ਭਾਈ ਘਨੱਈਆ ਜੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 14 September 2016

ਭਾਈ ਘਨੱਈਆ ਜੀ

-ਡਾ. ਬਲਜੀਤ ਕੌਰ (ਸਟੇਟ ਐਵਾਰਡੀ),
ਸੇਵਾ ਦਾ ਉਦੇਸ਼, ਪਾਟੇ ਨੂੰ ਸਿਉਣ, ਡਿਗੇ ਨੂੰ ਚੁੱਕਣ ਅਤੇ ਨਿਆਸਰੇ ਨੂੰ ਸਹਾਰਾ ਦੇਣ ਦੇ ਨਾਲ-ਨਾਲ ਹਰੇਕ ਧਰਮ ਦਾ ਕੇਂਦਰੀ ਉਪਦੇਸ਼ ਵੀ ਹੈ। ਇਸ ਲਈ ਅਸੀ ਸਾਰੇ ਇਸ ਨੂੰ ਧਾਰਮਿਕ ਸੰਕਲਪ ਮੰਂਨ ਬੈਠੇ ਹਾਂ, ਪਰ ਜਦੋਂ ਕਿ ਇਹ ਬੁਨਿਆਦੀ ਤੌਰ ਤੇ ਸਮਾਜਿਕ ਸੰਕਲਪ ਹੈ। ਮਾਨਵ ਜਾਤੀ ਦੀ ਸੇਵਾ ਕਰਨੀ ਮਾਨਵੀ ਗੁਣਾਂ ਦੀ ਨਿਸ਼ਾਨੀ  ਹੈ। ਇਹ ਕਾਰਜ ਮੁਨੱਖੀ ਮਨ ਨੂੰ ਆਤਮਕ ਅਤੇ ਭਾਵਕ ਪੱਖੋਂ ਖੁਸ਼ਹਾਲ ਬਣਾਉਂਦਾ ਹੈ। ਇਹ ਕਾਰਜ ਕੋਈ ਸਿਦਕ, ਸਿਰੜ, ਉੱਚੇ ਇਰਾਦੇ ਅਤੇ ਵਿਸ਼ਾਲ ਹਿਰਦੇ ਵਾਲਾ ਹੀ ਕਰ ਸਕਦਾ ਹੈ। ਉਹ ਹਨ ਭਾਈ ਘਨੱਈਆ ਜੀ! ਜੋ ਮਿੱਠੇ ਚਸ਼ਮੇ ਦੇ ਪਾਣੀ ਵਾਂਗੂ ਵਿਸ਼ਵ ਦੇ ਹਿਰਦੇ ਵਿੱਚ ਵਗ ਰਹੇ ਹਨ।
ਸਦੀਵੀ ਗਿਆਨ, ਸੇਵਾ ਅਤੇ ਤਿਆਗ ਦਾ ਨਾਂਅ ਭਾਈ ਘਨੱਈਆ ਹੈ,ਜੋ ਸੰਸਾਰ ਤੇ ਸਦੀਆਂ ਤੱਕ ਨਿਰੰਤਰ ਅਤੇ ਸ਼ਾਹਨਾਂ ਰਾਜ ਕਰਦੇ ਰਹਿਣਗੇ। ਦਰਿਆ ਚਨਾਬ ਦੇ ਕਿਨਾਰੇ,ਵਜੀਰਾਬਾਦ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਸੋਧਰਾ ਹੈ, ਸੌ ਦਰਵਾਜੇ ਹੋਣ ਕਾਰਨ ਨਗਰ ਦਾ ਨਾਂਅ ਸੌ ਦਰਾ ਹੋਇਆ ਤੇ ਪਿੱਛੋਂ ਵਿਗੜ ਕੇ ਸੋਧਰਾ ਪਿਆ।  ਸੋਧਰਾ ਵਿਖੇ ਨੌਲੱਖਾ ਬਾਗ ਵੀ ਹੈ, ਨੌ ਲੱਖ ਰੁਪਈਏ ਉਸਾਰੀ ਤੇ ਖ਼ਰਚ ਆਉਣ ਕਰਕੇ ਇਸ ਨੂੰ ਨੌ ਲੱਖਾ ਕਹਿਣ ਲੱਗੇ। ਉਸੇ ਮਹੱਤਵਪੂਰਨ ਨਗਰ ਸੋਧਰਾ ਵਿੱਚ ਨੈਤਿਕ ਅਮੀਰੀ ਦੇ ਮਾਲਕ, ਮਹਾਂਪੁਰਸ਼ ਅਤੇ ਰੂਹਾਨੀ ਬਾਦਸ਼ਾਹ ਕਹਿਲਾਉਣ ਵਾਲੇ ਭਾਈ ਸਾਹਿਬ ਦਾ ਜਨਮ ੧੬੪੮ ਈਸਵੀ ਨੂੰ ਮਾਤਾ ਸੁੰਦਰੀ ਜੀ ਦੀ ਪਵਿੱਤਰ ਕੁੱਖ ਤੋਂ ਭਾਈ ਨੱਥੂ ਰਾਮ ਜੀ ਦੇ ਘਰ ਹੋਇਆ। ਭਾਈ ਸਾਹਿਬ ਜੀ ਦੀ ਪਰਵਰਿਸ਼ ਸ਼ਾਹੀ ਢੰਗ ਨਾਲ ਹੋਣ ਦਾ ਕਾਰਨ ਇਹ ਸੀ ਕਿ ਆਪ ਜੀ ਦੇ ਪਿਤਾ ਜੀ ਪੇਸ਼ੇ ਵਜੋਂ ਸੋਦਾਗਰ ਸਨ।  ਬਚਪਣ ਵਿੱਚ ਜਦੋਂ ਖੇਡਣ ਜਾਂਦੇ ਤਾਂ ਜੇਬਾਂ ਕਉਡੀਆਂ ਨਾਲ ਭਰ ਲੈਂਦੇ ਅਤੇ ਲੋੜਵੰਦਾਂ ਨੂੰ ਵੰਡ ਆਉਂਦੇ। ਪ੍ਰਮਾਤਮਾ ਨੇ ਧਨ ਦੀ ਅਮੀਰੀ ਨਾਲ ਆਪ ਨੂੰ ਬੁੱਧੀ ਦੀ ਅਜਿਹੀ ਅਮੀਰੀ ਬਖ਼ਸ਼ੀ ਕਿ ਇਤਿਹਾਸ ਆਪ ਦੇ ਗੁਲਾਮ ਹੋ ਗਿਆ। ਪਿਤਾ ਜੀ ਆਪ ਜੀ ਨੂੰ ਅਜਿਹਾ ਕਰਨ ਤੋਂ ਵਰਜਦੇ ਤੇ ਮਾਤਾ ਜੀ ਵੀ ਪਿਆਰ ਨਾਲ ਸਮਝਾਉਂਦੇ ਕਿ ਇੰਝ ਨਾ ਕਰਿਆ ਕਰੋ, ਲੋਕ ਤੁਹਾਨੂੰ ਬਾਵਲਾ ਕਹਿੰਦੇ ਹਨ।  ਭਾਈ ਜੀ ਮਾਤਾ ਜੀ ਨੂੰ ਕਹਿੰਦੇ, “ਮਾਂ ਕਈਆਂ ਦੇ ਘਰ ਬਾਵਲੇ ਪੁੱਤ ਵੀ ਜਮ ਪੈਂਦੇ ਹਨ, ਤੂੰ ਮੈਨੂੰ ਬਾਵਲਾ ਹੀ ਸਮਝ ਲੈ”। ਜਿਵੇਂ ਹਰ ਮਹਾਂਪੁਰਸ਼ ਆਪਣਾ ਸਭ ਕੁਝ ਸੰਸਾਰ ਨੂੰ ਲੁਟਾ ਕੇ ਜੀਵਨ ਵਿੱਚ ਅਪਮਾਣ ਹੰਢਾਉਂਦੇ ਹਨ,ਪਰ ਉਹਨਾਂ ਦਾ ਗੁਣਗਾਣ ਅਤੇ ਸਨਮਾਨ ਆਉਣ ਵਾਲੀਆਂ ਪੀੜ੍ਹੀਆਂ ਬਿਨਾਂ ਵਿਵਾਦ ਕੀਤਿਆਂ ਕਰਦੀਆਂ ਹਨ, ਅਜਿਹੀ ਸ਼ਖਸ਼ੀਅਤ ਦੇ ਮਾਲਕ ਸਨ ਭਾਈ ਜੀ।
ਸਮਾਂ ਆਪਣੀ ਚਾਲ ਚਲਦਾ ਰਿਹਾ,ਜ਼ਿੰਦਗੀ ਨੇ ਨਵਾਂ ਮੋੜ ਲੈ ਲਿਆ। ਭਾਈ ਜੀ ਦੇ ਪਿਤਾ ਜੀ ਦਾ ਅਚਾਨਕ ਦੇਹਾਂਤ ਹੋਣ ਨਾਲ ਵਪਾਰ ਨੂੰ ਸੰਭਾਲਣ ਦੀ ਜਿੰਮੇਵਾਰੀ ਆਪ ਜੀ ਨੂੰ ਦੇ ਦਿੱਤੀ ਗਈ।  ਇਸ ਦਾ ਮੁੱਖ ਕਾਰਨ ਇਹ ਵੀ ਸੀ ਕਿ ਬਾਕੀ ਭਰਾ ਬਹੁਤ ਛੋਟੇ ਸਨ ਪਰ ਪਰਿਵਾਰ ਦੀ ਜਿੰਮੇਵਾਰੀ ਵੱਡੀ। ਅੰਦਰੂਨੀ ਤੌਰ ਤੇ ਭਾਈ ਜੀ ਵਪਾਰ ਨੂੰ ਲੈਕੇ ਖ਼ੁਸ਼ ਨਹੀਂ ਸਨ, ਉਹ ਧਰਮ ਦੇ ਫ਼ਲਸਫ਼ੇ ਨੂੰ ਸਮਝਣਾ ਚਾਹੁੰਦੇ ਸਨ। ਇੱਕ ਦਿਨ ਮੁਗਲਾਂ ਦੀ ਫੌਜ ਦੇ ਕਰਮਚਾਰੀ ਭਾਈ ਨਨੂਆ ਜੀ ਨਾਲ ਮੁਲਾਕਾਤ ਹੋਈ,ਉਹਨਾਂ ਦੀ ਸੰਗਤ ਭਾਈ ਜੀ ਲਈ ਪ੍ਰੇਰਨਾ ਸ੍ਰੋਤ ਬਣੀ। ਭਾਈ ਨਨੂਆ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੁਣ ਐਸੀ ਖਿੱਚ ਪਈ ਕਿ ਸਭ ਕੁਝ ਛੱਡ-ਛਡਾ ਕੇ ਜ਼ਿੰਦਗੀ ਦੇ ਚਾਨਣ ਪੱਖ ਨੂੰ ਲੱਭਣ ਲਈ ਘਰੋਂ ਤੁਰ ਪਏ। ਇਸੇ ਭਾਲ ਦੇ ਦੌਰਾਨ ਇੱਕ ਭਲੇ ਪੁਰਖ ਨਾਲ ਮੇਲ ਹੋਇਆ ਜੋ ਆਪ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਲੈ ਆਇਆ। ਭਾਈ ਸਾਹਿਬ ਜੀ ਦਾ ਮਨ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਦੀਦਾਰਿਆਂ ਨਾਲ ਅਜਿਹਾ ਨਿਹਾਲ  ਹੋਇਆ ਕਿ ਅੰਦਰੋਂ ਉੱਠਦੀਆਂ ਸੁਗੰਧੀਆਂ ਦੇ ਪ੍ਰਭਾਵ ਸਦਕਾ ਉਹ ਸਮੁੱਚ ਦੇ ਨਵੇਂ ਰੰਗ ਵਿੱਚ ਰੰਗੇ ਗਏ। ਇਹ ਮਾਣੀਆਂ ਹੋਈਆਂ ਘੜੀਆਂ ਨੂੰ ਸਧਾਰਣ ਤੋਂ ਵਿਸ਼ੇਸ਼ ਬਣਨ ਵਿੱਚ ਸਮਾਂ ਨਾ ਲੱਗਾ। ਇਸ ਅਨੁਭਵ ਦੀ ਤਾਂਘ ਨੂੰ ਹੋਰ ਗੂੜਾ ਕਰਨ ਲਈ ਵਗਦੀ ਹੋਈ ਪੌਣ ਵਾਂਗ ਵਗਣ ਲੱਗੇ।
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪ ਜੀ ਨੂੰ ਜਲ ਦੀ ਸੇਵਾ ਤੇ ਲਾਇਆ। ਭਾਈ ਜੀ ਸ਼ੁੱਧ-ਪਵਿੱਤਰ ਲਾਟ ਵਾਂਗ ਚਮਕਦੇ ਹੋਏ ਸੇਵਾ ਦੀਆਂ ਗੁੱਝੀਆਂ ਰਮਝਾਂ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਜੁੱਟ ਗਏ। ਸੇਵਾ ਦੀ  ਸ਼ਿਦਤ ਨੇ ਅਜਿਹਾ ਰੰਗ ਵਿਖਾਇਆ ਕਿ ਸੁਹਿਰਦਤਾ ਦੇ ਨਿਖਾਰ ਨਾਲ ਰੱਬ ਦੀ ਹੋਂਦ ਨੂੰ ਮਹਿਸੂਸ ਕਰਨ ਲੱਗੇ। ਫਿਰ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਦਾ ਹੋਕੇ ਕਹਵੇ (ਜ਼ਿਲਾ ਕੈਮਲਪੁਰ, ਪਾਕਿਸਤਾਨ) ਵਿਖੇ ਧਰਮਸ਼ਾਲਾ ਸਥਾਪਿਤ ਕੀਤੀ ਅਤੇ ਇਨਸਾਨੀਅਤ ਦੀ ਝਲਕ ਵਿੱਚੋਂ ਇਨਸਾਨੀਅਤ ਦੀ ਮੁਸਕਰਾਹਟ ਲੱਭਦੇ ਹੋਏ ਸਰਬੱਤ ਦਾ ਭਲਾ ਮੰਗਣ  ਲੱਗੇ।
ਮਨੁੱਖੀ ਇਤਿਹਾਸ ਦੇ ਵਿਸ਼ਾਲ ਪ੍ਰਵਾਹ ਵਿੱਚ ਵਿਕਾਸ ਨੂੰ ਅਗਲੇਰੇ ਰਾਹ ਤੇ ਲਿਅਉਣ ਲਈ ਨਵੀਆਂ ਵਿਚਾਰਧਾਰਾਵਾਂ ਅਤੇ ਨਵੀਆਂ ਕੁਰਬਾਨੀਆਂ ਦੀ ਲੋੜ ਪੈਂਦੀ ਹੈ, ਇਸੇ ਵਿਚਾਰ ਦੀ ਪੂਰਤੀ ਹਿੱਤ ਬਾਦਸ਼ਾਹ ਦਰਵੇਸ਼, ਸਾਹਿਬ “ਏ”ਕਮਾਲ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੇਰ ਅਤੇ ਬਾਜ਼ ਦੇ ਗੁਣਾਂ ਵਾਲੀ ਬਹਾਦਰ ਫੌਜ ਅਤੇ ਮੁਗਲਾਂ ਦੇ ਦਰਮਿਆਨ  ਧਰਮ ਯੁੱਧ ਸ਼ੁਰੂ ਹੋਇਆ ਤਾਂ ਆਪ ਸ੍ਰੀ ਅਨੰਦਪੁਰ ਸਾਹਿਬ ਆ ਗਏ। ਯੁੱਧ ਦੇ ਦੌਰਾਨ ਆਪ ਹਰ ਸਿਪਾਹੀ ਨੂੰ ਬਿਨਾਂ ਵਿਤਕਰਾ ਕੀਤੇ, ਆਪਣੀ ਮਸ਼ਕ ਨਾਲ ਜਲ ਪਿਲਾਉਂਦੇ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਜਦੋਂ ਸ਼ਿਕਾਇਤਾਂ ਪੁੱਜੀਆਂ ਤਾਂ ਆਪ ਜੀ ਨੂੰ ਬੁਲਾਇਆ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਲੇ ਵਿੱਚ ਬਿਰਾਜਮਾਨ ਸਨ। ਭਾਈ ਜੀ ਪਿਆਰ ਦੇ ਰਸੀਲੇ ਰਸ ਅਤੇ ਹਰਿਆਵਲ ਦੀ ਖ਼ੁਸ਼ਬੂ ਨਾਲ ਭਰੇ ਹੋਏ,  ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਸਿਰ ਝੁਕਾ ਕੇ ਨਿਮਰਤਾ ਸਹਿਤ ਮੱਥਾ ਟੇਕ ਕੇ ਖਲੋ ਗਏ। ਗੁਰੂ ਜੀ ਨੇ ਉਹਨਾਂ ਵੱਲ ਵੇਖਿਆ। ਭਾਈ ਜੀ ਕਹਿਣ ਲੱਗੇ, “ਮਿਹਰ ਦੇ ਦਾਤੇ ਨੇ ਯਾਦ ਕੀਤਾ, ਹੁਕਮ ਕਰੋ”।
ਭਾਈ ਜੀ! ਤੁਹਾਡੇ ਵਿਰੁੱਧ ਕੁਝ ਸਿੰਘਾਂ ਨੇ ਸ਼ਿਕਾਇਤ ਕੀਤੀ ਹੈ। ਸ਼ਿਕਾਇਤੀ ਅਤੇ ਹੋਰ ਸਿੰਘ ਭਾਈ ਘਨੱਈਆ ਜੀ ਕੋਲ ਆ ਖਲੋਤੇ।
“ਭਾਈ ਜੀ! ਸੁਣਾਓ ਅੱਜ-ਕਲ ਜ਼ਖਮੀਆਂ ਨੂੰ ਪਾਣੀ ਪਿਲਾਉਂਦੇ ਹੋ”।  “ਜੀ ਹਜ਼ੂਰ”
ਗੁਰੂ ਜੀ ਨੇ ਇੱਕ ਵਾਰ ਫਿਰ ਭਾਈ ਜੀ ਵੱਲ ਤੱਕਿਆ ਤੇ ਬੋਲੇ, “ਭਾਈ ਜੀ! ਤੁਹਾਡੀ ਇਸ ਬਾਰੇ ਕੀ ਰਾਏ ਹੈ”।
“ਮੇਰੀ ਕੀ ਰਾਇ ਹੋਣੀ ਹੈ ਹਜ਼ੂਰ?”
“ਭਾਵ ਜੋ ਦੋਸ਼ ਲ਼ਾਇਆ ਹੈ ਕੀ ਉਹ ਸੱਚ ਹੈ”।
“ਜੀ ਸੱਚੇ ਪਾਤਿਸ਼ਾਹ, ਪਰ ਜਦੋਂ ਮੈਂ ਪਾਣੀ ਪਿਲਾਉਂਦਾ ਹਾਂ ਤਾਂ ਮੈਨੂੰ  ਹਰ ਥਾਂ, ਆਪ ਜੀ ਦਾ ਤੇਜਸਵੀ ਅਤੇ ਨੂਰਾਨੀ ਚਿਹਰਾ ਹੀ ਨਜ਼ਰ ਆਉਂਦਾ ਹੈ”। 
ਕਲਗੀਧਰ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰੇਮ ਉਸ ਵੇਲੇ ਝਰਨੇ ਵਿੱਚੋਂ ਉੱਠੇ ਜਲਤਰੰਗ ਵਾਂਗੂ ਡੁੱਲ-ਡੁੱਲ ਪੈ ਰਿਹਾ ਸੀ। ਗੁਰੂ ਜੀ ਨੇ ਹਿਦਾਇਤ ਕੀਤੀ ਕਿ, “ ਕੋਈ ਵੀ ਭਾਈ ਜੀ ਨੂੰ ਨਹੀਂ ਵਰਜੇਗਾ ਅਤੇ ਨਾਂ ਹੀ ਇਹਨਾਂ ਦੀ ਨਰੋਈ ਸੋਚ ਤੇ ਸ਼ੱਕ ਕਰੇਗਾ,ਲੋੜਵੰਦਾਂ ਦੇ ਜ਼ਖ਼ਮਾਂ ਤੇ ਮੱਲਮ ਲਾਉਣ ਲਈ ਮੱਲਮ ਦੀ ਡੱਬੀ ਵੀ ਦਿੱਤੀ। ਗੁਰੂ ਜੀ ਨੇ ਉਠ ਕੇ ਭਾਈ ਜੀ ਨੂੰ ਕਿਹਾ, “ਭਾਈ ਜੀ! ਧੰਨ ਹੋ, ਤੁਸੀ ਸੇਵਾ ਵਿੱਚੋਂ ਹੀ ਪ੍ਰਭੂ ਪਾ ਲਿਆ”।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਛੱਡ ਜਾਣ ਪਿੱਛੋ ਆਪ ਫਿਰ ਕਾਹਵੇ ਚਲੇ ਗਏ ਅਤੇ ਸੇਵਾ ਭਾਵਨਾਂ ਨਾਲ ਜੀਵਨ ਬਤੀਤ ਕਰਨ ਲੱਗੇ।  ਆਪ ਨੇ ਬਹੁਤ ਥਾਵਾਂ ਤੇ ਧਰਮਸ਼ਾਲਾ ਦਾ ਨਿਰਮਾਣ ਕਰਵਾਇਆ ਅਤੇ ਲੋੜਵੰਦਾਂ ਦੀ ਸੇਵਾ ਕੀਤੀ। ਆਪ ਜੀ ਦੇ ਸੇਵਕਾਂ ਵਿੱਚੋਂ ਭਾਈ ਸੇਵਾ ਰਾਮ,ਭਾਈ ਨੂਰੀ ਸ਼ਾਹ ਅਤੇ ਭਾਈ ਅੱਡਣ ਸ਼ਾਹ ਨੇ ਸਿੱਖਿਆ ਦੀ ਚੰਗੀ ਤਰ੍ਹਾਂ ਪਾਲਣਾ ਕੀਤੀ। ਇੱਕ ਟਿਕਾਣੇ ਨੂੰ ਸਫ਼ਲ ਬਣਾ ਕੇ ਦੂਜੀ ਥਾਂ ਤੁਰ ਪੈਂਦੇ। ਇਸ ਤਰ੍ਹਾਂ ਬਹੁਤ ਥਾਂ ਪ੍ਰਚਾਰ ਕੇਂਦਰ ਸਥਾਪਿਤ ਹੋਏ। ਸੇਵਾ, ਸਿਮਰਨ ਅਤੇ ਕੀਰਤਨ ਆਪ ਦੇ ਟਿਕਾਣੇ ਤੇ ਚੱਲਦਾ ਰਹਿੰਦਾ। ਹਮੇਸ਼ਾ ਸੂਰਜ ਨਿਕਲਦੇ ਹੀ ਕੀਰਤਨ ਦੀ ਸਮਾਪਤੀ ਦਾ  ਇਸ਼ਾਰਾ ਕਰ ਦਿੰਦੇ,ਇੱਕ ਦਿਨ ਸੂਰਜ ਨਿਕਲਣ ਤੋਂ ਬਾਅਦ ਵੀ ਜਦੋਂ ਇਸ਼ਾਰਾ ਨਾ ਹੋਇਆ ਤਾਂ ਇੱਕ ਪ੍ਰੇਮੀ ਨੇ ਕੋਲ ਆ ਕੇ ਤੱਕਿਆ, ਆਤਮਾ ਪ੍ਰਮਾਤਮਾ ਵਿੱਚ ਲੀਨ ਹੋ ਚੁੱਕੀ ਸੀ। ਆਪ ੧੭੧੮ ਈਸਵੀ ਵਿੱਚ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ। ਹਰ ਸਾਲ ੨੦ ਸਤੰਬਰ ਨੂੰ ਭਾਈ ਜੀ ਦੀ ਯਾਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਸ਼ੇਸ਼ ਤੌਰ ਤੇ ਸਮਾਗਮ ਕੀਤੇ ਜਾਂਦੇ ਹਨ।  ਕੁਦਰਤ ਵੱਲੋਂ ਜਿਵੇਂ ਨਦੀ ਦੇ ਕੰਡੇ ਪਾਣੀ ਨੂੰ ਵੱਗਣ ਵਿੱਚ ਸਹਿਯੋਗ ਦਿੰਦੇ ਹਨ, ਇਵੇਂ ਹੀ ਸੇਵਾ ਦੇ ਪੁੰਜ, ਸਮਦਰਸ਼ੀ, ਅਮਨਦੂਤ ਅਤੇ ਸੂਰਜੀ ਲਾਟ ਵਾਲੇ ਪਰਉਪਕਾਰੀ ਮਹਾਂਪੁਰਸ਼ ਦੁਨੀਆ ਦੀ ਮਦਦ ਕਰਨ ਲਈ ਕਿਨਾਰਾ ਬਣ ਜਾਂਦੇ ਹਨ,ਤਾਂ ਜੋ ਅਸੀਂ ਵਿਸ਼ਾਲਤਾ ਨਾਲ ਅੱਗੇ ਵੱਧਦੇ ਰਹੀਏ।
-ਡਾ. ਬਲਜੀਤ ਕੌਰ (ਸਟੇਟ ਐਵਾਰਡੀ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਝੰਜੇੜੀ, (ਐੱਸ.ਏ.ਐੱਸ ਨਗਰ)

No comments:

Post Top Ad

Your Ad Spot