦਮ ਇੰਝ ਪ੍ਰਤੀਤ ਹੋਇਆ ਕਿ ਮੈਨੂੰ ਕਿਸੇ ਨੇ ਛੂਹਿਆ ਹੈ। ਮੈਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਮੇਰੇ ਸਾਹਮਣੇ ਬਹੁਤ ਹੀ ਸੋਹਣੇ ਜਵਾਨ ਲੜਕਾ ਅਤੇ ਲੜਕੀ ਖੜ੍ਹੇ ਸੀ। ਉਹਨਾਂ ਨੂੰ ਦੇਖਦਿਆਂ ਸਾਰ ਹੀ ਮੈਨੂੰ ਇੰਝ ਮਹਿਸੂਸ ਹੋਇਆ ਕਿ ਇਹ ਮੇਰੇ ਬਹੁਤ ਹੀ ਨਜ਼ਦੀਕ ਦੇ ਦੋਸਤ ਹਨ। ਮੈਨੂੰ ਇੰਝ ਲਗ ਹੀ ਨਹੀਂ ਰਿਹਾ ਸੀ ਕਿ ਇਹਨਾਂ ਨੂੰ ਮੈਂ ਪਹਿਲੀ ਵਾਰ ਦੇਖ ਰਿਹਾ ਹਾਂ। ਉਹ ਦੋਨੋਂ ਮੇਰੀ ਤਰਫ ਦੇਖਦੇ ਰਹੇ ਅਤੇ ਮੁਸਕਰਾਉਂਦੇ ਰਹੇ। ਮੈਂ ਵੀ ਸਿਰਫ ਉਹਨਾਂ ਦੀ ਤਰਫ ਦੇਖਦਾ ਹੀ ਰਹਿ ਗਿਆ। ਉਹਨਾਂ੍ਰ ਨੇ ਕੁੱਝ ਕਿਹਾ ਨਹੀਂ, ਮੇਰੇ ਮੂੰਹੋਂ ਕੁੱਝ ਨਿਕਲਿਆ ਨਹੀਂ। ਬਿੰਨ੍ਹਾਂ ਸ਼ਬਦਾ ਤੋਂ ਹੀ ਜਿਵੇਂ ਕੋਈ ਇਲਾਹੀ ਵਾਰਤਾਲਾਪ ਹੋ ਰਹੀ ਹੋਵੇ। ਫਿਰ ਉਹਨਾਂ ਦੋਹਾਂ ਨੇ ਉਂਗਲੀ ਨਾਲ ਕਿਸੇ ਜਗ੍ਹਾ ਇਸ਼ਾਰਾ ਕੀਤਾ। ਮੈਂ ਉੱਥੋਂ ਹਿਲਣਾ ਤਾਂ ਨਹੀਂ ਚਾਹੁੰਦਾ ਸੀ, ਪਰ ਪਤਾ ਨਹੀਂ ਮੈਂ ਆਪਣੇ ਆਪ ਹੀ ਉਸ ਜਗ੍ਹਾ ਪਹੁੰਚ ਚਲਣ ਲਗ ਪਿਆ। ਉੱਥੇ ਪਹੁੰਚ ਕੇ ਦੇਖਿਆ ਤਾਂ ਉੱਥੇ ਕੋਈ ਵਸਤੂ ਪਈ ਸੀ ਜੋ ਪਰਦੇ ਨਾਲ ਢੱਕੀ ਪਈ ਸੀ। ਮੈਂ ਹੌਲੀ ਹੌਲੀ ਪਰਦਾ ਹਟਾਇਆ ਅਤੇ ਦੇਖਿਆ ਉਹ ਵਸਤੂ ਇੱਕ ਆਇਨਾ ਸੀ। ਫਿਰ ਇੱਕ ਦਮ ਮੈਨੂੰ ਝਟਕਾ ਲਗਿਆ, ਆਇਨੇ ਦੇ ਵਿੱਚ ਮੇਰੀ ਉਮਰ ਅੱਜ ਦੀ ਉਮਰ ੨੮ ਸਾਲ ਲਗ ਰਹੀ ਸੀ। ਮੈਂ ਥੋੜ੍ਹਾ ਘਬਰਾ ਜਿਹਾ ਗਿਆ। ਮੈਂ ਬਹੁਤ ਹੈਰਾਨ ਹੋ ਗਿਆ ਕਿ ਮੇਰੇ ਉਸ ਹਾਲ ਵਿੱਚ ਦੱਸ ਬਾਰਾਂ ਸਾਲ ਬੀਤ ਵੀ ਗਏ। ਮੈਂ ਭੱਜਕੇ ਵਾਪਿਸ ਉਸ ਹਾਲ ਵਿੱਚ ਗਿਆ, ਤਾਂ ਉੱਥੇ ਜਾ ਕੇ ਮੈਂ ਹੋਰ ਵੀ ਹੈਰਾਨ ਹੋ ਗਿਆ ਕਿਉਂਕਿ ਉੱਥੇ ਕੁਝ ਵੀ ਨਹੀਂ ਸੀ, ਨਾਂ ਹੀ ਸੋਹਣੇ ਲੜਕੇ ਅਤੇ ਲੜਕੀਆਂ ਨਾਂ ਹੀ ਸਜਾਇਆ ਹੋਇਆ ਹਾਲ। ਇੱਕ ਝਟਕੇ ਨਾਲ ਹੀ ਇੱਥੇ ਮੇਰੀ ਅੱਖ ਖੁਲ੍ਹ ਗਈ। ਬਹੁਤ ਆਨੰਦ ਆ ਰਿਹਾ ਸੀ। ਅੱਖ ਖੁਲ੍ਹਣ ਤੋਂ ਬਾਅਦ ਵੀ ਸੁਪਨੇ ਦਾ ਗਹਿਰਾ ਅਸਰ ਕਾਇਮ ਸੀ। ਸ਼ਾਇਦ ਸੁਪਨੇ ਰਾਂਹੀ ਕੁਦਰਤ ਨੇ ਇਹ ਸੰਦੇਸ਼ ਦਿੱਤਾ ਸੀ ਕਿ ਇਹ ਜ਼ਿੰਦਗੀ ਜੱਨਤ ਹੈ। ਬਚਪਨ ਅਤੇ ਜਵਾਨੀ ਇਹਨਾਂ ਦੋਹਾਂ ਸਮਿਆਂ ਵਿੱਚ ਹਰ ਇਨਸਾਨ ਦੀਆਂ ਅਭੁੱਲ ਯਾਦਾਂ ਹੁੰਦੀਆਂ ਹਨ, ਖਾਸ ਕਰਕੇ ਵੀਹ ਕੁ ਸਾਲ ਦੀ ਉਮਰ ਤੱਕ ਅਜਿਹੀਆਂ ਯਾਦਾਂ ਬਣਦੀਆਂ ਹਨ। ਇਹਨਾਂ ਯਾਦਾਂ ਨੂੰ ਕਦ ਵੀ ਯਾਦ ਕਰਕੇ ਆਪਾਂ ਆਪਣੇ ਚਿਹਰੇ 'ਤੇ ਮੁਸਕਾਨ ਲੈ ਕੇ ਆ ਸਕਦੇ ਹਾਂ। ਇਹ ਵੀ ਨਹੀਂ ਹੈ ਕਿ ਇਸ ਉਮਰ ਤੋਂ ਬਾਅਦ ਜੱਨਤ ਨਹੀਂ ਰਹਿੰਦੀ। ਹਰ ਉਮਰ ਵਿੱਚ ਹੀ ਆਪਾਂ ਆਪਣੀ ਜ਼ਿੰਦਗੀ ਨੂੰ ਜੱਨਤ ਬਣਾ ਕੇ ਰੱਖ ਸਕਦੇ ਹਾਂ। ਜੋ ਉਸ ਲੜਕੇ ਲੜਕੀ ਨੇ ਮੈਨੂੰ ਉਂਗਲੀ ਨਾਲ ਆਇਨਾ ਦਿਖਾਇਆ ਸੀ, ਸ਼ਾਇਦ ਉਸ ਦਾ ਅਰਥ ਇਹੋ ਹੀ ਸੀ ਕਿ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਇੱਕ ਵੱਡੇ ਹਾਲ ਵਿੱਚ ਜ਼ਿੰਦਗੀ ਦਾ ਜਸ਼ਨ ਚਲਦਾ ਦਿਖਾਇਆ ਸੀ, ਠੀਕ ਉਸੇ ਜਸ਼ਨ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵੀ ਵਧਾ ਸਕਦਾ ਹਾਂ। ਇੱਕ ਸੰਦੇਸ਼ ਸ਼ਾਇਦ ਇਹ ਵੀ ਮਿਲਦਾ ਹੈ ਕਿ ਜਿਸ ਤਰ੍ਹਾਂ ਹਾਲ ਵਿੱਚ ਅਦ੍ਰਿਸ਼ ਹੋ ਰਹੇ ਲੜਕੇ ਲ਼ੜਕੀਆਂ ਦੀ ਕੋਈ ਪਰਵਾਹ ਨਹੀਂ ਕਰ ਰਿਹਾ ਸੀ, ਉਸੇ ਤਰ੍ਹਾਂ ਆਪਾਂ ਨੂੰ ਵੀ ਕਿਸੇ ਦੇ ਧਰਤੀ ਛੱਡ ਜਾਣ ਕਾਰ ਯਾ ਮੌਤ ਹੋ ਜਾਣ ਕਾਰਨ, ਆਪਾਂ ਨੂੰ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਆਦਮੀ ਇਸ ਧਰਤੀ 'ਤੇ ਮੁਸਾਫਰ ਹੀ ਤਾਂ ਹੈ। ਹਮੇਸ਼ਾਂ ਆਪਣੀ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਸ਼ਨ ਬਣਾ ਕੇ ਰੱਖਣਾ ਚਾਹੀਦਾ ਹੈ। ਇਹ ਜਸ਼ਨ ਸਿਰਫ ਨੱਚਣ ਗਾਉਣ ਨਾਲ ਸੰਬੰਧ ਨਹੀਂ ਰੱਖਦਾ। ਕਿਉਂਕਿ ਉਹਨਾਂ ਦਾ ਨਾਚ ਕੋਈ ਆਮ ਨਾਚ ਨਹੀਂ ਜਾਪਦਾ ਸੀ, ਉਸ ਵਿੱਚ ਇਲਾਹੀ ਬਰਕਤ ਸੀ। ਇਹ ਜਸ਼ਨ ਚੰਗੇ ਕਰਮਾਂ ਨਾਲ ਬਣਾਇਆ ਜਾ ਸਕਦਾ ਹੈ। ਅਜਿਹੇ ਕਰਮ ਕਰੋ ਜੋ ਹਰ ਕਿਸੇ ਨੂੰ ਖੁਸ਼ੀ ਦੇਣ।
-ਸਾਹਿਤਕਾਰ ਅਮਨਪ੍ਰੀਤ ਸਿੰਘ, ਵਟਸ ਅਪ 09465554088

No comments:

Post Top Ad

Your Ad Spot