ਪੁਰਾਣੇ ਸਮਿਆਂ 'ਚ "ਬਾਬਾ ਬਕਾਲਾ ਸਾਹਿਬ" ਅਤੇ ਰੱਖੜ ਪੁੰਨਿਆ ਦਾ ਸਬੰਧ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 20 August 2015

ਪੁਰਾਣੇ ਸਮਿਆਂ 'ਚ "ਬਾਬਾ ਬਕਾਲਾ ਸਾਹਿਬ" ਅਤੇ ਰੱਖੜ ਪੁੰਨਿਆ ਦਾ ਸਬੰਧ

ਮਾਝੇ ਦੀ ਧਰਤੀ ਉੱਤੇ ਦਰਿਆ ਬਿਆਸ ਦੇ ਪੱਤਣ ਕੋਲ ਰਮਨੀਕ ਘਣੇ ਜੰਗਲਾਂ ਵਿਚ ਇਕ ਬਹੁਤ ਸੋਹਣੀ ਕਾਫੀ ਵੱਡੀ ਪਾਣੀ ਦੀ ਢਾਬ ਹੁੰਦੀ ਸੀ। ਇਸ ਢਾਬ ਦੇ ਕਿਨਾਰੇ ਥੋੜੇ ਜਿਹੇ ਕੱਚੇ ਘਰਾਂ ਦਾ ਇਕ ਵਾੜਾ ਹੁੰਦਾ ਸੀ। ਜਿਸ ਨੂੰ ਕੋਲੋਂ ਦੀ ਲੰਘ ਦੇ ਰਾਹੀ ਬਗਵਾਲਾ ਕਹਿੰਦੇ ਸਨ। ਇਸ ਖੱਤਰੀਆਂ ਦੇ ਵਾੜੇ ਵਿਚ ਕੁੱਝ 2-4 ਘਰ ਭੁੱਲਰ ਗੋਤ ਦੇ ਜੋ ਮਾਲਵੇ ਦੀ ਧਰਤੀ ਦੇ ਵਸਨੀਕ ਸਨ ਇੱਥੇ ਆ ਕੇ ਵੱਸ ਗਏ। ਜਿਨ੍ਹਾਂ ਦੇ ਮੁੱਖੀ ਪੰਜਾਬਾ ਤੇ ਗੁਲਾਬਾ ਦੋ ਭਰਾ ਹੁੰਦੇ ਸਨ। ਇਸ ਢਾਬ ਦੇ ਆਸੇ-ਪਾਸੇ ਕਿੱਕਰਾਂ, ਬੋਹੜ, ਢੇਊ, ਸਿੰਬਲ ਅਤੇ ਸੰਘਣੀਆਂ ਬੇਰੀਆਂ ਦਾ ਇਕ ਜੰਗਲ ਹੁੰਦਾ ਸੀ। ਜਿਨ੍ਹਾਂ ਉਪਰ ਸੈਕੜੇ ਰੰਗ-ਬਿਰੰਗੇ ਪੰਛੀ ਅਤੇ ਬੱਗੇ ਰੰਗ ਦੇ ਬੰਗਲੇ ਰਹਿੰਦੇ ਸਨ। ਇਥੇ ਭਾਰੀ ਗਿਣਤੀ ਵਿਚ ਰਹਿੰਦੇ ਬੰਗਲਿਆਂ ਕਰਕੇ ਇਸ ਪਿੰਡ ਦਾ ਨਾਮ ਬਗਵਾਲਾ ਪਿਆ ਸੀ।
ਪਹਿਲੇ ਸਮਿਆਂ ਵਿਚ ਕਾਬੁਲ, ਕੰਧਾਰ, ਲਾਹੋਰ ਵਲੋਂ ਆਉਣ ਵਾਲੇ ਮੁਸਾਫਿਰਾਂ ਨੂੰ ਦਿਲੀ ਵੱਲ ਜਾਣ ਲਈ ਬਿਆਸ ਦਰਿਆ ਦੇ ਪੱਤਣ ਪਾਰ ਕਰਨਾ ਪੈਂਦਾ ਸੀ। ਉਸ ਸਮੇਂ ਪੁਰਾਣਾ ਕੱਚਾ ਰਸਤਾ ਰਈਏ ਤੋਂ ਸੱਪ ਵਾਂਗ ਵੱਲ ਖਾਂਦਾ ਢਿਲੋਂ ਗੋਤ ਦੇ ਛੋਟੇ ਜਿਹੇ ਪਿੰਡ ਦੋਲੋ ਨੰਗਲ ਤੋਂ ਬਿਆਸ ਪਿੰਡ ਦੀ ਰੋਹੀ ਪਾਰ ਕਰਕੇ ਬੁੱਢੇ ਥੇਹ ਦੇ ਕੋਲੋ ਲੰਘਦਾ ਹੋਇਆ ਬਿਆਸ ਦਰਿਆ ਦੇ ਪੱਤਣ ਨੂੰ ਜਾਂਦਾ ਸੀ। ਕਿਸੇ ਸਮੇਂ ਇਹ ਰਸਤਾ ਸ਼ੇਰਸ਼ਾਹ ਸੂਰੀ ਮਾਰਗ ਵੀ ਅਖਵਾਇਆ ਕਰਦਾ ਸੀ। ਪਰ ਬਿਆਸ ਤੋਂ ਰਈਏ ਨੂੰ ਸਿੱਧਾ ਬਾਈਪਾਸ ਨਿਕਲਣ ਨਾਲ ਇਸ ਦੀ ਮਹਾਨਤਾ ਘੱਟ ਗਈ। ਬਿਆਸ ਦਰਿਆ ਤੋਂ ਪਹਿਲਾਂ ਰਸਤੇ ਵਿਚ ਆਉਦੀ ਰੋਹੀ ਦਰਿਆ ਦੀ ਤਰਾਂ ਵੱਗਦੀ ਹੁੰਦੀ ਸੀ ਅਤੇ ਅੱਗੇ ਜਾ ਕੇ ਬਿਆਸ ਦਰਿਆ ਵਿਚ ਪੈ ਜਾਂਦੀ ਹੁੰਦੀ ਸੀ। ਇਸ ਗੱਲ੍ਹ ਦੀ ਗਵਾਹੀ ਅੱਜ ਵੀ ਰੋਹੀ ਉਪਰ ਬਣਿਆ ਰੇਲਵੇ ਦਾ ਪੁੱਲ ਦਿੰਦਾ ਹੈ।
ਪਹਿਲੇ ਸਮਿਆਂ ਵਿਚ ਰਸਤਿਆਂ ਨੂੰ ਲੋਕ ਡੰਡੀ, ਫਿਰਨੀ ਜਾਂ ਪਹੀਆ ਵੀ ਕਹਿੰਦੇ ਸਨ। ਉਹਨਾਂ ਸਮਿਆਂ ਵਿਚ ਲੋਕ ਪੈਦਲ, ਘੋੜਿਆਂ ਅਤੇ ਬੈਲਗੱਡੀਆਂ ਤੇ ਸਫ਼ਰ ਕਰਿਆ ਕਰਦੇ ਸਨ। ਦੂਰ ਦੁਰਾਢਿਉਂ ਆਉਣ ਵਾਲੇ ਲੋਕ ਇਸ ਢਾਬ ਉਪਰ ਰੁੱਖਾਂ ਦੀ ਹਰੀ ਭਰੀ ਸੰਘਣੀ ਛਾਂ ਹੇਠ
ਆਪਣਾ ਰਾਤ ਦਾ ਪੜਾਅ ਕਰਦੇ। ਢਾਬ ਦੇ ਕਿਨਾਰੇ ਰੁੱਖਾਂ ਥੱਲੇ ਕੁੱਝ ਸਾਧੂ ਸੰਤਾਂ ਅਤੇ ਫਕੀਰਾਂ ਦਾ ਡੇਰਾ ਲਾ ਕੇ ਅਕਸਰ ਬੈਠਿਆ ਕਰਦੇ ਸਨ। ਕਿਉਂਕੇ ਇਹਨਾਂ ਦਾ ਕੋਈ ਪੱਕਾ ਡੇਰਾ ਨਹੀਂ ਸੀ ਹੁੰਦਾ। ਇਹਨਾਂ ਖਾਲੀ ਹੋਈਆਂ ਸਾਧੂਆਂ ਦੀਆਂ ਕੁਲੀਆਂ ਵਿਚ ਆਜੜੀਆਂ ਦੇ ਪ੍ਰੀਵਾਰ ਨੇ ਰਹਿਣਾ ਸ਼ੁਰੂ ਕਰ ਦਿੱਤਾ। ਜਿਸ ਦਾ ਨਾਮ ਕਾਲਾ ਮਹਿਰ ਸੀ। ਕਾਲੇ ਮਹਿਰ ਆਜੜੀਆਂ ਕੋਲ ਚੰਗੀ ਨਸਲ ਦੀਆਂ ਬੱਕਰੀਆਂ ਹੁੰਦੀਆਂ ਸਨ। ਸਮੇਂ ਦੇ ਨਾਲ ਹੋਲੀ-ਹੋਲੀ ਬਾਬੇ ਕਾਲੇ ਦੇ ਨਾਮ ਕਰਕੇ ਇਸ ਪਿੰਡ ਦਾ ਨਾਮ ਬਕਾਲਾ ਜਾਂ ਬਕਆਲਾ ਪੈਣਾ ਸ਼ੁਰੂ ਹੋ ਗਿਆ। ਉਸ ਸਮੇਂ ਲੋਕ ਜਿਆਦਾਤਰ ਮੁਸਲਮਾਨ ਬਣ ਰਹੇ ਸਨ ਜਿਸ ਕਰਕੇ ਬਾਬੇ ਕਾਲੇ ਨੇ ਵੀ ਇਸਲਾਮ ਧਰਮ ਧਾਰਨ ਕਰ ਲਿਆ।
ਸਮਾਂ ਆਪਣੀ ਚਾਲੇ ਤੁਰਿਆ ਗਿਆ ਹਿੰਦੂਸਤਾਨ ਦੇ ਹਲਾਤ ਵੀ ਬਦਲ ਗਏ। ਨਵੇਂ ਰਾਜੇ ਨਵੀਆਂ ਹਕੂਮਤਾਂ ਬਦਲ ਗਈਆਂ। ਬਕਾਲਾ ਸਾਧੂ ਸੰਤਾਂ ਦਾ ਸ਼ੁਰੂ ਤੋਂ ਹੀ ਇਤਿਹਾਸਕ ਪਿੰਡ ਰਿਹਾ ਹੈ। ਖੱਤਰੀਆਂ ਦੇ ਇਸ ਪਿੰਡ ਵਿਚ ਗੁਰੁ ਹਰਗੋਬਿੰਦ ਜੀ ਦੇ ਸਮੇਂ ਮੂਲਾ ਖੱਤਰੀ ਰਿਹਾ ਕਰਦਾ ਸੀ ਜਿਹੜਾ ਗੁਰੁ ਸਾਹਿਬ ਦਾ ਨੇੜੇ ਦਾ ਰਿਸ਼ਤੇਦਾਰ ਸੀ।ਇਸੇ ਮੂਲੇ ਖੱਤਰੀ ਦੇ ਘਰ ਗੁਰੁ ਤੇਗ ਬਹਾਦਰ ਜੀ ਨੇ 26 ਸਾਲ ਤੋਂ ਵੱਧ ਸਮਾਂ ਗੁਜ਼ਾਰਿਆ। ਉਹਨਾਂ ਦਿਨਾਂ ਵਿਚ ਲੋਕ ਭੋਰਿਆਂ ਵਿਚ ਜੀਵਨ ਬਤੀਤ ਕਰਿਆ ਕਰਦੇ ਸਨ। ਭੋਰੇ 5-6 ਫੁੱਟ ਜਮੀਨ ਤੋਂ ਡੂੰਘੇ ਬਣਾਏ ਜਾਂਦੇ ਸਨ। ਜਿਸ ਕਰਕੇ ਇਹ ਸਰਦੀਆਂ ਵਿਚ ਗਰਮ ਅਤੇ ਗਰਮੀਆਂ ਵਿਚ ਠੰਡੇ ਹੁੰਦੇ ਸਨ। ਜਦੋਂ ਮੱਖਣ ਸ਼ਾਹ ਨੇ ਗੁਰੁ ਸਾਹਿਬ ਨੂੰ ਬਕਾਲੇ ਪਿੰਡ ਵਿਚੋਂ ਲੱਭਿਆ ਤਾਂ ਇਸ ਤੋਂ ਬਾਅਦ ਇਸ ਪਿੰਡ ਦਾ ਨਾਮ ਬਾਬਾ ਬਕਾਲਾ ਪੈ ਗਿਆ।
ਬਾਬਾ ਬਕਾਲੇ ਪਿੰਡ ਵਿਚ ਬਹੁਤ ਪੁਰਾਣਾ ਮੇਲਾ ਲੱਗਦਾ ਹੈ ਜਿਸ ਨੂੰ ਲੋਕ ਰੱਖੜੀ ਦਾ ਮੇਲਾ ਜਾਂ ਰੱਖੜ ਪੁੰਨਿਆ ਦਾ ਮੇਲਾ ਕਹਿੰਦੇ ਹਨ। ਇਸ ਰੱਖੜੀ ਦੇ ਮੇਲੇ ਦਾ ਇਸ ਪਿੰਡ ਨਾਲ ਕੀ ਸਬੰਧ ਹੈ ਕਿਸੇ ਨੂੰ ਕੁੱਝ ਨਹੀਂ ਪਤਾ। ਬਾਬੇ ਬਕਾਲੇ ਜਿਸ ਜਗ੍ਹਾ ਉਪਰ ਸ੍ਰੀ ਭੋਰਾ ਸਾਹਿਬ ਹੈ ਇਸ ਜਗ੍ਹਾ ਤੇ ਕਦੀ ਮੂਲਾ ਖੱਤਰੀ ਦਾ ਪ੍ਰੀਵਾਰ ਰਿਹਾ ਕਰਦਾ ਸੀ। ਖੱਤਰੀਆਂ ਦੇ ਘਰਾਂ ਕੋਲ ਇਕ ਪਾਣੀ ਲਈ ਖੂਹੀ ਹੁੰਦੀ ਸੀ ਜਿਸ ਵਿਚੋਂ ਸਾਰੇ ਪਿੰਡ ਵਾਲੇ ਪਾਣੀ ਭਰਿਆ ਕਰਦੇ ਸਨ। ਮੇਰਾ ਪਹਿਲਾ ਘਰ ਸ੍ਰੀ ਭੋਰਾ ਸਾਹਿਬ ਤੋਂ ਤਕਰੀਬਨ 30-40 ਮੀਟਰ ਦੀ ਦੂਰੀ ਤੇ ਸੀ। 1931 ਦੇ ਆਸ-ਪਾਸ ਕੱਚਾ ਭੋਰਾ ਢਾਹ ਕੇ ਪੱਕਾ ਭੋਰਾ ਬਣਨਾ ਸ਼ੁਰੂ ਹੋਇਆ ਸੀ। ਜਿਸ ਜਗ੍ਹਾ ਅੱਜਕੱਲ੍ਹ ਤਲਾਬ ਹੈ ਇਹ ਜਗ੍ਹਾ ਨੂੰ ਢਾਬ ਕਿਹਾ ਜਾਂਦਾ ਸੀ। ਇਸ ਤਲਾਬ ਦੀ ਸੇਵਾ ਤਰਨਾਂ ਦਲ ਦੇ ਉਸ ਸਮੇਂ ਦੇ ਮੁੱਖੀ ਜੱਥੇਦਾਰ ਬਾਬਾ ਗੁਰਮੁੱਖ ਸਿੰਘ ਅਤੇ ਬਾਬਾ ਹਰੀ ਸਿੰਘ ਨੇ ਕਰਾਈ ਸੀ ਅਤੇ ਭੋਰਾ ਸਾਹਿਬ ਉਪਰ ਸੋਨੇ ਦੀ ਸੇਵਾ ਤਰਨਾਂ ਦਲ ਦੇ ਮੁੱਖੀ ਬਾਬਾ ਬਿਸ਼ਨ ਸਿੰਘ ਜੀ ਨੇ ਕਰਾਈ ਸੀ।
ਬਾਬਾ ਬਕਾਲਾ ਪਹਿਲਾਂ ਪਹਿਲ ਖੱਤਰੀਆ ਦਾ ਪਿੰਡ ਹੁੰਦਾ ਸੀ ਤੇ ਇੱਥੋਂ ਦੇ ਵਸਨੀਕ ਸ਼ਿਵ ਦੇ ਭਗਤ ਹੁੰਦੇ ਸਨ। ਸ਼ਿਵ ਦੇ ਭਗਤ ਅਕਸਰ ਹੀ ਜੰਮੂ ਕਸ਼ਮੀਰ ਦੀਆਂ ਪਹਾੜੀਆਂ ਤੇ ਵੈਸ਼ਨੋ ਦੇਵੀ ਅਤੇ ਹੋਰ ਗੁਫਾਵਾਂ ਦੇ ਦਰਸ਼ਨਾਂ ਲਈ ਜਾਇਆ ਕਰਦੇ ਸਨ। ਸ਼ਿਵ ਯੋਗੀਆਂ ਸਿਧਾਂ ਦਾ ਗੁਰੂ ਸੀ ਅਤੇ ਸ਼ਿਵ ਤੋਂ ਹੀ ਯੋਗ ਮੱਤ ਚਲਿਆ ਹੈ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਇਹਨਾਂ ਯੋਗੀਆਂ ਦਾ ਪੰਜਾਬ ਤੇ ਬੋਲ ਬਾਲਾ ਹੁੰਦਾ ਸੀ । ਯੋਗੀ ਠੰਡ ਤੋਂ ਬੱਚਣ ਲਈ  ਮੈਦਾਨੀ ਥਾਵਾਂ ਤੇ ਢਾਬ, ਤਲਾਬਾਂ ਦੇ ਕੰਢਿਆ ਤੇ ਆ ਵੱਸਦੇ ਸਨ। ਪੁਰਾਣੇ ਸਮਿਆਂ ਵਿਚ ਸ਼ਿਵ ਭਗਤਾਂ, ਯੋਗੀਆਂ ਦਾ ਪਿੰਡ ਅੱਚਲ ਬਟਾਲੇ ਇਕ ਬਹੁਤ ਵੱਡਾ ਡੇਰਾ ਬਣ ਗਿਆ ਸੀ। ਇਥੇ ਯੋਗੀ ਸ਼ਿਵਰਾਤਰੀ ਵਾਲੀ ਰਾਤ ਬਹੁਤ ਵੱਡਾ ਮੇਲਾ ਲਾਉਂਦੇ ਸਨ। ਅੱਚਲ ਪਿੰਡ ਵਿਚ ਹੀ ਗੁਰੁ ਨਾਨਕ ਦੇਵ ਜੀ ਨੇ ਸਿਧਾਂ ਨਾਲ ਗੋਸ਼ਟੀ ਵੀ ਕੀਤੀ ਸੀ। ਅੱਚਲ ਪਿੰਡ ਵਿਚ ਬਹੁਤ ਵੱਡਾ ਗੁਰੂ ਘਰ ਅਤੇ ਸ਼ਿਵ ਮੰਦਰ ਬਿਲਕੁਲ ਆਹਮੋ ਸਾਹਮਣੇ ਹੈ। ਯੋਗੀ ਹੋਲੀ ਹੋਲੀ ਇਸ ਪਿੰਡ ਵਿਚ ਪੱਕੇ ਤੌਰ ਤੇ ਰਹਿਣ ਲੱਗ ਗਏ। ਉਹ ਆਪਣੇ ਡੇਰੇ ਤੇ ਲੋਕਾਂ ਨੂੰ ਕਈ ਅਨੌਖੀਆਂ ਕਰਾਮਾਤਾਂ ਤੇ ਕੌਤਕ ਦਿਖਾਉਣ ਲੱਗ ਪਏ।ਜਿਨ੍ਹਾਂ ਨੂੰ ਦੇਖ ਕੇ ਲੋਕ ਬਹੁਤ ਹੈਰਾਨ ਹੁੰਦੇ ਸਨ। ਇਹ ਤਮਾਸ਼ੇ ਹੋਲੀ-ਹੋਲੀ ਮੇਲੇ ਦਾ ਰੂਪ ਧਾਰਨ ਕਰਦੇ ਗਏ। ਜੰਮੂ ਕਸ਼ਮੀਿਰ ਦੇ ਅਮਰਨਾਥ ਮੰਦਰ ਵਿਚ ਸਾਵਣ ਦੇ ਮਹੀਨੇ ਦੀ 14-15 ਤਰੀਕ ਨੂੰ ਸ਼ਿਵ ਨੂੰ ਖੁੱਸ਼ ਕਰਨ ਲਈ ਰੱਖੜੀ ਅਤੇ ਰੱਖਿਆ ਦਾ ਮੇਲਾ ਲਾਉਂਦੇ ਸਨ। ਸ਼ਾਇਦ ਇਹ ਰੱਖੜੀ ਦਾ ਮੇਲਾ ਅੱਜਕੱਲ ਵੀ ਉਥੇ ਲੱਗਦਾ ਹੋਵੇਗਾ। ਜਦੋਂ ਪਹਾੜਾਂ ਤੇ ਬਰਫ਼ ਪੈਂਦੀ ਤਾਂ ਯੋਗੀ ਜਿਥੇ ਵੀ ਡੇਰਾ ਕਰਦੇ ਉਥੇ ਹੀ ਰੱਖੜੀ ਦਾ ਮੇਲਾ ਲਾ ਲੈਂਦੇ ਸਨ। ਪਹਿਲਾਂ ਪਹਿਲ ਇਹ ਮੇਲਾ ਅੱਚਲ ਨੇੜੇ ਬਟਾਲਾ ਦੇ ਲੱਗਣਾ ਸ਼ੁਰੂ ਹੋਇਆ ਸੀ। ਪੁਰਾਣੇ ਸਮਿਆਂ ਜਦੋਂ ਸਾਉਣ, ਭਾਦੋਂ ਦੇ ਮਹੀਨਿਆਂ ਵਿਚ ਭਾਰੀ ਮੀਂਹ ਜਾਂ ਬੱਦਲ ਫੱਟ ਜਾਂਦੇ ਸਨ ਤਾਂ ਯੋਗੀਆਂ ਦੇ ਮੰਦਰ ਢੱਠ ਜਾਂਦੇ ਸਨ ਅਤੇ ਘਰ ਵੀ ਢਹਿ ਜਾਂਦੇ ਸਨ। ਇਹੋ ਜਿਹੀਆਂ ਆਫ਼ਤਾਂ ਵਿਚ ਯੋਗੀ ਸ਼ਿਵ ਪਾਸੋਂ ਵਰ ਮੰਗਦੇ ਸਨ ਅਤੇ ਸ਼ਿਵ ਦੀ  ਮੂਰਤੀ ਤੇ ਕੱਚੀ ਮੌਲੀ ਦਾ ਧਾਗਾ ਅਪਣੀ ਰੱਖਿਆ ਲਈ ਬੰਨ ਦਿੰਦੇ ਸਨ। ਹੋਲੀ-ਹੋਲੀ ਇਹ ਰਿਵਾਜ਼ ਸਾਡੇ ਘਰਾਂ ਵਿਚ ਆ ਗਿਆ। ਭੈਣ-ਭਰਾ ਨੂੰ ਅਤੇ ਪਤਨੀ-ਪਤੀ ਨੂੰ ਆਪਣੀ ਰੱਖਿਆ ਲਈ ਮੌਲੀ ਦਾ ਧਾਗਾ (ਜਿਸ ਨੂੰ ਅੱਜਕੱਲ ਰੱਖੜੀ ਕਹਿੰਦੇ) ਬੰਨਿਆ ਕਰਦੀਆਂ ਸਨ। ਪੁੰਨਿਆ ਦਾ ਸਬੰਧ ਬਹੁਤ ਸਾਰੇ ਲੋਕ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਜੋੜ ਦਿੰਦੇ ਸਨ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਪੁੰਨਿਆ ਵਾਲੇ ਦਿਨ ਹੋਇਆ ਸੀ। ਇਹ ਮੇਲਾ ਵੀ ਪੁੰਨਿਆ ਤੇ ਹੀ ਹੁੰਦਾ ਹੈ ਜਿਸ ਕਰਕੇ ਇਸਨੂੰ ਰੱਖੜ ਪੁੰਨਿਆ ਦਾ ਮੇਲਾ ਵੀ ਕਿਹਾ ਜਾਣ ਲੱਗ ਪਿਆ।
ਰੱਖੜ ਪੁੰਨਿਆਂ ਦਾ ਸਬੰਧ ਬਾਬਾ ਬਕਾਲੇ ਨਾਲ ਇਸ ਕਰਕੇ ਹੈ ਕਿ ਉਸ ਸਮੇਂ ਦੇ ਮੁਸਲਮਾਨ ਰਾਜਾ ਔਰੰਗਜੇਬ ਨੇ ਪਿੰਡ ਬਕਾਲੇ ਦੇ ਮੂਲੇ ਖੱਤਰੀ ਦੇ ਪ੍ਰੀਵਾਰ ਦੇ ਕਾਫੀ ਲੋਕ ਸ਼ਹੀਦ ਕਰ ਦਿੱਤੇ ਸਨ। ਔਰੰਗਜੇਬ ਹਿੰਦੂਆਂ, ਯੋਗੀਆਂ ਅਤੇ ਪੰਡਿਤਾਂ ਨੂੰ ਜ਼ਬਰੀ ਮੁਸਲਮਾਨ ਬਣਾਈ ਜਾ ਰਿਹਾ ਸੀ ਤਾਂ ਉਸ ਸਮੇਂ ਕੁੱਝ ਹਿੰਦੂ ਲੋਕਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦਾ ਧਰਮ ਬਚਾਉਣ ਲਈ ਬੇਨਤੀ ਕੀਤੀ। ਗੁਰੁ ਜੀ ਨੇ ਆਪਣਾ ਸੀਸ ਦੇ ਕੇ ਹਿੰਦੂਆਂ ਦੇ ਜੰਝੂ ਦੀ ਰੱਖਿਆ ਕੀਤੀ ਸੀ। ਜਿਸ ਕਰਕੇ ਹਿੰਦੂ ਗੁਰੁ ਤੇਗ ਬਹਾਦਰ ਜੀ ਨੂੰ "ਹਿੰਦ ਦੀ ਚਾਦਰ" ਕਹਿ ਕੇ ਅੱਜ ਵੀ ਯਾਦ ਕਰਦੇ ਨੇ। ਹਿੰਦੂ ਲੋਕਾਂ ਨੇ ਮੰਨਿਆ ਕੇ ਗੁਰੁ ਜੀ ਨੇ ਆਪਣਾ ਸੀਸ ਦੇ ਕੇ ਸਾਡੀ ਰੱਖਿਆ ਕੀਤੀ ਸੀ। ਗੁਰੁ ਤੇਗ ਬਹਾਦਰ ਜੀ ਦਾ ਪਿੰਡ ਬਕਾਲੇ ਨਾਲ 26  ਸਾਲ ਤੋਂ ਵੀ ਵੱਧ ਸਮੇਂ ਨਾਲ ਜੁੜੇ ਹੋਣ ਕਰਕੇ ਵੀ ਰੱਖੜੀ ਦਾ ਮੇਲਾ ਬਾਬਾ ਬਕਾਲਾ ਸਾਹਿਬ ਨਾਲ ਗੂੜਾ ਸਬੰਧ ਰੱਖਦਾ ਹੈ। ਅੱਚਲ ਬਟਾਲੇ ਦਾ ਮੇਲਾ ਤੇ ਬਾਬਾ ਬਕਾਲਾ ਸਹਿਬ ਦਾ ਮੇਲਾ ਪਹਿਲਾਂ ਇਕੋ ਤਰੀਕ ਨੂੰ ਮਨਾਏ ਜਾਂਦੇ ਸਨ ਪਰ ਅਜੋਕੇ ਦੇਸੀ ਤੇ ਅੰਗਰੇਜ਼ੀ ਕੈਲੰਡਰ ਦੇ ਵੱਖਰੇਂਵੇ ਕਰਕੇ ਇਹਨਾਂ ਦੋਨਾਂ ਮੇਲਿਆ ਵਿਚ 15 ਕੁ ਦਿਨਾਂ ਦਾ ਫ਼ਰਕ ਪੈ ਗਿਆ ਹੈ।
-ਸੰਤੋਖ ਸਿੰਘ ਭੁੱਲਰ, ਬਾਬਾ ਬਕਾਲਾ ਸਾਹਿਬ

Post Top Ad

Your Ad Spot